ਨਵੀਂ ਦਿੱਲੀ : ਉਨਾਓ ਰੇਪ ਕੇਸ ਵਿੱਚ ਮੌਤ ਤੱਕ ਉਮਰ ਕੈਦ ਭੁਗਤ ਰਹੇ ਯੂ ਪੀ ਦੇ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਸਜ਼ਾ ਦਿੱਲੀ ਹਾਈ ਕੋਰਟ ਨੇ ਮੰਗਲਵਾਰ ਮੁਅੱਤਲ ਕਰਕੇ ਉਸ ਨੂੰ ਜ਼ਮਾਨਤ ਦੇ ਦਿੱਤੀ। ਜਸਟਿਸ ਸੁਬਰਾਮਨੀਅਮ ਪ੍ਰਸਾਦ ਤੇ ਜਸਟਿਸ ਹਰੀਸ਼ ਵੈਦਿਆਨਾਥਨ ਸ਼ੰਕਰ ਦੀ ਬੈਂਚ ਨੇ ਉਸ ਨੂੰ ਜੇਲ੍ਹੋਂ ਬਾਹਰ ਨਿਕਲਣ ਲਈ 15 ਲੱਖ ਰੁਪਏ ਦਾ ਨਿੱਜੀ ਮੁਚੱਲਕਾ ਅਤੇ ਓਨੀ ਹੀ ਰਕਮ ਦੀਆਂ ਤਿੰਨ ਜ਼ਾਮਨੀਆਂ ਭਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਉਹ ਪੀੜਤਾ ਦੇ ਘਰ ਦੇ ਪੰਜ ਕਿੱਲੋਮੀਟਰ ਦੇ ਦਾਇਰੇ ਵਿੱਚ ਨਹੀਂ ਵੜੇਗਾ ਅਤੇ ਨਾ ਹੀ ਉਸ ਨੂੰ ਜਾਂ ਉਸ ਦੀ ਮਾਂ ਨੂੰ ਧਮਕਾਏਗਾ। ਖਿਲਾਫਵਰਜ਼ੀ ’ਤੇ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਸੇਂਗਰ ਦੀ ਸਜ਼ਾ ਉਦੋਂ ਤੱਕ ਮੁਅੱਤਲ ਰਹੇਗੀ, ਜਦੋਂ ਤੱਕ ਰੇਪ ਕੇਸ ਵਿੱਚ ਸਜ਼ਾ ਵਿਰੁੱਧ ਹਾਈ ਕੋਰਟ ਵਿੱਚ ਉਸ ਦੀ ਅਪੀਲ ’ਤੇ ਫੈਸਲਾ ਨਹੀਂ ਹੁੰਦਾ। ਉਸ ਨੇ ਦਸੰਬਰ 2019 ਵਿੱਚ ਟਰਾਇਲ ਕੋਰਟ ਦੇ ਫੈਸਲੇ ਨੂੰ ਹਾਈ ਕੋਰਟ ਵਿੱਚ ਚੈਲੰਜ ਕੀਤਾ ਹੋਇਆ ਹੈ। ਸੇਂਗਰ ਨੇ 2017 ਵਿੱਚ ਨਾਬਾਲਗ ਨੂੰ ਅਗਵਾ ਕਰਕੇ ਰੇਪ ਕੀਤਾ ਸੀ। ਇੱਕ ਅਗਸਤ 2019 ਵਿੱਚ ਸੁਪਰੀਮ ਕੋਰਟ ਦੇ ਹੁਕਮ ’ਤੇ ਮਾਮਲੇ ਦੀ ਸੁਣਵਾਈ ਯੂ ਪੀ ਦੀ ਟਰਾਇਲ ਕੋਰਟ ਦੀ ਥਾਂ ਦਿੱਲੀ ਦੀ ਅਦਾਲਤ ਵਿੱਚ ਹੋਈ ਸੀ। ਸੇਂਗਰ ਨੂੰ ਪੀੜਤਾ ਦੇ ਪਿਤਾ ਦੀ ਹਿਰਾਸਤ ਵਿੱਚ ਮੌਤ ਦੇ ਮਾਮਲੇ ’ਚ ਵੀ ਸਜ਼ਾ ਹੋਈ ਸੀ ਤੇ ਉਸ ਵਿਰੁੱਧ ਉਸ ਦੀ ਅਪੀਲ ਵੀ ਪੈਂਡਿੰਗ ਹੈ। ਉਸ ਨੇ ਦਲੀਲ ਦਿੱਤੀ ਹੈ ਕਿ ਉਹ ਚੋਖੀ ਸਜ਼ਾ ਭੁਗਤ ਚੁੱਕਾ ਹੈ, ਇਸ ਕਰਕੇ ਉਸ ਦੀ ਸਜ਼ਾ ਮੁਅੱਤਲ ਕਰ ਦਿੱਤੀ ਜਾਵੇ। ਹਿਰਾਸਤੀ ਮੌਤ ਦੇ ਮਾਮਲੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਸੀ। ਬਦਨਾਮੀ ਹੋਣ ’ਤੇ ਭਾਜਪਾ ਨੇ ਸੇਂਗਰ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਸੀ।





