ਮੱਖੂ (ਰਛਪਾਲ ਸਿੰਘ ਸੰਧੂ)-ਸੀ ਪੀ ਆਈ ਦੀ ਜ਼ਿਲ੍ਹਾ ਫਿਰੋਜ਼ਪੁਰ ਕਾਨਫਰੰਸ ਸੁਖਵਿੰਦਰ ਸਿੰਘ ਘੁੱਦੂਵਾਲਾ, ਤਿ੍ਰਪਤਾ ਕਾਲੀਆ, ਰਾਜਕੁਮਾਰ ਬਹਾਦਰ ਕੇ ਦੀ ਪ੍ਰਧਾਨਗੀ ਹੇਠ ਮੱਖੂ ਵਿਖੇ ਹੋਈ। ਇਸ ਵਿੱਚ 78 ਡੈਲੀਗੇਟਾਂ ਨੇ ਭਾਗ ਲਿਆ। ਕਾਮਰੇਡ ਹਰਦੀਪ ਗਿੱਲ ਵਕੀਲ ਵੱਲੋਂ ਪਾਰਟੀ ਦਾ ਝੰਡਾ ਲਹਿਰਾਇਆ ਗਿਆ ਅਤੇ ਡੈਲੀਗੇਟਾਂ ਨੇ ਜੈਕਾਰੇ ਲਗਾ ਕੇ ਝੰਡੇ ਨੂੰ ਸਲਾਮੀ ਦਿੱਤੀ। ਕਾਨਫਰੰਸ ਦਾ ਉਦਘਾਟਨ ਕਾਮਰੇਡ ਅਮਰਜੀਤ ਸਿੰਘ ਆਸਲ ਸਟੇਟ ਡੈਲੀਗੇਟ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵਿਦੇਸ਼ੀਆਂ ਤੇ ਸਾਮਰਾਜੀਆਂ ਖਾਸ ਤੌਰ ’ਤੇ ਅਮਰੀਕਾ ਅੱਗੇ ਗੋਡੇ ਟੇਕ ਦਿੱਤੇ ਹਨ ਅਤੇ ਦੇਸ਼ ਦੇ ਸਰਮਾਏ ਨੂੰ ਕਾਰਪੋਰੇਟਾਂ ਕੋਲ ਵੇਚ ਰਹੀ ਹੈ। ਮੁਲਾਜ਼ਮਾਂ, ਮਜ਼ਦੂਰਾਂ, ਮਿਹਨਤਕਸ਼ ਲੋਕਾਂ ਦਾ ਘਾਣ ਕਰ ਰਹੀ ਹੈ।ਸਟੇਟ ਆਗੂ ਕਾਮਰੇਡ ਨਰਿੰਦਰ ਕੌਰ ਸੋਹਲ ਨੇ ਕਿਹਾ ਕਿ ਮੋਦੀ ਸਰਕਾਰ ਬਿਜਲੀ ਸੈਕਟਰ ਦੇ ਵੰਡ ਸਿਸਟਮ ਨੂੰ ਵੀ ਨਿੱਜੀ ਹੱਥਾਂ ਵਿੱਚ ਦੇਣ ਦੀਆਂ ਤਿਆਰੀਆਂ ਕਰ ਚੁੱਕੀ ਹੈ ਅਤੇ ਬਿਜਲੀ ਸੋਧ ਬਿੱਲ 2025 ਪਾਸ ਕਰਨ ਵਾਸਤੇ ਪੱਬਾਂ ਭਾਰ ਹੋ ਕੇ ਜ਼ੋਰ ਲਾ ਰਹੀ ਹੈ, ਮਨਰੇਗਾ ਕਾਨੂੰਨ ਦਾ ਵੀ ਸਰੂਪ ਵਿਗਾੜਿਆ ਜਾ ਰਿਹਾ ਹੈ ਅਤੇ ਮਨਰੇਗਾ ਦੀ ਥਾਂ ’ਤੇ ਨਵਾਂ ਐਕਟ ਪਾਰਲੀਮੈਂਟ ਵਿੱਚ ਪਾਸ ਕਰਕੇ ਗਰੀਬਾਂ ਦੇ ਚੁੱਲ੍ਹੇ ਠੰਢੇ ਕਰਨ ਜਾ ਰਹੀ ਹੈ, ਜਿਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ। ਕਾਮਰੇਡ ਕਸ਼ਮੀਰ ਸਿੰਘ ਜ਼ਿਲ੍ਹਾ ਸਕੱਤਰ ਵੱਲੋਂ ਪਿਛਲੇ ਤਿੰਨਾਂ ਸਾਲਾਂ ਦੀ ਰਿਪੋਰਟ ਪੇਸ਼ ਕੀਤੀ ਗਈ।
ਪਿਛਲੇ ਤਿੰਨਾਂ ਸਾਲਾਂ ਵਿੱਚ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਦਾ ਲੇਖਾ-ਜੋਖਾ ਅਤੇ ਆਉਣ ਵਾਲੇ ਤਿੰਨਾਂ ਸਾਲਾਂ ਦੀ ਵਿਉਤਬੰਦੀ ਕਾਨਫਰੰਸ ਵਿੱਚ ਤਿਆਰ ਕੀਤੀ ਗਈ ਅਤੇ ਸਮੂਹ ਡੈਲੀਗੇਟਾਂ ਵੱਲੋਂ ਸਰਬ-ਸੰਮਤੀ ਨਾਲ ਰਿਪੋਰਟ ਨੂੰ ਪਾਸ ਕੀਤਾ ਗਿਆ।ਮਨਰੇਗਾ ਦੀ ਥਾਂ ਲਿਆਂਦੇ ਨਵੇਂ ਕਾਨੂੰਨ ਦਾ ਜ਼ਿਲ੍ਹਾ ਪੱਧਰ ’ਤੇ ਡਟ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ।
ਕਾਨਫਰੰਸ ਦੀ ਸਟੇਜ ਸਕੱਤਰ ਦੀ ਭੂਮਿਕਾ ਰਛਪਾਲ ਸਿੰਘ ਸੰਧੂ ਵੱਲੋਂ ਬਾਖੂਬੀ ਨਾਲ ਨਿਭਾਈ ਗਈ।ਅੰਤ ਵਿੱਚ 27 ਮੈਂਬਰੀ ਜ਼ਿਲ੍ਹਾ ਕੌਂਸਲ ਦੀ ਨਵੀਂ ਚੋਣ ਕੀਤੀ ਗਈ।ਜ਼ਿਲ੍ਹਾ ਕੌਂਸਲ ਵਿੱਚ ਕਾਮਰੇਡ ਕਸ਼ਮੀਰ ਸਿੰਘ ਨੂੰ ਸਰਬ-ਸੰਮਤੀ ਨਾਲ ਜ਼ਿਲ੍ਹਾ ਸਕੱਤਰ ਦੁਬਾਰਾ ਚੁਣ ਲਿਆ ਗਿਆ।





