ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਈ ਹਸਪਤਾਲਾਂ ਵਿੱਚ ਸਨਿੱਚਰਵਾਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਡਾਕਟਰੀ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਤ ਹੋਈਆਂ।
ਇਹ ਹੜਤਾਲ ਰੈਜ਼ੀਡੈਂਟ ਡਾਕਟਰਾਂ ਵੱਲੋਂ ਇੱਕ ਮਰੀਜ਼ ਨਾਲ ਹੱਥੋਪਾਈ ਕਰਨ ਵਾਲੇ ਡਾਕਟਰ ਦੀਆਂ ਸੇਵਾਵਾਂ ਖਤਮ ਕਰਨ ਦੇ ਵਿਰੋਧ ਵਿੱਚ ਅਣਮਿੱਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੈ। ਦੂਰ-ਦੁਰਾਡੇ ਦੇ ਇਲਾਕਿਆਂ ਤੋਂ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਵਾਰਸਾਂ ਨੂੰ ਡਾਕਟਰਾਂ ਦੀ ਗੈਰ-ਮੌਜੂਦਗੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਦਰਾ ਗਾਂਧੀ ਮੈਡੀਕਲ ਕਾਲਜ ਅਤੇ ਹੋਰ ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਸਨਿੱਚਰਵਾਰ ਤੋਂ ਰੁਟੀਨ ਸੇਵਾਵਾਂ, ਓਪਰੇਸ਼ਨ ਥੀਏਟਰ ਅਤੇ ਓ ਪੀ ਡੀ ਬੰਦ ਰੱਖਣ ਦਾ ਐਲਾਨ ਕੀਤਾ ਹੈ, ਜਦ ਕਿ ਸਿਰਫ ਐਮਰਜੈਂਸੀ ਸੇਵਾਵਾਂ ਚਾਲੂ ਰਹਿਣਗੀਆਂ। ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਡਾਕਟਰ ਰਾਘਵ ਨਰੂਲਾ ਦੀਆਂ ਸੇਵਾਵਾਂ ਇਸ ਲਈ ਖਤਮ ਕਰ ਦਿੱਤੀਆਂ ਸਨ, ਕਿਉਂਕਿ ਉਹ ਸੋਮਵਾਰ ਨੂੰ ਇੱਕ ਮਰੀਜ਼ ਅਰਜੁਨ ਸਿੰਘ ਨਾਲ ਗੁੱਥਮ-ਗੁੱਥਾ ਹੋ ਗਏ ਸਨ। ਦੂਜੇ ਪਾਸੇ ਡਾਕਟਰ ਨਰੂਲਾ ਦਾ ਕਹਿਣਾ ਹੈ ਕਿ ਮਰੀਜ਼ ਨੇ ਉਸ ਦੇ ਪਰਵਾਰ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਉਸ ਨੂੰ ਉਕਸਾਇਆ ਸੀ। ਜਾਂਚ ਕਮੇਟੀ ਨੇ ਦੋਵਾਂ ਧਿਰਾਂ ਨੂੰ ਕਸੂਰਵਾਰ ਪਾਇਆ ਹੈ।





