ਤਰਸਿੱਕਾ (ਤਰਸੇਮ ਸਿੰਘ ਸਾਧਪੁਰ)
ਭਾਰਤੀ ਕਮਿਊਨਿਸਟ ਪਾਰਟੀ ਅੰਮਿ੍ਰਤਸਰ (ਦਿਹਾਤੀ) ਦੀ ਜ਼ਿਲ੍ਹਾ ਕੌਂਸਲ ਦੀ ਹੋਈ ਮੀਟਿੰਗ ਵਿੱਚ ਪਾਰਟੀ ਦੇ ਸਥਾਪਨਾ ਦਿਵਸ ਦੀ 100 ਵੀਂ ਵਰ੍ਹੇਗੰਢ ਝੰਡਾ ਲਹਿਰਾ ਕੇ ਪੂਰੇ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਈ ਗਈ।
ਝੰਡਾ ਲਹਿਰਾਉਣ ਦੀ ਰਸਮ ਬਜ਼ੁਰਗ ਕਮਿਊਨਿਸਟ ਆਗੂ ਅਨੂਪ ਸਿੰਘ ਪੰਡੋਰੀ ਨੇ ਨਿਭਾਈ। ਮੀਟਿੰਗ ਸੁਖਦੇਵ ਸਿੰਘ ਜਗਦੇਵ ਕਲਾਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਇੰਚਾਰਜ ਹਰਦੇਵ ਸਿੰਘ ਅਰਸ਼ੀ ਸਾਬਕਾ ਐੱਮ ਐੱਲ ਏ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਦਾ ਪਿਛਲੇ ਸੌ ਸਾਲਾਂ ਦਾ ਇਤਿਹਾਸ ਬੜਾ ਸ਼ਾਨਦਾਰ ਰਿਹਾ ਹੈ।ਇਸ ਸਮੇਂ ਦੀਆਂ ਪ੍ਰਾਪਤੀਆਂ, ਲੜੇ ਗਏ ਸੰਘਰਸ਼ਾਂ ਬਾਰੇ ਉਹਨਾ ਬੜੇ ਵਿਸਥਾਰਪੂਰਵਕ ਚਾਨਣਾ ਪਾਇਆ। ਅਜ਼ਾਦੀ ਦੀ ਲੜਾਈ ਅਤੇ ਉਸ ਤੋਂ ਬਾਅਦ ਦੇਸ਼ ਅੰਦਰ ਚੱਲੀਆਂ ਲਹਿਰਾਂ ਅੰਦਰ ਕਮਿਊਨਿਸਟਾਂ ਦੇ ਸ਼ਾਨਦਾਰ ਰੋਲ ਬਾਰੇ ਦੱਸਿਆ। ਪਾਰਟੀ ਦੇ ਆਪਣੇ ਮੂਲ ਨਿਸ਼ਾਨੇ ਸਮਾਜਵਾਦੀ ਰਾਜ ਪ੍ਰਬੰਧ ਦੀ ਸਥਾਪਨਾ ਬਾਰੇ ਬੋਲਦਿਆਂ ਉਨ੍ਹਾ ਕਿਹਾ ਕਿ ਅੱਜ ਪਹਿਲਾਂ ਨਾਲੋਂ ਵੀ ਵੱਧ ਇਸ ਨਿਸ਼ਾਨੇ ਦੀ ਪ੍ਰਾਪਤੀ ਲਈ ਸੰਘਰਸ਼ ਦੀ ਲੋੜ ਹੈ, ਕਿਉਕਿ ਅੱਜ ਦੇਸ਼ ਅੰਦਰ ਰਾਜ ਕਰਦੀ ਪਾਰਟੀ ਅਤੇ ਇਸ ਦੀ ਮਾਂ ਸੰਸਥਾ ਆਰ ਐੱਸ ਐੱਸ ਦੇਸ਼ ਦੇ ਸਾਰੇ ਜਮਹੂਰੀ ਅਦਾਰਿਆਂ ਅੰਦਰ ਘੁਸਪੈਠ ਕਰਕੇ ਦੇਸ਼ ਦੇ ਆਜ਼ਾਦੀ ਅੰਦੋਲਨ ਦੇ ਇਤਿਹਾਸ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੀ ਹੋਈ ਹੈ। ਦੇਸ਼ ਅੰਦਰ ਵਸਦੀਆਂ ਘੱਟ ਗਿਣਤੀਆਂ ਅਤੇ ਖਾਸ ਕਰਕੇ ਸਿੱਖਾਂ, ਮੁਸਲਮਾਨਾਂ, ਔਰਤਾਂ ਅਤੇ ਦਲਿਤ ਵਰਗਾਂ ਖਿਲਾਫ ਯੋਜਨਾਬੱਧ ਤਰੀਕੇ ਨਾਲ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ।ਜ਼ਿਲ੍ਹਾ ਸਕੱਤਰ ਲਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਅੱਜ ਗੂਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ, ਜਿਹਨਾਂ ਮੁਗਲ ਸ਼ਾਸਕਾਂ ਦੀ ਈਨ ਨਾ ਮੰਨ ਕੇ ਕੁਰਬਾਨੀ ਦਿੱਤੀ ਸੀ। ਉਹਨਾਂ ਦੀ ਸ਼ਹਾਦਤ ਅੱਜ ਵੀ ਜਬਰ ਖਿਲਾਫ ਲੜਨ ਵਾਲੇ ਲੋਕਾਂ ਲਈ ਚਾਨਣ-ਮੁਨਾਰਾ ਹੈ।ਉਥੇ ਅੱਜ ਦੇ ਦਿਨ ਹੀ ਸ਼ਹੀਦ ਊਧਮ ਸਿੰਘ ਦੇ ਜਨਮ ਦਿਨ ’ਤੇ ਉਸ ਵੱਲੋਂ ਦੇਸ਼ ਦੇ ਆਜ਼ਾਦੀ ਅੰਦੋਲਨ ਅੰਦਰ ਕੀਤੀ ਲਾਸਾਨੀ ਕੁਰਬਾਨੀ ਨੂੰ ਸਲਾਮ ਕਰਦਿਆਂ ਉਹਨਾ ਤੋਂ ਪ੍ਰੇਰਨਾ ਲੈਣ ਦਾ ਸੁਨੇਹਾ ਦਿੰਦਿਆਂ ਅੱਜ ਦੇ ਸਮੇਂ ਦੀਆਂ ਸਰਕਾਰਾਂ ਦੇ ਜਬਰ-ਜ਼ੁਲਮ ਖਿਲਾਫ ਡਟਣ ਦਾ ਸੱਦਾ ਦਿੱਤਾ ਗਿਆ। ਮੀਟਿੰਗ ’ਚ 4 ਜਨਵਰੀ ਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਯਾਦ ਵਿੱਚ ਉਹਨਾ ਦੇ ਪਿੰਡ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ ਦਾ ਫੈਸਲਾ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਮਜਦੂਰਾਂ, ਕਿਸਾਨਾਂ ਅਤੇ ਮਿਹਨਤਕਸ਼ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਖਤਮ ਕਰਨ ਅਤੇ ਲਗਾਤਾਰ ਲੋਕ ਵਿਰੋਧੀ ਕਾਨੂੰਨਾਂ ਰਾਹੀਂ ਲੋਕਾਂ ਉਪਰ ਕੀਤੇ ਜਾ ਰਹੇ ਹਮਲਿਆਂ ਖਿਲਾਫ ਲੋਕ ਲਹਿਰ ਖੜੀ ਕਰਨ ਲਈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਪਰ ਮਨਰੇਗਾ ਕਾਨੂੰਨ ਖਤਮ ਕਰਨ, ਬਿਜਲੀ ਬਿੱਲ 2025, ਬੀਜ ਬਿੱਲ ਅਤੇ ਚਾਰ ਲੇਬਰ ਕੋਡਾਂ ਖਿਲਾਫ 16 ਜਨਵਰੀ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਆਮ ਲੋਕਾਂ ਤੱਕ ਪਹੁੰਚ ਕਰਨ ਦਾ ਫੈਸਲਾ ਕੀਤਾ ਗਿਆ। ਜ਼ਿਲ੍ਹਾ ਸਕੱਤਰ ਵੱਲੋਂ ਪਾਰਟੀ ਦੇ ਪਿਛਲੇ ਤਿੰਨ ਸਾਲਾਂ ਦੀ ਜਥੇਬੰਦਕ ਤੇ ਸਿਆਸੀ ਰਿਪੋਰਟ ਹਾਊਸ ਸਾਹਮਣੇ ਪੇਸ਼ ਕੀਤੀ ਗਈ, ਜੋ ਬਹਿਸ ਉਪਰੰਤ ਕੁਝ ਵਾਧਿਆਂ ਨਾਲ ਸਰਬਸੰਮਤੀ ਨਾਲ ਪ੍ਰਵਾਨ ਕੀਤੀ ਗਈ। ਇਸ ਉਪਰੰਤ ਜ਼ਿਲ੍ਹਾ ਕੌਂਸਲ ਨੇ ਪਾਰਟੀ ਦਾ ਜ਼ਿਲ੍ਹਾ ਡੈਲੀਗੇਟ ਅਜਲਾਸ 29 ਜਨਵਰੀ ਨੂੰ ਪਿੰਡ ਖਜਾਲਾ (ਅੰਮਿ੍ਰਤਸਰ-ਮਹਿਤਾ ਰੋਡ) ਵਿਖੇ ਕਰਵਾਉਣ ਦਾ ਫੈਸਲਾ ਕੀਤਾ।
ਮੀਟਿੰਗ ਵਿੱਚ ਬਲਵਿੰਦਰ ਸਿੰਘ ਦੁਧਾਲਾ, ਨਰਿੰਦਰ ਬੱਲ, ਮੰਗਲ ਸਿੰਘ ਖਜਾਲਾ, ਗੁਰਦੀਪ ਸਿੰਘ ਗੁਰੂਵਾਲੀ, ਗੁਰਮੁਖ ਸਿੰਘ ਸ਼ੇਰਗਿੱਲ, ਅਜਮਤ ਮਸੀਹ ਅਟਾਰੀ, ਸੁੱਚਾ ਸਿੰਘ ਧੌਲ, ਬਲਕਾਰ ਸਿੰਘ ਦੁਧਾਲਾ, ਜੋਗਿੰਦਰ ਸਿੰਘ ਗੋਪਾਲਪੁਰ, ਪ੍ਰਕਾਸ਼ ਸਿੰਘ ਕੈਰੋਂਨੰਗਲ, ਕੁਲਵੰਤ ਸਿੰਘ ਫਤਿਹਗੜ੍ਹ ਸ਼ੁੱਕਰਚੱਕ, ਪਲਵਿੰਦਰ ਸਿੰਘ ਬੱਲ, ਬਲਬੀਰ ਸਿੰਘ ਗੁਮਾਨਪੁਰ, ਜਸਪਾਲ ਸਿੰਘ ਖਾਸਾ, ਕਰਨੈਲ ਸਿੰਘ ਨਵਾਂ ਪਿੰਡ, ਮਾਸਟਰ ਅਜਾਦ ਸਿੰਘ ਮਹਿਤਾ, ਨਰਿੰਦਰ ਸਿੰਘ ਸੈਦੋਲੇਹਲ, ਹਰਜੀਤ ਸਿੰਘ ਨਿਜ਼ਾਮਪੁਰ, ਜੋਗਿੰਦਰ ਸਿੰਘ ਚਵਿੰਡਾ ਦੇਵੀ, ਜਗਦੀਸ਼ ਸਿੰਘ ਲਹਿਰਕਾ, ਬਲਵਿੰਦਰ ਸਿੰਘ ਵਰਪਾਲ, ਕਸ਼ਮੀਰ ਸਿੰਘ ਗੁਰੂਵਾਲੀ, ਮਨਜੀਤ ਸਿੰਘ ਵਰਪਾਲ ਤੇ ਨਿਰਮਲ ਸਿੰਘ ਰਾਮਪੁਰ ਆਦਿ ਮੌਜੂਦ ਸਨ।




