ਨਵੀਂ ਦਿੱਲੀ : ਈਰਾਨੀ ਸੁਪਰੀਮ ਲੀਡਰ ਆਇਤੁਲ੍ਹਾ ਖਾਮਨੇਈ ਦੇ ਮਾਰੇ ਜਾਣ ਦਾ ਕਸ਼ਮੀਰ ਤੋਂ ਲੈ ਕੇ ਕਰਨਾਟਕ ਤੱਕ ਸ਼ੀਆ ਮੁਸਲਮਾਨਾਂ ਨੇ ਐਤਵਾਰ ਸੜਕਾਂ ’ਤੇ ਉੱਤਰ ਕੇ ਸੋਗ ਮਨਾਇਆ। ਕਸ਼ਮੀਰ, ਜਿੱਥੇ ਅੰਦਾਜ਼ਨ 15 ਲੱਖ ਸ਼ੀਆ ਰਹਿੰਦੇ ਹਨ, ਦੇ ਸ੍ਰੀਨਗਰ ਦੇ ਲਾਲ ਚੌਕ, ਸੈਦਾ ਕਦਲ, ਬਡਗਾਮ, ਬਾਂਦੀਪੋਰਾ, ਅਨੰਤਨਾਗ ਤੇ ਪੁਲਵਾਮਾ ਵਿੱਚ ਲੋਕਾਂ ਨੇ ਅਮਰੀਕਾ ਤੇ ਇਜ਼ਰਾਈਲ ਦਾ ਪਿੱਟ-ਸਿਆਪਾ ਕੀਤਾ। ਸਾਵਧਾਨੀ ਵਜੋਂ ਕਸ਼ਮੀਰ ਵਿੱਚ ਸੋਮਵਾਰ ਤੋਂ ਦੋ ਦਿਨਾਂ ਲਈ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਮੀਰਵਾਇਜ਼ ਉਮਰ ਫਾਰੂਕ ਨੇ ਸੋਮਵਾਰ ਬੰਦ ਦਾ ਸੱਦਾ ਦਿੱਤਾ ਹੈ। ਲਖਨਊ ਵਿੱਚ ਬੜਾ ਇਮਾਮਬਾੜਾ ਮਸਜਿਦ ਨੇੜੇ ਕਾਫੀ ਸੋਗਕਾਰੀ ਇਕੱਠੇ ਹੋਏ।
ਆਲ ਇੰਡੀਆ ਸ਼ੀਆ ਪਰਸਨਲ ਲਾਅ ਬੋਰਡ ਦੇ ਜਨਰਲ ਸਕੱਤਰ ਮੌਲਾਨਾ ਯਾਸੂਬ ਅੱਬਾਸ ਨੇ ਸੋਮਵਾਰ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਸਾੜਨ ਦਾ ਸੱਦਾ ਦਿੱਤਾ ਹੈ। ਲੁਧਿਆਣਾ ਵਿੱਚ ਸੋਗਕਾਰੀਆਂ ਦੀ ਅਗਵਾਈ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ ਨੇ ਕੀਤੀ। ਉਨ੍ਹਾ ਮੰਗ ਕੀਤੀ ਕਿ ਭਾਰਤ ਸਰਕਾਰ ਇੱਕ ਹਫਤੇ ਦਾ ਕੌਮੀ ਸੋਗ ਐਲਾਨੇ। ਅਜਮੇਰ ਵਿੱਚ ਸ਼ੀਆ ਭਾਈਚਾਰੇ ਨੇ ਤਿੰਨ ਦਿਨ ਸੋਗ ਮਨਾਉਣ ਦਾ ਐਲਾਨ ਕੀਤਾ ਹੈ। ਨਵੀਂ ਦਿੱਲੀ, ਬਿਹਾਰ, ਝਾਰਖੰਡ ਤੇ ਤਿਲੰਗਾਨਾ ਵਿੱਚ ਵੀ ਰੋਸ ਮੁਜ਼ਾਹਰੇ ਹੋਏ ਹਨ। ਕਰਨਾਟਕ ਦੇ ਚਿੱਕਾਬੱਲਾਪੁਰ ਜ਼ਿਲ੍ਹੇ, ਜਿੱਥੋਂ ਦਾ ਖਾਮਨੇਈ ਨੇ ਦੌਰਾ ਕੀਤਾ ਸੀ, ਵਿੱਚ ਦੁਕਾਨਦਾਰਾਂ ਨੇ ਆਪ-ਮੁਹਾਰੇ ਦੁਕਾਨਾਂ ਬੰਦ ਕਰ ਦਿੱਤੀਆਂ। ਖਾਮਨੇਈ ਨੇ 1986 ਵਿੱਚ ਜ਼ਿਲ੍ਹੇ ਦੇ ਪਿੰਡ ਅਲੀਪੁਰ ਦਾ ਦੌਰਾ ਕੀਤਾ ਸੀ।





