ਮਨਰੇਗਾ ਦਾ ਭੋਗ ਪਾਉਣ ਦੀ ਸਾਜ਼ਿਸ਼ ਖਿਲਾਫ ਮੁਜ਼ਾਹਰੇ

0
48

ਚੰਡੀਗੜ੍ਹ : ਤਿੰਨ ਕਮਿਊਨਿਸਟ ਪਾਰਟੀਆਂ ਨੇ ‘ਮਗਨਰੇਗਾ’ ਸਕੀਮ ਖਤਮ ਕਰਨ ਵਿਰੁੱਧ ਸੋਮਵਾਰ ਪੰਜਾਬ-ਭਰ ਵਿੱਚ ਮੁਜ਼ਾਹਰਾ ਕਰਕੇ ਮੋਦੀ ਹਕੂਮਤ ਦੇ ਪੁਤਲੇ ਫੂਕੇ। ਬਠਿੰਡਾ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਬਲਕਰਨ ਸਿੰਘ ਬਰਾੜ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਤਹਿਸੀਲ ਸਕੱਤਰ ਬਲਕਾਰ ਸਿੰਘ ਮੰਡੀ ਕਲਾਂ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਦੇ ਬੁਲਾਰੇ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਕਾਨੂੰਨ-2005 ਨੂੰ ਖਤਮ ਕਰਕੇ ਮਜ਼ਦੂਰਾਂ ਨਾਲ ਵੱਡਾ ਧਰੋਹ ਕਮਾਇਆ ਹੈ। ਨਵੇਂ ਬਣਾਏ ‘ਰੁਜ਼ਗਾਰ ਗਾਰੰਟੀ ਕਾਨੂੰਨ’ ਵਿੱਚ ਮਜ਼ਦੂਰਾਂ ਦਾ ਕੰਮ ਮੰਗਣ ਦਾ ਮੁੱਢਲਾ ਅਧਿਕਾਰ ਹੀ ਖਤਮ ਕਰ ਦਿੱਤਾ ਗਿਆ ਹੈ। ਬੇਈਮਾਨ ਮੋਦੀ ਸਰਕਾਰ ਨੇ ‘ਮਗਨਰੇਗਾ’ ਦੀ ਥਾਂ ਲਿਆਂਦੇ ‘ਜੀ ਰਾਮ ਜੀ’ ਕਾਨੂੰਨ ਰਾਹੀਂ ਕੇਂਦਰ ਅਤੇ ਸੂਬਾ ਸਰਕਾਰਾਂ ਦੀ 90-10 ਦੀ ਹਿੱਸੇਦਾਰੀ ਨੂੰ 60-40 ਦੇ ਅਨੁਪਾਤ ਵਿੱਚ ਤਬਦੀਲ ਕਰ ਦਿੱਤਾ ਹੈ। ਪਹਿਲਾਂ ਤੋਂ ਹੀ ਰਾਜਾਂ ਦੀਆਂ ਸ਼ਕਤੀਆਂ ਦਾ ਕੇਂਦਰੀਕਰਨ ਕਰੀ ਬੈਠੀ ਮੋਦੀ ਸਰਕਾਰ ਦੀ ਅਸਲ ਮਨਸ਼ਾ ਸਕੀਮ ਨੂੰ ਬੰਦ ਕਰਨਾ ਹੀ ਹੈ। ਰਾਜ ਸਰਕਾਰਾਂ ਕੋਲ ਵਿੱਤੀ ਬਜਟ ਨਾ ਹੋਣ ਕਾਰਨ ਇਸ ਸਕੀਮ ਦਾ ਪੂਰੀ ਤਰ੍ਹਾਂ ਭੋਗ ਪੈ ਜਾਵੇਗਾ। ਮਜ਼ਦੂਰ ਆਗੂ ਮਿੱਠੂ ਸਿੰਘ ਘੁੱਦਾ ਅਤੇ ਮੁਲਾਜ਼ਮ ਆਗੂ ਪੂਰਨ ਸਿੰਘ ਗੁੰਮਟੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਹੱਕ ਵਿੱਚ ਬਣੇ ਹੋਏ ਸਾਰੇ ਕਾਨੂੰਨ ਖਤਮ ਕਰਕੇ ਚਾਰ ਲੇਬਰ ਕੋਡ’ਜ਼ ਲਾਗੂ ਕਰ ਦਿੱਤੇ ਹਨ, ਜਿਸ ਨਾਲ ਮਜ਼ਦੂਰਾਂ ਦੇ ਮੁੱਢਲੇ ਅਧਿਕਾਰ ਖਤਮ ਹੋ ਗਏ ਹਨ। ਉਨ੍ਹਾਂ ਮੰਗ ਕੀਤੀ ਕਿ ਲੇਬਰ ਕੋਡ’ਜ਼ ਰੱਦ ਕੀਤੇ ਜਾਣ ਅਤੇ ਮਜ਼ਦੂਰਾਂ ਦੇ ਹੱਕ ਬਹਾਲ ਕੀਤੇ ਜਾਣ। ਇਸ ਮੌਕੇ ਨਾਇਬ ਸਿੰਘ ਫੁੱਲੋ ਮਿੱਠੀ, ਵਿਨੋਦ ਸਿੰਘ ਬਠਿੰਡਾ, ਅਮਰਜੀਤ ਸਿੰਘ ਭੋਖੜਾ, ਰਾਜਾ ਸਿੰਘ ਦਾਨ ਸਿੰਘ ਵਾਲਾ, ਰਾਜਿੰਦਰ ਸਿੰਘ ਬਲਾਹੜ ਮਹਿਮਾ ਅਤੇ ਬਨਵਾਰੀ ਲਾਲ ਬਠਿੰਡਾ ਨੇ ਵੀ ਸੰਬੋਧਨ ਕੀਤਾ।
ਅਲਗੋਂ (ਭਿੱਖੀਵਿੰਡ) : ਭਾਜਪਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਮਨਰੇਗਾ ਦਾ ਨਾਂਅ ਬਦਲਣ ਅਤੇ ਕਾਨੂੰਨ ਵਿੱਚ ਨਵੀਂਆਂ ਸ਼ਰਤਾਂ ਲਾ ਕੇ ਨਰੇਗਾ ਸਕੀਮ ਨੂੰ ਸੰਗੋੜਨ ਵਿਰੁੱਧ ਕਮਿਊਨਿਸਟ ਪਾਰਟੀਆਂ ਦੇ ਕੁਲ ਹਿੰਦ ਸੱਦੇ ਤਹਿਤ ਸੋਮਵਾਰ ਸੀ ਪੀ ਆਈ ਬਲਾਕ ਭਿੱਖੀਵਿੰਡ ਵੱਲੋਂ ਟਹਿਲ ਸਿੰਘ ਲੱਧੂ, ਪਰਮਜੀਤ ਕੌਰ ਮਾੜੀਮੇਘਾ, ਬੀਬੀ ਬੀਰੋ ਭਾਈ ਲੱਲੂ ਅਤੇ ਗੁਰਨਾਮ ਸਿੰਘ ਕਲਸੀਆਂ ਕਲਾਂ ਦੀ ਅਗਵਾਈ ਹੇਠ ਅਲਗੋਂ ਕਸਬੇ ਦੀਆਂ ਸੜਕਾਂ ’ਤੇ ਰੋਹ ਭਰਪੂਰ ਮਾਰਚ ਕਰਕੇ ਚੌਕ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਤੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਕਿਹਾ ਕਿ ਨਰੇਗਾ ਕਾਨੂੰਨ 2005 ਵਿੱਚ ਕਮਿਊਨਿਸਟਾਂ ਦੀ ਹਮਾਇਤ ਪ੍ਰਾਪਤ ਕੇਂਦਰ ਸਰਕਾਰ ਨੇ ਬਣਾਇਆ ਸੀ। ਪਹਿਲਾਂ ਇਹ ਕਾਨੂੰਨ ਨੈਸ਼ਨਲ ਰੂਰਲ ਇੰਪਲਾਇਮੈਂਟ ਗਾਰੰਟੀ ਐਕਟ ਸੀ, ਜਦੋਂ ਕਮਿਊਨਿਸਟਾਂ ਨੇ ਸਰਕਾਰ ਤੋਂ ਹਮਾਇਤ ਵਾਪਸ ਲਈ ਤਾਂ ਸਰਕਾਰ ਨੇ ਮਹਾਤਮਾ ਗਾਂਧੀ ਨਾਲ ਜੋੜ ਕੇ ਮਨਰੇਗਾ ਬਣਾ ਦਿੱਤਾ। ਹੁਣ ਬੀ ਜੇ ਪੀ ਸਰਕਾਰ ਨੇ ਮਨਰੇਗਾ ਦਾ ਨਾਂਅ ਬਦਲ ਕੇ ਹੋਰ ਹੀ ਕੋਈ ਨਾਂਅ ਰੱਖ ਦਿੱਤਾ ਹੈ। ਆਗੂਆਂ ਕਿਹਾ ਕਿ ਸਰਕਾਰ ਨੇ ਸਿਰਫ ਨਾਂਅ ਹੀ ਨਹੀਂ ਬਦਲਿਆ, ਕੰਮ ਲੈਣ ਵਿੱਚ ਕਈ ਸ਼ਰਤਾਂ ਜੜ ਦਿੱਤੀਆਂ ਹਨ। ਇਸ ਲਈ ਹੁਣ ਨਰੇਗਾ ਕਾਮਿਆਂ ਲਈ ਕੰਮ ਲੈਣਾ ਔਖਾ ਹੋ ਗਿਆ ਹੈ। ਕੇਂਦਰ ਸਰਕਾਰ ਇਸ ਕੰਮ ਲਈ ਪਹਿਲਾਂ 80 ਫੀਸਦੀ ਪੈਸੇ ਦਿੰਦੀ ਸੀ ਤੇ ਹੁਣ ਵਾਲੇ ਕਾਨੂੰਨ ਰਾਹੀਂ ਸਰਕਾਰ ਨੇ ਘਟਾ ਕੇ 60 ਫੀਸਦੀ ਕਰ ਦਿੱਤੇ ਹਨ। ਸੂਬਿਆਂ ਦੀਆਂ ਸਰਕਾਰਾਂ ਪਹਿਲਾਂ ਇਸ ਕੰਮ ਵਿੱਚ ਪਹਿਲਾਂ 20 ਫੀਸਦੀ ਪੈਸੇ ਦਾ ਹਿੱਸਾ ਪਾਉਦੀਆਂ ਸਨ, ਹੁਣ 40 ਫੀਸਦੀ ਪਾਉਣਾ ਪਵੇਗਾ। ਸੀ ਪੀ ਆਈ ਕੇਂਦਰੀ ਹਕੂਮਤ ਦੀ ਨਿਖੇਧੀ ਕਰਦੀ ਹੋਈ ਮੰਗ ਕਰਦੀ ਹੈ ਕਿ ਨਰੇਗਾ ਦਾ ਕੰਮ ਪਹਿਲਾਂ ਦੀ ਤਰ੍ਹਾਂ ਹੀ ਚਲਦਾ ਰਹਿਣਾ ਚਾਹੀਦਾ ਹੈ ਅਤੇ ਨਵਾਂ ਕਾਨੂੰਨ ਫੌਰੀ ’ਤੇ ਵਾਪਸ ਲਿਆ ਜਾਵੇ। ਆਗੂਆਂ ਕਿਹਾ ਕਿ ਸੀ ਪੀ ਆਈ ਹਰੇਕ ਨਰੇਗਾ ਕਾਮੇ ਨੂੰ ਕੰਮ ਦਿਵਾਉਣ ਤੱਕ ਸੰਘਰਸ਼ ਜਾਰੀ ਰੱਖੇਗੀ। ਪ੍ਰਦਰਸ਼ਨ ਵਿੱਚ ਸੀਨੀਅਰ ਆਗੂ ਜਸਵੰਤ ਸਿੰਘ ਸੂਰਵਿੰਡ ਤੇ ਗੁਲਜ਼ਾਰ ਸਿੰਘ ਮੱਦਰ ਵੀ ਮੌਜੂਦ ਸਨ।
ਤਰਨ ਤਾਰਨ : ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਤਰਨ ਤਾਰਨ ਵਿਖੇ ਰੋਸ ਪ੍ਰਦਰਸ਼ਨ ਕਰ ਕੇ ਮੋਦੀ ਸਰਕਾਰ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਪੱਪਾ ਮਸੀਹ ਚੂਸਲੇਵੜ ਨੇ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ, ਜ਼ਿਲ੍ਹਾ ਮੀਤ ਸਕੱਤਰ ਰਸ਼ਪਾਲ ਸਿੰਘ ਘੁਰਕਵਿੰਡ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਸਿਰਫ ਨਾਂਅ ਹੀ ਨਹੀਂ ਬਦਲਿਆ ਗਿਆ, ਸਗੋਂ ਇਸ ਵਿੱਚ ਕੀਤੀਆਂ ਮਜ਼ਦੂਰ ਮਾਰੂ ਸੋਧਾਂ ਨਾਲ ਇਸ ਸਕੀਮ ਤਹਿਤ ਮਜ਼ਦੂਰ ਵਰਗ ਨੂੰ ਮਿਲਦਾ ਨਾਮਾਤਰ ਰੁਜ਼ਗਾਰ ਖੋਹ ਕੇ ਕਿਰਤੀ ਲੋਕਾਂ ਦੇ ਚੁੱਲ੍ਹੇ ਠੰਢੇ ਕਰਨ ਦੀ ਸਾਜ਼ਿਸ਼ ਕੀਤੀ ਹੈ।
ਆਗੂਆਂ ਕਿਹਾ ਕਿ ਖੇਤੀ ਸੀਜ਼ਨ ਦੌਰਾਨ ਦੋ ਮਹੀਨੇ ਮਨਰੇਗਾ ਦਾ ਕੰਮ ਬੰਦ ਰੱਖਣ ਦੀ ਹਦਾਇਤ ਵੀ ਇਸ ਸਕੀਮ ਤੋਂ ਪੱਲਾ ਝਾੜਨ ਤੇ ਜਗੀਰਦਾਰਾਂ ਨੂੰ ਸਸਤੇ ਮੁੱਲ ’ਤੇ ਕਿਰਤ ਸ਼ਕਤੀ ਮੁਹੱਈਆ ਕਰਾਉਣ ਦੀ ਹੀ ਕੋਸ਼ਿਸ਼ ਹੈ, ਕਿਉਕਿ ਜਦੋਂ ਪੂਰਾ ਸਾਲ ਕੰਮ ਦੇਣ ਦੀ ਵਿਵਸਥਾ ਦੇ ਬਾਵਜੂਦ ਮਜ਼ਦੂਰਾਂ ਨੂੰ ਕਦੇ 100 ਦਿਨ ਕੰਮ ਨਹੀਂ ਦਿੱਤਾ ਗਿਆ ਤਾਂ 10 ਮਹੀਨਿਆਂ ’ਚ 125 ਦਿਨ ਕੰਮ ਦੇਣ ਦਾ ਐਲਾਨ ਮਹਿਜ਼ ਛਲਾਵਾ ਹੀ ਹੈ। ਆਗੂਆਂ ਐਲਾਨ ਕੀਤਾ ਕਿ ਕੇਂਦਰ ਸਰਕਾਰ ਦੇ ਇਸ ਕਦਮ ਖਿਲਾਫ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਪਾਲ ਸਿੰਘ ਚੂਸਲੇਵੜ, ਸਰਵਨ ਸਿੰਘ ਕਿਰਤੋਵਾਲ, ਕੁਲਵੰਤ ਸਿੰਘ ਖਡੂਰ ਸਾਹਿਬ, ਕਸ਼ਮੀਰ ਸਿੰਘ ਭਲਾਈਪੁਰ, ਅਮਨਦੀਪ ਸਿੰਘ ਭੱਠਲ, ਬਲਜਿੰਦਰ ਕੌਰ ਸਰਹਾਲੀ ਕਲਾਂ, ਗਗਨਦੀਪ ਸਿੰਘ ਨੂਰਪੁਰ, ਜੈ ਦੀਪ ਸਿੰਘ ਮਾਨੋਚਾਹਲ, ਕੁਲਬੀਰ ਸਿੰਘ, ਸੁਖਦੇਵ ਸਿੰਘ ਕਿਰਤੋਵਾਲ, ਹਰਜੀਤ ਕੌਰ ਭਲਾਈਪੁਰ, ਸਾਗਰ ਸਿੰਘ, ਮਲਕਰਾਜ ਕੌਰ ਮਹਿਮਾ ਪੰਡੋਰੀ, ਨਿਰਮਲ ਸਿੰਘ ਗਿੱਲ ਵੜੈਚ, ਬਲਵਿੰਦਰ ਕੌਰ ਮਹਿਮਾ ਪੰਡੋਰੀ, ਮੁਲਤਾਜ ਸਿੰਘ, ਇੰਦਰਜੀਤ ਕੌਰ ਮਹਿਮਾ ਪੰਡੋਰੀ ਆਦਿ ਵੀ ਹਾਜ਼ਰ ਸਨ।