ਸਾਲ ਦੇ ਪਹਿਲੇ ਦਿਨ ਮੀਂਹ, ਠੰਢ ਵਧਣ ਦੀ ਚਿਤਾਵਨੀ

0
24

ਚੰਡੀਗੜ੍ਹ : ਸਾਲ 2026 ਦੇ ਪਹਿਲੇ ਦਿਨ ਪੰਜਾਬ ਵਿੱਚ ਜਲੰਧਰ ਸਮੇਤ ਕਈ ਥਾਵਾਂ ‘ਤੇ ਮੀਂਹ ਪੈਣ ਦੀਆਂ ਰਿਪੋਰਟਾਂ ਹਨ | ਮੁਹਾਲੀ, ਚੰਡੀਗੜ੍ਹ ਤੇ ਆਸ-ਪਾਸ ਖੇਤਰ ਵਿੱਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਠੰਢ ਦਾ ਅਸਰ ਹੋਰ ਵਧ ਗਿਆ ਹੈ | ਭਾਰਤੀ ਮੌਸਮ ਵਿਭਾਗ ਦੇ ਵਿਗਿਆਨੀ ਡਾ. ਨਰੇਸ਼ ਕੁਮਾਰ ਨੇ ਦੱਸਿਆ ਕਿ ਉੱਤਰੀ ਭਾਰਤ ਵਿੱਚ ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਸੰਘਣੀ ਧੁੰਦ ਛਾਈ ਹੋਈ ਹੈ ਅਤੇ ਅੱਜ ਨਵੇਂ ਸਾਲ ਵਾਲੇ ਦਿਨ ਆਸਮਾਨ ਵਿੱਚ ਬੱਦਲ ਛਾਏ ਰਹਿਣ ਦੇ ਨਾਲ-ਨਾਲ ਦਿਨ ਵੇਲੇ ਵੀ ਠੰਢ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਹੈ | ਇਸ ਦੌਰਾਨ ਸਕਾਈਮੈਟ ਦੇ ਮੌਸਮ ਵਿਗਿਆਨੀ ਮਹੇਸ਼ ਪਲਾਵਤ ਅਨੁਸਾਰ ਪੰਜਾਬ ਅਤੇ ਹਰਿਆਣਾ ਦੇ ਉੱਪਰ ਬਣੇ ਚੱਕਰਵਾਤੀ ਸਰਕੂਲੇਸ਼ਨ ਕਾਰਨ ਦਿੱਲੀ ਅਤੇ ਐਨ.ਸੀ.ਆਰ ਵਿੱਚ ਵੀ ਮੌਸਮ ਦੀ ਪਹਿਲੀ ਹਲਕੀ ਬਾਰਿਸ਼ ਹੋ ਸਕਦੀ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ 3 ਜਨਵਰੀ ਤੋਂ ਸੀਤ ਲਹਿਰ ਚੱਲਣ ਕਾਰਨ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗ ਸਕਦਾ ਹੈ |
ਕਸ਼ਮੀਰ ਵਿੱਚ ਨਵੇਂ ਸਾਲ ਦਾ ਸਵਾਗਤ ਵਾਦੀ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨਾਂ ਅਤੇ ਉੱਚੇ ਇਲਾਕਿਆਂ ਵਿੱਚ ਹੋਈ ਤਾਜ਼ਾ ਬਰਫ਼ਬਾਰੀ ਨਾਲ ਹੋਇਆ ਹੈ | ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਲਮਰਗ, ਪਹਿਲਗਾਮ ਅਤੇ ਸੋਨਮਰਗ ਸਮੇਤ ਸੈਰ-ਸਪਾਟਾ ਸਥਾਨਾਂ ‘ਤੇ ਰਾਤ ਭਰ ਤਾਜ਼ਾ ਬਰਫ਼ਬਾਰੀ ਹੋਈ ਜੋ ਵੀਰਵਾਰ ਸਵੇਰ ਤੱਕ ਜਾਰੀ ਰਹੀ, ਜਿਸ ਨੇ ਵੱਡੀ ਗਿਣਤੀ ਵਿੱਚ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਿਆ | ਅਧਿਕਾਰੀਆਂ ਅਨੁਸਾਰ ਕਈ ਉੱਚੇ ਇਲਾਕਿਆਂ-ਗੁਰੇਜ਼ ਵਿੱਚ ਤੁਲੈਲ ਘਾਟੀ, ਬਾਂਦੀਪੋਰਾ ਵਿੱਚ ਰਾਜ਼ਦਾਨ ਟਾਪ, ਕੁਪਵਾੜਾ ਵਿੱਚ ਮਾਛਿਲ ਅਤੇ ਸਾਧਨਾ ਟਾਪ, ਅਤੇ ਜ਼ੋਜਿਲਾ ਪਾਸ ਵਿੱਚ ਵੀ ਤਾਜ਼ਾ ਬਰਫ਼ਬਾਰੀ ਹੋਈ ਹੈ | ਉਨ੍ਹਾਂ ਕਿਹਾ ਕਿ ਕੁਝ ਖੇਤਰਾਂ ਵਿੱਚ ਹਲਕੀ ਬਾਰਿਸ਼/ਬਰਫ਼ਬਾਰੀ ਦੀ ਸੰਭਾਵਨਾ ਹੈ ਕਿਉਂਕਿ ਮੌਜੂਦਾ ਪੱਛਮੀ ਗੜਬੜੀ ਦਾ ਪਿਛਲਾ ਹਿੱਸਾ ਸ਼ਾਮ ਤੱਕ ਹਟ ਜਾਵੇਗਾ, ਜਿਸ ਨਾਲ ਮੌਸਮ ਵਿੱਚ ਹੌਲੀ-ਹੌਲੀ ਸੁਧਾਰ ਹੋਵੇਗਾ | ਹਾਲਾਂਕਿ ਸ਼ੁੱਕਰਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਹਲਕੀ ਬਾਰਿਸ਼ ਜਾਂ ਬਰਫ਼ਬਾਰੀ ਦਾ ਇੱਕ ਸੰਖੇਪ ਦੌਰ ਆ ਸਕਦਾ ਹੈ | ਅਧਿਕਾਰੀਆਂ ਨੇ ਦੱਸਿਆ ਕਿ ਬੱਦਲਵਾਈ ਕਾਰਨ ਰਾਤ ਦਾ ਤਾਪਮਾਨ ਮੌਸਮੀ ਅÏਸਤ ਨਾਲੋਂ ਉੱਚਾ ਰਿਹਾ ਅਤੇ ਜ਼ਿਆਦਾਤਰ ਥਾਵਾਂ ‘ਤੇ ਜੰਮਣ ਦੇ ਬਿੰਦੂ ਤੋਂ ਉੱਪਰ ਦਰਜ ਕੀਤਾ ਗਿਆ | ਤਾਜ਼ਾ ਬਰਫ਼ ਦੇ ਬਾਵਜੂਦ ਵਾਦੀ ਵਿੱਚ ਅਸਾਧਾਰਨ ਤੌਰ ‘ਤੇ ਨਿੱਘੀ ਸਰਦੀ ਦਾ ਅਨੁਭਵ ਜਾਰੀ ਹੈ, ਜਿੱਥੇ ਤਾਪਮਾਨ ਮੌਸਮੀ ਅÏਸਤ ਤੋਂ 1.2 ਤੋਂ 6.3 ਡਿਗਰੀ ਸੈਲਸੀਅਸ ਉੱਪਰ ਰਿਹਾ |