ਲਿੰਚਿੰਗ ਰੁਕ ਨਹੀਂ ਰਹੀ

0
43

ਕੇਰਲਾ ਵਿੱਚ ਛੱਤੀਸਗੜ੍ਹ ਦੇ ਮਜ਼ਦੂਰ ਨੂੰ ਬੰਗਲਾਦੇਸ਼ੀ ਦੱਸ ਕੇ ਮਾਰ ਦੇਣ ਦਾ ਮਾਮਲਾ ਅਜੇ ਪੂਰੀ ਤਰ੍ਹਾਂ ਸ਼ਾਂਤ ਵੀ ਨਹੀਂ ਹੋਇਆ ਕਿ ਲੰਘੇ ਬੁੱਧਵਾਰ ਓਡੀਸ਼ਾ ਵਿੱਚ ਪੱੱਛਮੀ ਬੰਗਾਲ ਦੇ ਮਜ਼ਦੂਰ ਜ਼ੁਏਲ ਸ਼ੇਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਮੁਰਸ਼ਿਦਾਬਾਦ ਦੇ ਚਕਬਹਾਦਰ ਪੁਰ ਦਾ ਜ਼ੁਏਲ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ਦੇ ਸ਼ਾਂਤੀਨਗਰ ਵਿੱਚ ਉਸਾਰੀ ਮਜ਼ਦੂਰ ਵਜੋਂ ਕੰਮ ਕਰ ਰਿਹਾ ਸੀ। ਉਸ ਦੇ ਸਾਥੀ ਮਜ਼ਦੂਰ ਪਲਟੂ ਸ਼ੇਖ ਨੇ ਦੱਸਿਆ ਕਿ ਉਹ ਚਾਹ ਦੀ ਦੁਕਾਨ ’ਤੇ ਸਨ ਕਿ ਕੁਝ ਲੋਕਾਂ ਨੇ ਉੱਥੇ ਆ ਕੇ ਜ਼ੁਏਲ ਤੋਂ ਬੀੜੀ ਮੰਗੀ। ਉਸ ਤੋਂ ਬਾਅਦ ਉਨ੍ਹਾਂ ਨੂੰ ਆਧਾਰ ਕਾਰਡ ਦਿਖਾਉਣ ਲਈ ਕਿਹਾ। ਉਨ੍ਹਾਂ ਆਧਾਰ ਕਾਰਡ ਦਿਖਾ ਦਿੱਤੇ। ਅਚਾਨਕ ਉਨ੍ਹਾਂ ਲਾਠੀਆਂ ਨਾਲ ਹਮਲਾ ਕਰ ਦਿੱਤਾ। ਸਿਰ ’ਤੇ ਲਾਠੀ ਲੱਗਣ ਨਾਲ ਜ਼ੁਏਲ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਹਸਪਤਾਲ ਲੈ ਕੇ ਪੁੱਜੇ ਤਾਂ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ। ਪਲਟੂ ਨੇ ਦੱਸਿਆ ਕਿ ਉਹ 12 ਸਾਲ ਤੋਂ ਓਡੀਸ਼ਾ ਵਿੱਚ ਕੰਮ ਕਰ ਰਿਹਾ ਹੈ, ਪਹਿਲੀ ਵਾਰ ਉਨ੍ਹਾਂ ਨਾਲ ਅਜਿਹੀ ਵਾਰਦਾਤ ਹੋਈ। ਜ਼ੁਏਲ ਦੀ ਮਾਂ ਨੇ ਦੱਸਿਆ ਕਿ ਉਸ ਦੇ ਸਾਥੀਆਂ ਨੇ ਦੱਸਿਆ ਕਿ ਉਸ ਨੂੰ ਬੰਗਲਾਦੇਸ਼ੀ ਕਹਿ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ।
ਜਦੋਂ ਤੋਂ ਓਡੀਸ਼ਾ ਵਿੱਚ ਭਾਜਪਾ ਸਰਕਾਰ ਬਣੀ ਹੈ, ਬੰਗਾਲੀਆਂ ਨੂੰ ਬੰਗਲਾਦੇਸ਼ੀ ਕਹਿ ਕੇ ਕੁੱਟਿਆ ਜਾ ਰਿਹਾ ਹੈ ਤੇ ਗਿ੍ਰਫਤਾਰ ਕੀਤਾ ਜਾ ਰਿਹਾ ਹੈ।
ਕੇਰਲਾ ਦੇ ਪਲੱਕੜ ਜ਼ਿਲ੍ਹੇ ਵਿੱਚ ਛੱਤੀਸਗੜ੍ਹ ਦੇ 31 ਸਾਲਾ ਮਜ਼ਦੂਰ ਰਾਮ ਨਾਰਾਇਣ ਬਘੇਲ ਦੀ 17 ਦਸੰਬਰ ਨੂੰ ਭੀੜ ਨੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਵਾਇਰਲ ਵੀਡੀਓ ਵਿੱਚ ਹਮਲਾਵਰ ਨੂੰ ਰਾਮ ਨਾਰਾਇਣ ਤੋਂ ਵਾਰ-ਵਾਰ ਪੁੱਛਦੇ ਸੁਣਿਆ ਗਿਆਕੀ ਤੂੰ ਬੰਗਲਾਦੇਸ਼ੀ ਹੈਂ? ਰਾਮ ਨਾਰਾਇਣ ਬਿਹਤਰ ਕਮਾਈ ਦੀ ਤਲਾਸ਼ ਵਿੱਚ 13 ਦਸੰਬਰ ਨੂੰ ਹੀ ਕੇਰਲਾ ਪੁੱਜਾ ਸੀ ਅਤੇ ਉਸਾਰੀ ਮਜ਼ਦੂਰ ਦਾ ਕੰਮ ਕਰ ਰਿਹਾ ਸੀ। ਉਹ ਵਾਲਯਾਰ ਵਿੱਚ ਰਿਸ਼ਤੇਦਾਰ ਕੋਲ ਠਹਿਰਿਆ ਸੀ ਤੇ ਨਵਾਂ-ਨਵਾਂ ਹੋਣ ਕਰਕੇ ਰਾਹ ਭਟਕ ਕੇ ਕਿਸੇ ਹੋਰ ਪਿੰਡ ਪੁੱਜ ਗਿਆ। ਪਹਿਲਾਂ ਉੱਥੇ ਚੋਰੀ ਦੀ ਘਟਨਾ ਹੋਈ ਸੀ, ਇਸ ਕਰਕੇ ਲੋਕਾਂ ਨੇ ਉਸ ਨੂੰ ਚੋਰ ਸਮਝ ਕੇ ਫੜ ਲਿਆ। ਪੁੱਛਗਿੱਛ ਤੋਂ ਬਾਅਦ ਬੁਰੀ ਤਰ੍ਹਾਂ ਕੁੱਟ ਦਿੱਤਾ। ਲੋਕਲ ਬਾਡੀਜ਼ ਮੰਤਰੀ ਐੱਮ ਬੀ ਰਾਜੇਸ਼ ਨੇ ਇਸ ਘਟਨਾ ਨੂੰ ਸੰਘ ਪਰਵਾਰ ਦੀ ਨਫਰਤੀ ਸਿਆਸਤ ਦਾ ਨਤੀਜਾ ਦੱਸਦਿਆਂ ਕਿਹਾ ਕਿ ਪਹਿਲਾਂ ਉਸ ਨੂੰ ਬੰਗਲਾਦੇਸ਼ੀ ਕਹਿ ਕੇ ਕਲੰਕਿਤ ਕੀਤਾ ਗਿਆ ਤੇ ਫਿਰ ਮਾਰ ਦਿੱਤਾ। ਫੜੇ ਗਏ ਲੋਕਾਂ ਵਿੱਚ ਸੰਘ ਦੇ ਕਾਰਕੁਨ ਸ਼ਾਮਲ ਹਨ, ਜਿਨ੍ਹਾਂ ’ਤੇ ਪਹਿਲਾਂ ਵੀ ਫੌਜਦਾਰੀ ਮਾਮਲੇ ਦਰਜ ਹਨ।
ਅਜਿਹੀਆਂ ਘਟਨਾਵਾਂ ਉਦੋਂ ਹੋ ਰਹੀਆਂ ਹਨ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਘੁਸਪੈਠੀਆਂ ਦਾ ਰਾਗ ਅਲਾਪ ਰਹੇ ਹਨ। ਵੋਟਰ ਸੂਚੀਆਂ ਦੀ ਡੂੰਘੀ ਸੁਧਾਈ (ਐੱਸ ਆਈ ਆਰ) ਦੇ ਨਾਂਅ ’ਤੇ ਗੈਰਕਾਨੂੰਨੀ ਘੁਸਪੈਠੀਏ ਵੋਟਰਾਂ ਦਾ ਪਤਾ ਲਾਉਣ ਦਾ ਰੌਲਾ ਪਾਇਆ ਜਾ ਰਿਹਾ ਹੈ। ਇਸ ਤੋਂ ਉਤਸ਼ਾਹਤ ਹੋ ਕੇ ਸੰਘ ਪਰਵਾਰ ਦੇ ਲੋਕ ਘੱਟ-ਗਿਣਤੀਆਂ ਨੂੰ ਨਿਸ਼ਾਨਾ ਬਣਾ ਰਹੇ ਹਨ। ਉਜ ਇਹ ਸਿਲਸਿਲਾ 2014 ਨੂੰ ਭਾਜਪਾ ਦੇ ਕੇਂਦਰ ਵਿੱਚ ਬਹੁਮਤ ਨਾਲ ਸੱਤਾ ’ਚ ਆਉਣ ਤੋਂ ਹੀ ਜਾਰੀ ਹੈ। ਪਿਛਲੇ 11 ਸਾਲਾਂ ਤੋਂ ਭੀੜ-ਤੰਤਰੀ ਹਿੰਸਾ ਦੀਆਂ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਬਹੁਲਤਾਵਾਦੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੇ ਇਨ੍ਹਾਂ ਨੂੰ ਰੋਕਣ ਲਈ ਕਦੇ ਵੀ ਇਮਾਨਦਾਰਾਨਾ ਕੋਸ਼ਿਸ਼ ਨਹੀਂ ਕੀਤੀ। ਉਲਟਾ ਯੂ ਪੀ ਦੀ ਯੋਗੀ ਆਦਿਤਿਆਨਾਥ ਸਰਕਾਰ ਤਾਂ ਅਖ਼ਲਾਕ ਨੂੰ ਕੁੱਟ-ਕੁੱਟ ਕੇ ਮਾਰਨ ਵਾਲੇ ਅਖੌਤੀ ਗਊ-ਰੱਖਿਅਕਾਂ ਦੇ ਖਿਲਾਫ ਮੁਕੱਦਮਾ ਹੀ ਡਰਾਪ ਕਰਾਉਣ ਤੱਕ ਪੁੱਜ ਗਈ। ਭਾਜਪਾ ਦੀ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਇਹ ਯੋਜਨਾ ਕਦੇ ਸਫਲ ਨਹੀਂ ਹੋਣ ਵਾਲੀ ਤੇ ਜੇ ਹਿੰਸਾ ਦਾ ਸ਼ਿਕਾਰ ਹੋਣ ਵਾਲੇ ਡਟ ਗਏ ਤਾਂ ਦੇਸ਼ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।