ਅੰਮਿ੍ਰਤਸਰ : ਅੰਮਿ੍ਰਤਸਰ ਦੇ ਪੁਰਾਣੇ ਚਾਰਦੀਵਾਰੀ ਵਾਲੇ ਸ਼ਹਿਰ ਵਿੱਚੋਂ ਸ਼ਰਾਬ, ਮੀਟ, ਅੰਡੇ, ਤੰਬਾਕੂ ਅਤੇ ਹੋਰ ਮਾਸਾਹਾਰੀ ਵਸਤਾਂ ਵੇਚਣ ਵਾਲੇ ਅਸਥਾਈ ਖੋਖਿਆਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਅੰਮਿ੍ਰਤਸਰ ਨੂੰ ਹਾਲ ਹੀ ਵਿੱਚ ਪਵਿੱਤਰ ਸ਼ਹਿਰ ਐਲਾਨਿਆ ਗਿਆ ਹੈ। ਅੰਮਿ੍ਰਤਸਰ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਵਿਸਤਿ੍ਰਤ ਸਰਵੇਖਣ ਦੌਰਾਨ ਚਾਰਦੀਵਾਰੀ ਵਾਲੇ ਸ਼ਹਿਰ ਅੰਦਰ ਚੱਲ ਰਹੀਆਂ ਲਗਭਗ 150 ਅਸਥਾਈ ਦੁਕਾਨਾਂ ਅਤੇ ਸਟਾਲਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿੱਚ ਮੀਟ ਦੀਆਂ ਦੁਕਾਨਾਂ, ਪਾਨ-ਬੀੜੀ ਦੇ ਖੋਖੇ ਅਤੇ ਉਬਲੇ ਹੋਏ ਅੰਡੇ ਵੇਚਣ ਵਾਲੀਆਂ ਰੇਹੜੀਆਂ ਸ਼ਾਮਲ ਹਨ, ਜੋ ਖਾਸ ਕਰਕੇ ਸ਼ਾਸਤਰੀ ਮਾਰਕੀਟ ਨੇੜੇ ਪੁਰਾਣੇ ਟੈਲੀਫੋਨ ਐਕਸਚੇਂਜ ਅਤੇ ਕਟੜਾ ਜੈਮਲ ਸਿੰਘ ਵਰਗੇ ਖੇਤਰਾਂ ਵਿੱਚ ਸਥਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਥੀ ਗੇਟ, ਲੋਹਗੜ੍ਹ ਗੇਟ, ਹਕੀਮਾਂ ਗੇਟ, ਭਗਤਾਂਵਾਲਾ ਗੇਟ, ਗੁਰੂਵਾਲੀ ਗੇਟ, ਗੁਰੂ ਬਾਜ਼ਾਰ, ਲਾਹੌਰੀ ਗੇਟ, ਨਮਕ ਮੰਡੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਮਾਸਾਹਾਰੀ ਭੋਜਨ ਅਤੇ ਤੰਬਾਕੂ ਉਤਪਾਦ ਵੇਚਣ ਵਾਲੇ ਵਿਕਰੇਤਾ ਮਿਲੇ ਹਨ।
ਅੰਮਿ੍ਰਤਸਰ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਕਿਹਾ ਕਿ ਆਬਕਾਰੀ ਵਿਭਾਗ ਨੇ ਚਾਰਦੀਵਾਰੀ ਦੇ ਅੰਦਰ ਸ਼ਰਾਬ ਦੇ ਠੇਕਿਆਂ ਦੇ ਲਾਇਸੈਂਸ ਜਾਰੀ ਨਹੀਂ ਕੀਤੇ ਹਨ, ਫਿਰ ਵੀ ਕੁਝ ਗੈਰ-ਕਾਨੂੰਨੀ ਸ਼ਰਾਬ ਦੀ ਵਿਕਰੀ ਹੋ ਰਹੀ ਸੀ।
ਉਨ੍ਹਾ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਸਥਿਤ ਲਗਭਗ 650 ਹੋਟਲਾਂ ਅਤੇ ਗੈਸਟ ਹਾਊਸਾਂ ’ਤੇ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਉਹ ਪਹਿਲਾਂ ਹੀ ਸ਼ਰਧਾਲੂਆਂ ਨੂੰ ਸ਼ਰਾਬ ਜਾਂ ਮਾਸਾਹਾਰੀ ਭੋਜਨ ਨਹੀਂ ਪਰੋਸਦੇ।




