ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਸ੍ਰੀ ਨਿਰਮਲ ਸਿੰਘ ਧਾਲੀਵਾਲ ਨੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਿਵੇਂ ਪੰਜਾਬ ਦੀ ਆਮ ਜਨਤਾ ਨੇ ਆਮ ਆਦਮੀ ਪਾਰਟੀ ਵੱਲੋਂ ਲੋਕ ਪੱਖੀ ਬਦਲਾਅ ਲਿਆਉਣ ਦੇ ਨਾਅਰਿਆਂ ’ਤੇ ਉਮੀਦਾਂ ਰੱਖਦਿਆਂ ਉਸ ਨੂੰ ਜ਼ਬਰਦਸਤ ਫਤਵਾ ਦਿੰਦਿਆਂ 92 ਵਿਧਾਇਕ ਜਿਤਾ ਕੇ ਗੱਦੀ ਨਸ਼ੀਨ ਕੀਤਾ ਸੀ ਤਾਂ ਸੁਭਾਵਕ ਹੈ ਕਿ ਪੰਜਾਬ ਦਾ ਹਰ ਵਰਗ ਜਿਨ੍ਹਾਂ ਨੂੰ ਸਬਜ਼ਬਾਗ ਵਿਖਾਇਆ ਗਿਆ ਸੀ, ਹੁਣ ਸਰਕਾਰ ਨੂੰ ਉਹਨਾ ਦੇ ਵਾਅਦੇ, ਗਰੰਟੀਆਂ ਨੂੰ ਅਮਲ ਵਿੱਚ ਲਾਗੂ ਵੇਖਣਾ ਚਾਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾਉਣ ਵਰਗਾ ਬਦਲਾਅ ਵੇਖਣਾ ਚਾਹੁੰਦੇ ਹਨ, ਪਰ ਇਨ੍ਹਾਂ 6 ਮਹੀਨਿਆਂ ਵਿੱਚ ਜੋ ਮਾਨ ਸਰਕਾਰ ਵੱਲੋਂ ਬਦਲਾਅ ਵੇਖਣ ਨੂੰ ਮਿਲ ਰਿਹਾ, ਉਹ ਹੈ ਰੋਜ਼ਾਨਾ ਲਾਠੀਚਾਰਜ ਹੱਕ ਮੰਗਣ ਵਾਲੇ ਲੋਕਾਂ ’ਤੇ ਹੋ ਰਿਹਾ ਹੈ, ਮਾਨ ਸਾਹਿਬ ਦੇ ਨਿਵਾਸ ਦੇ ਬਾਹਰ ਹਰ ਰੋਜ਼ ਧਰਨੇ-ਮੁਜ਼ਾਹਰੇ ਹੁੰਦੇ ਹਨ, ਕੁੱਝ ਪੱਕੇ ਮੋਰਚੇ ਲੱਗੇ ਹੋਏ ਹਨ। ਧਰਨਾਕਾਰੀਆਂ ਨੂੰ ਪੁਲਸ ਰਾਹੀਂ ਚੁੱਕਵਾ ਕੇ ਦੂਰ-ਦੁਰਾਡੇ ਸੁੰਨਸਾਨ ਥਾਵਾਂ ’ਤੇ ਛੱਡ ਦਿੱਤਾ ਜਾਂਦਾ ਹੈ, ਕੰਟਰੈਕਟ ਵਰਕਰਾਂ ਨੂੰ ਜਿਹੜੀ ਪੱਕੀ ਉਮੀਦ ਜਗਾਈ ਸੀ ਕਿ ਸਾਰੇ ਕੱਚੇ ਕਾਮੇ ਪੱਕੇ ਕੀਤੇ ਜਾਣਗੇ, ਪਰ ਹੁਣ ਸਿਰਫ 2025 ਹਜ਼ਾਰ ਨੂੰ ਪੱਕੇ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਉਸ ਲਈ ਵੀ ਨਵੇਂ ਤੋਂ ਨਵੇਂ ਬਹਾਨੇ ਲਾਏ ਜਾ ਰਹੇ ਹਨ। ਸ਼ਰਤਾਂ ਅਜਿਹੀਆਂ ਲਾ ਦਿੱਤੀਆਂ ਕਿ ਉਹਨਾ ਵਿੱਚੋਂ ਵੀ ਅੱਧੇ ਪੱਕੇ ਨਾ ਹੋਣ। ਆਊਟ ਸੋਰਸ ਵਰਕਰਾਂ ਲਈ ਸਰਕਾਰ ਚੁੱਪ ਹੀ ਵੱਟ ਗਈ, ਘੱਟੋ-ਘੱਟ ਉਜਰਤਾਂ ਪਿਛਲੇ 10 ਸਾਲਾਂ ਤੋਂ ਨਹੀਂ ਸੋਧੀਆਂ ਗਈਆਂ, ਪਰ ਇਹ ਭਗਤ ਸਿੰਘ ਦੇ ਇਨਕਲਾਬ ਦਾ ਨਕਲੀ ਨਾਅਰਾ ਲਾਉਣ ਵਾਲੀ ਸਰਕਾਰ ਨੂੰ ਘੱਟੋਘੱਟ ਉਜਰਤਾਂ ਵਧਾਉਣ ਲਈ ਕਦੇ ਚੇਤਾ ਵੀ ਨਹੀਂ ਆਇਆ, ਜਦ ਕਿ ਘੱਟੋਘੱਟ ਉਜਰਤ 26000 ਕੀਤੀ ਜਾਣੀ ਬਣਦੀ ਹੈ।
ਪੰਜਾਬ ਦੇ ਨੌਜੁਆਨ ਹੁਣ ਵਿਦੇਸ਼ਾਂ ਨੂੰ ਨਹੀਂ ਜਾਣਗੇ, ਹੁਣ ਇੱਥੇ ਹੀ ਪੱਕੀਆਂ ਨੌਕਰੀਆਂ ਮਿਲਣਗੀਆਂ, ਇਹ ਨਗੌਰੀ ਗੱਪ ਮਾਰੀ ਸੀ ਸਾਡੇ ਮੁੱਖ ਮੰਤਰੀ ਨੇ, ਜਦ ਕਿ ਹਕੀਕਤ ਇਹ ਹੈ ਕਿ ਹਰ ਰੋਜ਼ 2500 ਨੌਜਵਾਨ ਆਈਲਟਸ ਅਤੇ ਪੀ.ਟੀ.ਈ. ਦੇ ਪੇਪਰ ਦੇ ਰਹੇ ਹਨ, ਜਿਸ ਤੋਂ ਸਪੱਸ਼ਟ ਹੈ ਕਿ ਲੱਖਾਂ ਦੀ ਗਿਣਤੀ ਵਿੱਚ ਨੌਜੁਆਨ ਸਰਕਾਰ ਦੇ ਲਾਰਿਆਂ ’ਤੇ ਭਰੋਸਾ ਨਾ ਕਰਦੇ ਹੋਏ ਮਜਬੂਰੀਵੱਸ ਪੰਜਾਬ ਛੱਡ ਕੇ ਬਾਹਰਲੇ ਮੁਲਕਾਂ ਵੱਲ ਵਹੀਰਾਂ ਘੱਤੀ ਜਾ ਰਹੇ ਹਨ। ਪੰਜਾਬ ਦੇ ਮੁਲਾਜ਼ਮਾਂ ਨੂੰ ਡੀ.ਏ. ਦੀਆਂ ਤਿੰਨ ਕਿਸ਼ਤਾਂ ਡਿਊ ਪਈਆਂ ਹਨ, ਪਰ ਸਰਕਾਰ ਨਹੀਂ ਦੇ ਰਹੀ। ਨਾ ਹੀ ਪੇਅ ਕਮਿਸ਼ਨ ਵਿੱਚ ਤਰੁੱਟੀਆਂ ਦੂਰ ਕੀਤੀਆਂ ਜਾ ਰਹੀਆਂ ਹਨ। ਨਾ ਹੀ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਨਾਲ ਪੈਨਸ਼ਨ ਸੋਧੀ ਜਾ ਰਹੀ ਹੈ। ਨਿੱਜੀਕਰਨ, ਠੇਕੇਦਾਰੀ ਸਿਸਟਮ ਬਾਦਸਤੂਰ ਜਾਰੀ ਹੈ। ਮੋਦੀ ਸਰਕਾਰ ਵਾਲੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਨਾਲ ਇਸ ਸਰਕਾਰ ਦਾ ਵਖਰੇਵਾਂ ਨਹੀਂ, ਸਗੋਂ ਕਾਰਪੋਰੇਟਾਂ ਦੀ ਵਧ-ਚੜ੍ਹ ਕੇ ਹਮਾਇਤੀ ਸਰਕਾਰ ਹੈ। ਬਾਕੀ ਪੰਜਾਬ ਦੇ ਲੋਕਾਂ ਦੀ ਸਮਾਜਿਕ ਜ਼ਿੰਦਗੀ ਵਿੱਚ ਹਰ ਰੋਜ਼ ਡਾਕੇ, ਕਤਲ, ਚੋਰੀਆਂ, ਗੈਂਗਸਟਰ, ਫਿਰੌਤੀਆਂ, ਬਲਾਤਕਾਰ, ਟਰਾਂਸਪੋਰਟ ਮਾਫੀਏ, ਮਾਈਨਿੰਗ ਮਾਫੀਏ, ਨਸ਼ਾ ਮਾਫੀਆ, ਸਿਹਤ ਤੇ ਵਿੱਦਿਆ ਮਾਫੀਆ, ਮਹਿੰਗਾਈ, ਗਰੀਬੀ ਵਿੱਚ ਵਾਧਾ ਆਦਿ ਵਰਗਾ ਸਭ ਕੁੱਝ ਬੇਰੋਕ-ਟੋਕ ਚੱਲ ਰਿਹਾ ਹੈ। ਕੋਈ ਭਿ੍ਰਸ਼ਟਾਚਾਰ ਨਹੀਂ ਘਟਿਆ। ਪੰਜਾਬ ਏਟਕ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਕਿ ਆਪਣੀ ਕਹਿਣੀ ਅਤੇ ਕਥਨੀ ’ਤੇ ਪੂਰੇ ਉਤਰੋ ਅਤੇ ਮਸਲੇ ਹੱਲ ਕਰਨ ਵੱਲ ਧਿਆਨ ਦਿਓ। ਫੋਕੀ ਇਸ਼ਤਿਹਾਰਬਾਜ਼ੀ ਵਿੱਚ ਪੰਜਾਬ ਦਾ ਧਨ ਨਾ ਉਡਾਓ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਸਰਕਾਰ ਨੂੰ ਕਾਫੀ ਸਮਾਂ ਮਿਲ ਚੁੱਕਾ ਹੈ ਪਰ ਜੋ ਦੁਰਦਸ਼ਾ ਵੱਖਵੱਖ ਵਰਗਾਂ ਦੀ ਹੋ ਰਹੀ ਹੈ, ਉਹ ਇੱਕ ਵੱਡੇ ਸੰਘਰਸ਼ ਦਾ ਸੂਚਕ ਹੈ, ਜਿਹੜਾ ਕਿ ਛੇਤੀ ਹੀ ਸਾਂਝੇ ਤੌਰ ’ਤੇ ਸ਼ੁਰੂ ਕੀਤਾ ਜਾਵੇਗਾ।