ਪਟਿਆਲਾ (ਰਾਜਿੰਦਰ ਸਿੰਘ)-ਪੰਜਾਬ ਪੁਲਸ ਦੇ ਸਾਬਕਾ ਆਈ ਪੀ ਐੱਸ ਅਧਿਕਾਰੀ ਅਮਰ ਸਿੰਘ ਚਾਹਲ ਨੇ ਸੋਮਵਾਰ ਕਥਿਤ ਤੌਰ ’ਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਛਾਤੀ ’ਤੇ ਗੰਭੀਰ ਜ਼ਖਮ ਕਾਰਨ ਉਨ੍ਹਾ ਨੂੰ ਤੁਰੰਤ ਪਾਰਕ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ ਇਕ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਕਥਿਤ ਤੌਰ ’ਤੇ ਇੱਕ ਆਨਲਾਈਨ ਫਰਾਡ (ਧੋਖਾਧੜੀ) ਕਾਰਨ ਹੋਏ ਆਰਥਕ ਨੁਕਸਾਨ ਅਤੇ ਮਾਨਸਕ ਪਰੇਸ਼ਾਨੀ ਦਾ ਜ਼ਿਕਰ ਕੀਤਾ ਗਿਆ ਹੈ। ਪਟਿਆਲਾ ਦੇ ਐੱਸ ਐੱਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਗੋਲੀ ਚੱਲਣ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਤੁਰੰਤ ਚਾਹਲ ਦੇ ਘਰ ਪਹੁੰਚੀਆਂ ਅਤੇ ਉਨ੍ਹਾ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ। ਚਾਹਲ 2015 ਦੇ ਬਹੁ-ਚਰਚਿਤ ਫਰੀਦਕੋਟ ਗੋਲੀ ਕਾਂਡ ਦੇ ਮੁਲਜ਼ਮਾਂ ਵਿੱਚੋਂ ਇੱਕ ਹਨ। ਫਰਵਰੀ 2023 ਵਿੱਚ ਏ ਡੀ ਜੀ ਪੀ ਐੱਲ ਕੇ ਯਾਦਵ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਨੇ ਚਾਰਜਸ਼ੀਟ ਦਾਖਲ ਕੀਤੀ ਸੀ, ਜਿਸ ਵਿੱਚ ਚਾਹਲ ਦਾ ਨਾਂਅ ਸ਼ਾਮਲ ਸੀ।





