17 ਹਜ਼ਾਰ ਡਰਾਈਵਰਾਂ ਦੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਮੁਲਤਵੀ

0
25

ਸੈਕਰਾਮੈਂਟੋ : ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਮੋਟਰ ਵਹੀਕਲਜ਼ ਵਿਰੁੱਧ ਪਰਵਾਸੀ ਟਰੱਕ ਡਰਾਈਵਰਾਂ ਦੇ ਇੱਕ ਸਮੂਹ ਵੱਲੋਂ ਕੇਸ ਕੀਤੇ ਜਾਣ ਦੇ ਇੱਕ ਹਫ਼ਤੇ ਬਾਅਦ ਅਮਰੀਕੀ ਰਾਜ ਨੇ ਕਿਹਾ ਕਿ ਉਹ 17,000 ਵਪਾਰਕ ਡਰਾਈਵਿੰਗ ਲਾਇਸੈਂਸਾਂ ਨੂੰ ਰੱਦ ਕਰਨ ਦੀ ਪ੍ਰਕਿਰਿਆ ਮਾਰਚ ਤੱਕ ਮੁਲਤਵੀ ਕਰ ਦੇਵੇਗਾ |
ਇਸ ਨਾਲ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਲਈ ਹੋਰ ਸਮਾਂ ਮਿਲੇਗਾ ਕਿ ਜੋ ਟਰੱਕ ਅਤੇ ਬੱਸ ਡਰਾਈਵਰ ਕਾਨੂੰਨੀ ਤੌਰ ‘ਤੇ ਯੋਗ ਹਨ, ਉਹ ਆਪਣੇ ਲਾਇਸੈਂਸ ਬਰਕਰਾਰ ਰੱਖ ਸਕਣ | ਇਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਹਵਾਲੇ ਨਾਲ ਅਮਰੀਕੀ ਟਰਾਂਸਪੋਰਟੇਸ਼ਨ ਸਕੱਤਰ ਸੀਨ ਡਫੀ ਨੇ ਕਿਹਾ ਕਿ ਜੇਕਰ ਰਾਜ 5 ਜਨਵਰੀ ਤੱਕ ਲਾਇਸੈਂਸ ਰੱਦ ਕਰਨ ਦੀ ਸਮਾਂ ਸੀਮਾ ਪੂਰੀ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ 160 ਮਿਲੀਅਨ ਡਾਲਰ ਦੀ ਸੰਘੀ ਫੰਡਿੰਗ ਦਾ ਨੁਕਸਾਨ ਹੋ ਸਕਦਾ ਹੈ | ਉਨ੍ਹਾਂ ਨੇ ਪਹਿਲਾਂ ਹੀ 40 ਮਿਲੀਅਨ ਡਾਲਰ ਰੋਕ ਲਏ ਹਨ, ਇਹ ਕਹਿੰਦੇ ਹੋਏ ਕਿ ਕੈਲੀਫੋਰਨੀਆ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਮੁਹਾਰਤ ਦੀਆਂ ਜ਼ਰੂਰਤਾਂ ਨੂੰ ਲਾਗੂ ਨਹੀਂ ਕਰ ਰਿਹਾ ਹੈ | ਸਿੱਖ ਕੋਲੀਸ਼ਨ ਦੀ ਕਾਨੂੰਨੀ ਨਿਰਦੇਸ਼ਕ ਮਨਮੀਤ ਕੌਰ ਨੇ ਕਿਹਾ ਕਿ ਇਹ ਦੇਰੀ ਇਨ੍ਹਾਂ ਡਰਾਈਵਰਾਂ ਦੀ ਜ਼ਿੰਦਗੀ ਅਤੇ ਰੋਜ਼ੀ-ਰੋਟੀ ਦੇ ਖਤਰੇ ਨੂੰ ਘੱਟ ਕਰਨ ਲਈ ਇੱਕ ਮਹੱਤਵਪੂਰਨ ਕਦਮ ਹੈ |