ਲੁਧਿਆਣਾ
(ਐੱਮ ਐੱਸ ਭਾਟੀਆ/
ਗੁਰਮੇਲ ਮੈਲਡੇ/ਜਗਦੀਸ਼ ਬੌਬੀ/ਬਲਬੀਰ ਮਾਨ)
ਇੱਥੇ ਬਾਬਾ ਜਲਵੰਤ ਸਿੰਘ ਹਾਲ, ਈਸੜੂ ਭਵਨ ਵਿਖੇ ਜ਼ਿਲ੍ਹਾ ਕਾਨਫਰੰਸ ਹੋਈ, ਜਿਸ ਦੀ ਪ੍ਰਧਾਨਗੀ ਭਰਪੂਰ ਸਿੰਘ, ਕੁਲਵੰਤ ਕੌਰ ਅਤੇ ਡਾਕਟਰ ਰਜਿੰਦਰ ਪਾਲ ਔਲਖ ਨੇ ਕੀਤੀ। ਇਹ ਪਾਰਟੀ ਦੇ ਸਾਬਕਾ ਜ਼ਿਲ੍ਹਾ ਸਕੱਤਰ ਅਤੇ ਮਰਹੂਮ ਸਿਰਕੱਢ ਆਗੂ ਕਰਤਾਰ ਸਿੰਘ ਬੁਆਣੀ ਨੂੰ ਸਮਰਪਤ ਸੀ। ਕਾਨਫਰੰਸ ਵਿੱਚ ਜ਼ਿਲ੍ਹੇ ਭਰ ਦੇ ਵੱਖ-ਵੱਖ ਬਲਾਕਾਂ ਵਿੱਚੋਂ ਚੁਣ ਕੇ ਆਏ ਹੋਏ 110 ਡੈਲੀਗੇਟਾਂ ਨੇ ਹਿੱਸਾ ਲਿਆ। ਸਭ ਤੋਂ ਪਹਿਲਾਂ ਭਰਪੂਰ ਸਿੰਘ ਨੇ ਪਾਰਟੀ ਦਾ ਝੰਡਾ ਝੁਲਾਇਆ ਅਤੇ ਡੈਲੀਗੇਟਾਂ ਨੇ ਨਾਅਰੇ ਲਾ ਕੇ ਝੰਡੇ ਨੂੰ ਸਲਾਮੀ ਦਿੱਤੀ। ਕਾਨਫ਼ਰੰਸ ਦਾ ਉਦਘਾਟਨ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ, ਜਿਨ੍ਹਾ ਅਜੋਕੇ ਸਮੇਂ ਦੇ ਕੌਮਾਂਤਰੀ, ਕੌਮੀ ਅਤੇ ਸੂਬਾਈ ਹਾਲਾਤ ਦੀ ਰਾਜਨੀਤਕ, ਆਰਥਿਕ ਅਤੇ ਸਮਾਜਿਕ ਸਥਿਤੀ ’ਤੇ ਚਾਨਣ ਪਾਇਆ। ਉਹਨਾ ਦੱਸਿਆ ਕਿ ਕਿਵੇਂ ਮੋਦੀ ਸਰਕਾਰ ਵਿਦੇਸ਼ੀ ਸਾਮਰਾਜ ਖਾਸ ਤੌਰ ’ਤੇ ਅਮਰੀਕਾ ਅੱਗੇ ਗੋਡੇ ਟੇਕ ਰਹੀ ਹੈ ਤੇ ਦੇਸ਼ ਦੀ ਮਲਕੀਅਤ ਨੂੰ ਕਾਰਪੋਰੇਟਾਂ ਦੇ ਹੱਥਾਂ ਵਿੱਚ ਵੇਚ ਰਹੀ ਹੈ। ਨਾਲ ਹੀ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਹਰ ਕਿਸਮ ਦੇ ਮਿਹਨਤਕਸ਼ ਕਾਮਿਆਂ ਖਿਲਾਫ ਲਗਾਤਾਰ ਕਾਨੂੰਨ ਪਾਸ ਕਰਕੇ ਉਹਨਾਂ ਦੇ ਹੱਕਾਂ ਦਾ ਘਾਣ ਕਰ ਰਹੀ ਹੈ। ਪਾਰਟੀ ਇਹਨਾਂ ਸਭ ਮੁੱਦਿਆਂ ’ਤੇ ਲਗਾਤਾਰ ਆਵਾਜ਼ ਚੁੱਕ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਜ਼ੋਰਦਾਰ ਸੰਘਰਸ਼ ਕੀਤੇ ਜਾਣਗੇ।
ਪੰਜਾਬ ਕਿਸਾਨ ਸਭਾ (1936) ਦੇ ਪ੍ਰਧਾਨ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਅੱਜ ਮੋਦੀ ਸਰਕਾਰ ਵੱਲੋਂ ਕਿਸਾਨੀ ਅਤੇ ਪੇਂਡੂ ਕਾਮਿਆਂ ’ਤੇ ਖਾਸ ਤੌਰ ’ਤੇ ਬੁਰੀ ਤਰ੍ਹਾਂ ਸੱਟ ਮਾਰੀ ਜਾ ਰਹੀ ਹੈ। ਭਾਵੇਂ ਮੋਦੀ ਨੇ ਕਿਸਾਨ ਅੰਦੋਲਨ ਅੱਗੇ ਗੋਡੇ ਤਾਂ ਟੇਕ ਦਿੱਤੇ ਤੇ ਤਿੰਨ ਕਾਨੂੰਨ, ਜੋ ਲੈ ਕੇ ਆਇਆ ਸੀ, ਉਨ੍ਹਾਂ ਨੂੰ ਵਾਪਸ ਲਿਆ, ਪਰ ਕਿਸਾਨਾਂ ਦੀਆਂ ਮੰਗਾਂ ਵਿੱਚੋਂ ਕਿਸੇ ਮੰਗ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਲਈ ਆਉਣ ਵਾਲੇ ਸਮੇਂ ਵਿੱਚ ਵੱਡੇ ਸੰਘਰਸ਼ ਵਿੱਡਣੇ ਪੈਣਗੇ।
ਡੀ ਪੀ ਮੌੜ ਨੇ ਕੌਮੀ, ਕੌਮਾਂਤਰੀ ਅਤੇ ਪੰਜਾਬ ਦੀ ਸਥਿਤੀ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਉਹਦੇ ਨਾਲ ਹੀ ਪਿਛਲੇ ਸਮੇਂ ਵਿੱਚ ਜੋ ਪਿਛਲੀ ਕਾਨਫਰੰਸ ਤਿੰਨ ਸਾਲ ਪਹਿਲਾਂ ਹੋਈ ਸੀ, ਉਦੋਂ ਤੋਂ ਲੈ ਕੇ ਹੁਣ ਤੱਕ ਦੇ ਬਾਰੇ ਵੇਰਵਾ ਦਿੱਤਾ ਤੇ ਆਉਣ ਵਾਲੇ ਕੰਮਾਂ ਦੀ ਵਿਆਖਿਆ ਕੀਤੀ। ਉਨ੍ਹਾ ਦੀ ਰਿਪੋਰਟ ’ਤੇ ਆਏ ਹੋਏ ਡੈਲੀਗੇਟ ਸਾਥੀਆਂ ਨੇ ਭਰਪੂਰ ਬਹਿਸ ਕੀਤੀ ਅਤੇ ਰਿਪੋਰਟ ਵਿੱਚ ਵਾਧੇ ਕਰਾ ਕੇ ਉਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਪਾਰਟੀ ਨੇ ਫੈਸਲਾ ਲਿਆ ਕਿ ਉਹ ਮਨਰੇਗਾ ਦਾ ਜੋ ਕਾਨੂੰਨ ਸਰਕਾਰ ਨੇ ਖਤਮ ਕਰਕੇ ਕੇ ਨਵਾਂ ਕਾਨੂੰਨ ਲਿਆਉਣ ਦਾ ਪਖੰਡ ਕੀਤਾ ਹੈ, ਇਸ ਦਾ ਜ਼ਿਲ੍ਹਾ ਪੱਧਰ ਤੇ ਡਟ ਕੇ ਵਿਰੋਧ ਕੀਤਾ ਜਾਏਗਾ। ਨਵੇਂ ਕਾਨੂੰਨ ਦੇ ਵਿਰੋਧ ਦੇ ਕੌਮੀ ਪੱਧਰ ਦੇ ਸੱਦੇ ’ਤੇ ਪਾਰਟੀ ਦੇ ਸਾਥੀ ਸ਼ਾਮਲ ਹੋਣਗੇ। ਅਜਲਾਸ ਵਿੱਚ ਬਿਜਲੀ ਸੋਧ ਕਾਨੂੰਨ, ਬੀਜ ਬਿੱਲ, ਨਵੇਂ ਪ੍ਰਮਾਣੂ ਕਾਨੂੰਨ, ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦੀ ਸਥਿਤੀ ਅਤੇ ਪੰਜਾਬ ਵਿੱਚ ਸਿਹਤ ਤੇ ਸਿੱਖਿਆ ਦੇ ਲਗਾਤਾਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਣ ਦੇ ਬਾਰੇ ਮਤੇ ਪਾਸ ਕੀਤੇ ਗਏ।
ਪਾਰਟੀ ਨੇ 54 ਮੈਂਬਰੀ ਜ਼ਿਲ੍ਹਾ ਕੌਂਸਲ ਚੁਣੀ ਅਤੇ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਤੀਜੀ ਵਾਰ ਲਗਾਤਾਰ ਜ਼ਿਲ੍ਹਾ ਸਕੱਤਰ ਚੁਣਿਆ। ਇਸ ਤੋਂ ਇਲਾਵਾ 10 ਤੇ 11 ਜਨਵਰੀ ਨੂੰ ਹੋਣ ਵਾਲੀ ਪਾਰਟੀ ਦੀ ਸੂਬਾਈ ਕਾਨਫਰੰਸ ਵਿੱਚ ਜਾਣ ਵਾਲੇ ਡੈਲੀਗੇਟਾਂ ਦੀ ਚੋਣ ਵੀ ਸਰਬਸੰਮਤੀ ਨਾਲ ਕੀਤੀ ਗਈ। ਇਸ ਮੌਕੇ ਮੰਚ ਸੰਚਾਲਨ ਐੱਮ ਐੱਸ ਭਾਟੀਆ ਨੇ ਕੀਤਾ। ਕਾਨਫਰੰਸ ਦੌਰਾਨ ਕਰਤਾਰ ਸਿੰਘ ਬੁਆਣੀ ਦੇ ਭਰਾ ਜਗਜੀਤ ਸਿੰਘ ਬੁਆਣੀ ਅਤੇ ਭਰਜਾਈ ਸਵਰਨ ਕੌਰ ਦਾ ਸਨਮਾਨ ਕੀਤਾ ਗਿਆ। ਡਾਕਟਰ ਅਰੁਣ ਮਿੱਤਰਾ ਨੇ ਕਰਤਾਰ ਸਿੰਘ ਬੁਆਣੀ ਦੀ ਪਾਰਟੀ ਨੂੰ ਦੇਣ ਬਾਰੇ ਵਿਆਖਿਆ ਕੀਤੀ। ਜਿਨ੍ਹਾਂ ਸਾਥੀਆਂ ਨੇ ਕਾਨਫਰੰਸ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ, ਉਹਨਾਂ ਵਿੱਚ ਗੁਲਜਾਰ ਗੋਰੀਆ, ਰਮੇਸ਼ ਰਤਨ, ਚਮਕੌਰ ਸਿੰਘ ਬਰਮੀ, ਵਿਜੇ ਕੁਮਾਰ, ਚਮਕੌਰ ਸਿੰਘ ਦੌਧਰ, ਨਵਲ ਛਿੱਬੜ ਐਡਵੋਕੇਟ, ਡਾਕਟਰ ਗੁਲਜਾਰ ਪੰਧੇਰ, ਕੇਵਲ ਸਿੰਘ ਬਨਵੈਤ, ਅਵਤਾਰ ਛਿੱਬੜ, ਅਜੀਤ ਜਵੱਦੀ, ਕਰਤਾਰ ਰਾਮ, ਗੁਰਵੰਤ ਸਿੰਘ, ਕਾਮੇਸ਼ਵਰ ਯਾਦਵ, ਭਗਵਾਨ ਸਿੰਘ ਸੋਮਲਖੇੜੀ, ਗੁਰਮੇਲ ਮੈਲਡੇ ਤੇ ਵਿਨੋਦ ਕੁਮਾਰ ਸ਼ਾਮਲ ਸਨ।




