ਅੰਮਿ੍ਰਤਸਰ : ਸੰਘਣੀ ਧੁੰਦ ਤੇ ਘੱਟ ਵੇਖਣ ਦਿ੍ਰਸ਼ਟੀ ਨੇ ਅੰਮਿ੍ਰਤਸਰ ਅੰਤਰਰਾਸ਼ਟਰੀ ਏਅਰਪੋਰਟ ’ਤੇ ਉਡਾਣ ਸੰਚਾਲਨ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ। ਮੌਸਮ ਦੇ ਮਾੜੇ ਹਾਲਾਤ ਕਾਰਨ ਕਈ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਰੱਦ, ਡਾਇਵਰਟ ਜਾਂ ਦੇਰੀ ਨਾਲ ਚੱਲੀਆਂ। ਰਿਪੋਰਟਾਂ ਮੁਤਾਬਕ ਅੰਮਿ੍ਰਤਸਰ ਹਵਾਈ ਅੱਡੇ ’ਤੇ ਚਾਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਸਥਿਤੀ ਉਦੋਂ ਹੋਰ ਵੀ ਵਿਗੜ ਗਈ, ਜਦੋਂ ਦਿੱਲੀ ਤੋਂ ਅੰਮਿ੍ਰਤਸਰ ਜਾਣ ਵਾਲੀ ਇੱਕ ਉਡਾਣ ਲੰਮੇ ਸਮੇਂ ਤੱਕ ਹਵਾਈ ਅੱਡੇ ਦੇ ਉੱਪਰ ਚੱਕਰ ਲਗਾਉਂਦੀ ਰਹੀ, ਪਰ ਉਸ ਨੂੰ ਲੈਂਡਿੰਗ ਦੀ ਇਜਾਜ਼ਤ ਨਹੀਂ ਦਿੱਤੀ ਗਈ, ਜਿਸ ਕਾਰਨ ਉਸ ਨੂੰ ਦਿੱਲੀ ਵਾਪਸ ਪਰਤਣਾ ਪਿਆ। ਮੁੰਬਈ ਤੋਂ ਅੰਮਿ੍ਰਤਸਰ ਆਉਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਏਅਰ ਟਰੈਫਿਕ ਕੰਟਰੋਲ ਨੇ ਲੈਂਡਿੰਗ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਡਾਣ ਨੂੰ ਜੈਪੁਰ ਮੋੜ ਦਿੱਤਾ ਗਿਆ। ਦੁਬਈ ਤੋਂ ਅੰਮਿ੍ਰਤਸਰ ਪਹੁੰਚਣ ਵਾਲੀ ਇੱਕ ਉਡਾਣ ਨੂੰ ਦਿੱਲੀ ਡਾਇਵਰਟ ਕਰ ਦਿੱਤਾ ਗਿਆ। ਦੇਰ ਰਾਤ ਲਗਭਗ ਇੱਕ ਵਜੇ ਦੁਬਈ ਤੋਂ ਅੰਮਿ੍ਰਤਸਰ ਆਉਣ ਵਾਲੀ ਏਅਰ ਇੰਡੀਆ ਐੱਕਸਪ੍ਰੈਸ ਦੀ ਉਡਾਣ ਵੀ ਦਿੱਲੀ ਡਾਇਵਰਟ ਕਰ ਦਿੱਤੀ ਗਈ। ਇਸ ਤੋਂ ਇਲਾਵਾ ਸਵੇਰੇ 4.20 ਵਜੇ ਅੰਮਿ੍ਰਤਸਰ ਤੋਂ ਦੋਹਾ ਲਈ ਰਵਾਨਾ ਹੋਣ ਵਾਲੀ ਕਤਰ ਏਅਰਵੇਜ਼ ਦੀ ਇੱਕ ਉਡਾਣ ਵੀ ਸਮੇਂ ਸਿਰ ਉਡਾਣ ਨਹੀਂ ਭਰ ਸਕੀ।
ਦਿੱਲੀ, ਸ੍ਰੀਨਗਰ, ਬੰਗਲੁਰੂ, ਹੈਦਰਾਬਾਦ, ਸ਼ਿਮਲਾ ਸਮੇਤ ਵੱਖ-ਵੱਖ ਸ਼ਹਿਰਾਂ ਤੋਂ ਅੰਮਿ੍ਰਤਸਰ ਜਾਣ ਵਾਲੀਆਂ ਬਹੁਤ ਸਾਰੀਆਂ ਉਡਾਣਾਂ ਦੇਰੀ ਨਾਲ ਉਡੀਆਂ, ਜਿਸ ਕਾਰਨ ਯਾਤਰੀਆਂ ਨੂੰ ਅਸੁਵਿਧਾ ਹੋਈ।



