ਅਦਾਰੇ ਨੂੰ ਖਤਮ ਕਰਨ ਦੀਆਂ ਨੀਤੀਆਂ ਖਿਲਾਫ਼ ਸਾਂਝੀ ਲਾਮਬੰਦੀ ਕਰੋ : ਗੰਡੀਵਿੰਡ/ ਲਹੌਰੀਆ

0
38

ਲੁਧਿਆਣਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਰਜਿ : 41 ਦੀ ਸੂਬਾ ਵਰਕਿੰਗ ਕਮੇਟੀ ਦੇ ਅਹੁਦੇਦਾਰਾਂ ਦੀ ਭਰਵੀਂ ਮੀਟਿੰਗ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਸੂਬਾ ਜਨਰਲ ਸਕੱਤਰ ਸਰਿੰਦਰਪਾਲ ਲਹੌਰੀਆ ਵੱਲੋਂ ਰੱਖੇ ਸੋਕ ਮਤੇ ਰਾਹੀਂ ਪਿਛਲੇ ਸਮੇਂ ਵਿੱਚ ਜਥੇਬੰਦੀ ਦੇ ਵਿਛੋੜਾ ਦੇ ਗਏ ਆਗੂਆਂ/ ਵਰਕਰਾਂ ਅਤੇ ਮਹੱਤਵਪੂਰਨ ਸ਼ਖਸੀਅਤਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੀਟਿੰਗ ਵਿੱਚ ਸੂਬਾ ਭਰ ਤੋਂ ਵੱਡੀ ਗਿਣਤੀ ਵਿੱਚ ਸਰਕਲਾਂ ਅਤੇ ਜ਼ੋਨ ਕਮੇਟੀਆਂ ਨੂੰ ਲੀਡ ਕਰਨ ਵਾਲੀ ਲੀਡਰਸ਼ਿਪ ਨੇ ਹਿੱਸਾ ਲਿਆ। ਮੀਟਿੰਗ ਵਿੱਚ ਜਨਰਲ ਸਕੱਤਰ ਵੱਲੋਂ ਪੇਸ਼ ਕੀਤੇ ਏਜੰਡਿਆਂ ’ਤੇ ਭਖਵੀਂ ਬਹਿਸ ਕਰਦੇ ਹੋਏ ਵੱਖ-ਵੱਖ ਆਗੂਆਂ ਨੇ 10 ਦਸੰਬਰ ਨੂੰ ਜਥੇਬੰਦੀ ਦੇ ਸਾਬਕਾ ਸੂਬਾ ਪ੍ਰਧਾਨ ਭਗਵਾਨ ਸਿੰਘ ਅਣਖੀ ਦੀ 34ਵੀਂ ਬਰਸੀ ਦੇ ਸਮਾਗਮ ਨੂੰ ਕਾਮਯਾਬ ਕਰਨ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼ ਪਾਵਰਕਾਮ ਦੇ ਮੁੱਖ ਦਫਤਰ ਤੱਕ ਕੀਤੇ ਰੋਸ ਮਾਰਚ ਵਿੱਚ ਹਿੱਸਾ ਲੈਣ ਲਈ ਵਹੀਰਾਂ ਘੱਤ ਕੇ ਪਹੁੰਚਣ ਵਾਲੇ ਅਤੇ ਅਣਖੀ ਭਵਨ ਦੀ ਮੁਰੰਮਤ ਲਈ ਸਹਾਇਤਾ ਦੇਣ ਵਾਲੇ ਫੈਡਰੇਸ਼ਨ ਏਟਕ ਅਤੇ ਪੈਨਸ਼ਨਰ ਯੂਨੀਅਨ ਏਟਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਕੀਤਾ। ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰ ਮੈਨੇਜਮੈਂਟ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਨਿਪਟਾਰੇ ਸੰਬੰਧੀ 10 ਅਤੇ 14 ਅਗਸਤ ਨੂੰ ਜਥੇਬੰਦੀਆਂ ਨਾਲ ਹੋਏ ਸਮਝੌਤਿਆਂ ਨੂੰ ਲਾਗੂ ਨਾ ਕੀਤੇ ਜਾਣ ਦੀ ਜ਼ੋਰਦਾਰ ਨਿੰਦਾ ਕਰਦੇ ਹੋਏ ਕੀਤੇ ਸਮਝੌਤੇ ਇੰਨ-ਬਿੰਨ ਲਾਗੂ ਕਰਨ ਦੀ ਜ਼ੋਰਦਾਰ ਮੰਗ ਕੀਤੀ।
ਆਗੂਆਂ ਨੇ ਪੰਜਾਬ ਸਰਕਾਰ ਵੱਲੋਂ ਬਿਜਲੀ ਨਿਗਮ ਦੀਆਂ ਬੇਸ਼ਕੀਮਤੀ ਜਾਇਦਾਦਾਂ ਵੇਚਣ ਸਮੇਤ ਅਦਾਰੇ ਨੂੰ ਖਤਮ ਕਰਨ ਵਾਲੀਆਂ ਮਾਰੂ ਨੀਤੀਆਂ ਲਾਗੂ ਕਰਨ ਲਈ ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ ਮਨਸੂਬਿਆਂ ਖਿਲਾਫ਼ ਹੁਣ ਤੱਕ ਲੜੇ ਗਏ ਸਾਂਝੇ ਸੰਘਰਸ਼ਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਅਗਲੇ ਸੰਘਰਸ਼ਾਂ ਦੀ ਕੜੀ ਵਜੋਂ 1 ਜਨਵਰੀ ਤੋਂ 9 ਜਨਵਰੀ ਤੱਕ ਪਾਵਰਕਾਮ ਦੇ ਮੁੱਖ ਦਫਤਰ ਪਟਿਆਲਾ ਸਾਹਮਣੇ 11 ਆਗੂਆਂ ਵੱਲੋਂ 24 ਘੰਟੇ ਲਈ ਲੜੀਵਾਰ ਭੁੱਖ ਹੜਤਾਲ ਰੱਖ ਕੇ ਰੋਜ਼ਾਨਾ ਕੀਤੇ ਜਾਣ ਵਾਲੇ ਰੋਸ ਪ੍ਰਦਰਸ਼ਨਾਂ ਸਮੇਤ 21 ਜਨਵਰੀ ਨੂੰ ਮੁੱਖ ਦਫ਼ਤਰ ਅੱਗੇ ਦਿੱਤੇ ਜਾ ਰਹੇ ਸਾਂਝੇ ਰੋਸ ਧਰਨੇ ਅਤੇ ਝੰਡਾ ਮਾਰਚ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਅਹਿਦ ਲਿਆ। ਮੀਟਿੰਗ ਨੇ ਅਦਾਰੇ ਵਿੱਚ ਕੰਮ ਕਰ ਰਹੇ ਠੇਕਾ ਅਧਾਰਤ ਮੀਟਰ ਰੀਡਰਾਂ ਨੂੰ ਕੀਤੇ ਕੰਮ ਦੀ ਠੇਕੇਦਾਰਾਂ ਦੁਆਰਾ ਅਦਾਇਗੀ ਨਾ ਕਰਨ ਕਰਕੇ ਮੀਟਰ ਰੀਡਰਾਂ ਵੱਲੋਂ ਉਜਰਤਾਂ ਲੈਣ ਲਈ ਕੀਤੇ ਜਾ ਰਹੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ। ਜਥੇਬੰਦੀ ਨੇ ਪੱਕੇ ਕੰਮ ਲਈ ਪੱਕੀ ਭਰਤੀ ਕਰਨ ਦੇ ਫਾਰਮੂਲੇ ਤਹਿਤ ਠੇਕਾ ਕਾਮਿਆਂ ਨੂੰ ਅਦਾਰੇ ਦੇ ਰੋਲ ਤੇ ਲੈ ਕੇ ਠੇਕੇਦਾਰਾਂ ਨੂੰ ਬਾਹਰ ਕਰਨ ਦੀ ਜੋਰਦਾਰ ਮੰਗ ਕੀਤੀ। ਜਥੇਬੰਦੀ ਨੇ ਅਦਾਰੇ ਵਿੱਚ ਏ ਐੱਸ ਐੱਸ ਏ ਭਰਤੀ ਕਰਨ ਲਈ ਲਏ ਲਿਖਤੀ ਟੈਸਟ ਦੇ ਅਧਾਰ ਤੇ ਯੋਗ ਉਮੀਦਵਾਰਾਂ ਨੂੰ ਤੁਰੰਤ ਨਿਯੁਕਤੀ ਪੱਤਰ ਜਾਰੀ ਕਰਨ ਦੀ ਪਾਵਰ ਮੈਨੇਜਮੈਂਟ ਕੋਲੋਂ ਮੰਗ ਕੀਤੀ। ਮੀਟਿੰਗ ਵਿੱਚ ਸੂਬਾ ਆਗੂਆਂ ਗੁਰਵਿੰਦਰ ਸਿੰਘ ਹਜ਼ਾਰਾ, ਬਲਜੀਤ ਕੁਮਾਰ, ਰਛਪਾਲ ਸਿੰਘ ਪਾਲੀ, ਪ੍ਰਦਿਉਮਨ ਗੌਤਮ, ਬਲਵਿੰਦਰ ਸਿੰਘ ਉਦੀਪੁਰ, ਮਨਜੀਤ ਸਿੰਘ ਬਾਸਰਕੇ, ਦਰਸ਼ਨ ਲਾਲ, ਕਰਤਾਰ ਸਿੰਘ, ਗੁਰਧਿਆਨ ਸਿੰਘ, ਦਵਿੰਦਰ ਸਿੰਘ ਰੋਪੜ ਥਰਮਲ, ਬਲਜਿੰਦਰ ਕੌਰ ਤੋਂ ਇਲਾਵਾ ਜ਼ੋਨ ਆਗੂ ਚਰਨਜੀਤ ਸਿੰਘ ਸੋਹਲ , ਗੁਰਦਿਆਲ ਸਿੰਘ ਬੱਬੂ, ਸਤੀਸ਼ ਕੁਮਾਰ, ਸੁਖਦੇਵ ਸਿੰਘ ਬਾਬਾ ਆਦਿ ਨੇ ਵਿਚਾਰ ਪ੍ਰਗਟ ਕਰਦੇ ਹੋਏ ਬਿਜਲੀ ਸੋਧ ਬਿੱਲ 2025 ਅਤੇ ਚਾਰੇ ਲੇਬਰ ਕੋਡਾਂ ਨੂੰ ਦੇਸ਼ ਵਿੱਚ ਧੱਕੇ ਨਾਲ ਲਾਗੂ ਕਰਨ ਸਮੇਤ ਸਰਮਾਏਦਾਰ ਪੱਖੀ ਹਾਕਮ ਜਮਾਤਾਂ ਵੱਲੋਂ ਮਿਹਨਤਕਸ਼ ਜਮਾਤ ਸਾਹਮਣੇ ਖੜੀਆਂ ਕੀਤੀਆਂ ਜਾ ਰਹੀਆਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਦਾ ਪ੍ਰਣ ਕੀਤਾ।