ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਬ-ਕਮੇਟੀਆਂ ਦਾ ਗਠਨ

0
44

ਜਲੰਧਰ (ਕੇਸਰ)-ਦੇਸ਼ ਭਗਤ ਯਾਦਗਾਰ ਕਮੇਟੀ ਦੀ ਜਨਰਲ ਬਾਡੀ ਦੀ ਵਿਸ਼ੇਸ਼ ਮੀਟਿੰਗ ’ਚ ਬੋਰਡ ਆਫ਼ ਟਰੱਸਟ ਦਾ ਪੁਨਰਗਠਨ ਕੀਤਾ ਗਿਆ ਅਤੇ ਵੱਖ-ਵੱਖ ਮਹੱਤਵਪੂਰਨ ਕਾਰਜਾਂ ਦੀਆਂ ਵਿਸ਼ੇਸ਼ ਜ਼ਿੰਮੇਵਾਰੀਆਂ ਅਦਾ ਕਰਨ ਲਈ ਸਬ-ਕਮੇਟੀਆਂ ਦਾ ਗਠਨ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਜਨਰਲ ਬਾਡੀ ਮੀਟਿੰਗ ’ਚ ਸਰਬ-ਸੰਮਤੀ ਨਾਲ ਕੀਤੇ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਇਤਿਹਾਸ ਕਮੇਟੀ ਦੇ ਕਨਵੀਨਰ ਚਰੰਜੀ ਲਾਲ ਕੰਗਣੀਵਾਲ, ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਆਡਿਟ ਅਤੇ ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ ਨੂੰ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਇਹਨਾਂ ਕਨਵੀਨਰਾਂ ਦੀ ਅਗਵਾਈ ’ਚ ਬਣੀਆਂ ਵੱਖ-ਵੱਖ ਕਮੇਟੀਆਂ ਨਿਕਟ ਭਵਿੱਖ਼ ਵਿੱਚ ਆਪਣੀਆਂ ਮੀਟਿੰਗਾਂ ਕਰਕੇ ਆਪੋ-ਆਪਣੇ ਖੇਤਰ ਦੇ ਕਾਰਜਾਂ ਦੀ ਵਿਉਂਤਬੰਦੀ ਕਰਨ ਅਤੇ ਕਮੇਟੀਆਂ ਦੀ ਕਾਰਜ਼ਕੁਸ਼ਲਤਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਤਜਵੀਜ਼ਤ ਖ਼ਾਕਾ ਤਿਆਰ ਕਰਨਗੀਆਂ, ਤਾਂ ਜੋ ਦੇਸ਼ ਭਗਤ ਯਾਦਗਾਰ ਕਮੇਟੀ ਦੀ ਨਿਰਧਾਰਤ ਆਧਾਰਸ਼ਿਲਾ ਅਤੇ ਪ੍ਰਵਾਨਤ ਸੇਧ ਵਿੱਚ ਦੇਸ਼ ਭਗਤ ਯਾਦਗਾਰ ਹਾਲ ਅੰਦਰ ਸਰਗਰਮੀਆਂ ਅਤੇ ਢੁਕਵੇਂ ਪ੍ਰੋਜੈਕਟਾਂ ਨੂੰ ਹੱਥ ਲਿਆ ਜਾ ਸਕੇ। ਇਹਨਾਂ ਕਮੇਟੀਆਂ ਵੱਲੋਂ ਸਾਂਝੇ ਤੌਰ ’ਤੇ ਨਵੇਂ ਵਰੇ੍ਹ ਦੀ ਆਮਦ ਮੌਕੇ ਹਰ ਸਾਲ ਦੀ ਤਰ੍ਹਾਂ ਇਹਨਾਂ ਕਮੇਟੀਆਂ ਦੇ ਸਹਿਯੋਗੀ ਘੇਰੇ ਨਾਲ ਨਿੱਘੀ ਮਿਲਣੀ ਕਰਕੇ ਉਹਨਾਂ ਤੋਂ ਸਰਗਰਮੀਆਂ ਦੀ ਭਵਿੱਖ਼ ’ਚ ਸਫ਼ਲਤਾ ਲਈ ਸਹਿਯੋਗ ਮੰਗਿਆ ਜਾਏਗਾ। ਇਹ ਫੈਸਲਾ ਵੀ ਕੀਤਾ ਗਿਆ ਕਿ ਫਰਵਰੀ ਮਹੀਨੇ ਇੱਕ ਵਿਸ਼ੇਸ਼ ਸਮਾਗਮ ਕਰਕੇ ਅਗਲੇ ਵਰੇ੍ਹ ਦੀਆਂ ਵਿਸ਼ੇਸ਼ ਸਰਗਰਮੀਆਂ ਬਾਰੇ ਵਿਚਾਰ-ਚਰਚਾ ਕੀਤੀ ਜਾਏਗੀ। ਮੀਟਿੰਗ ਦਾ ਆਗਾਜ਼ ਸੂਫ਼ੀ ਗਾਇਕ ਅਤੇ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਸਨਮਾਨਤ ਗਾਇਕ ਪੂਰਨ ਸ਼ਾਹਕੋਟੀ, ਇਨਕਲਾਬੀ ਜਮਹੂਰੀ ਲਹਿਰ ਦੇ ਪ੍ਰਗਣ ਸਿੰਘ ਤੋਤਾ ਰਾਏਪੁਰ ਡੱਬਾ, ਡਾ. ਲਾਭ ਸਿੰਘ ਰਾਜਾ ਸਾਹਿਬ ਦਾ ਮਜ਼ਾਰਾ ਅਤੇ ਕੈਨੇਡਾ ਵਸਦੇ ਭੁਪਿੰਦਰ ਮੱਲ੍ਹੀ ਦੇ ਭਰਾ ਚੰਦਨ ਸਿੰਘ ਦੇ ਵਿਛੋੜੇ ’ਤੇ ਉਹਨਾਂ ਨੂੰ ਸਿਜਦਾ ਕਰਨ ਨਾਲ ਹੋਇਆ।