ਰੈਗਿੰਗ ਦੀ ਸ਼ਿਕਾਰ ਵਿਦਿਆਰਥਣ ਨੇ ਦਮ ਤੋੜਿਆ

0
29

ਧਰਮਸ਼ਾਲਾ : ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਦੀ 19 ਸਾਲਾ ਵਿਦਿਆਰਥਣ ਦੀ ਰੈਗਿੰਗ, ਜਿਨਸੀ ਸ਼ੋਸ਼ਣ ਉਪਰੰਤ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਕਾਲਜ ਪ੍ਰੋਫੈਸਰ ਅਤੇ ਤਿੰਨ ਵਿਦਿਆਰਥਣਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਪੁਲਸ ਅਧਿਕਾਰੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ |
ਉਨ੍ਹਾਂ ਦੱਸਿਆ ਕਿ ਧਰਮਸ਼ਾਲਾ ਪੁਲਸ ਸਟੇਸ਼ਨ ਵਿੱਚ ਕਾਲਜ ਪ੍ਰੋਫੈਸਰ ਅਸ਼ੋਕ ਕੁਮਾਰ ਅਤੇ ਤਿੰਨ ਵਿਦਿਆਰਥਣਾਂ ਹਰਸ਼ਿਤਾ, ਆਕਿ੍ਤੀ ਅਤੇ ਕੋਮੋਲਿਕਾ ਵਿਰੁੱਧ ਭਾਰਤੀ ਨਿਆ ਸੰਹਿਤਾ ਦੀਆਂ ਧਾਰਾਵਾਂ 75,115 (2) ਅਤੇ 3 (5) ਅਤੇ ਹਿਮਾਚਲ ਪ੍ਰਦੇਸ਼ ਵਿਦਿਅਕ ਸੰਸਥਾਵਾਂ (ਰੈਗਿੰਗ ਦੀ ਮਨਾਹੀ) ਐਕਟ, 2009 ਦੀ ਧਾਰਾ 3 ਤਹਿਤ ਐੱਫ ਆਈ ਆਰ ਦਰਜ ਕੀਤੀ ਗਈ ਹੈ |
ਪੀੜਤ ਲੜਕੀ ਦੇ ਪਿਤਾ ਵਿਕਰਮ ਕੁਮਾਰ, ਜੋ ਕਿ ਧਰਮਸ਼ਾਲਾ ਦੇ ਸਿੱਧਬਾੜੀ ਦੇ ਰਹਿਣ ਵਾਲੇ ਹਨ, ਨੇ ਸਥਾਨਕ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ | ਪੁਲਸ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਬੇਟੀ ਪੱਲਵੀ (19) ਸਰਕਾਰੀ ਡਿਗਰੀ ਕਾਲਜ, ਧਰਮਸ਼ਾਲਾ ਦੀ ਦੂਜੇ ਸਾਲ ਦੀ ਵਿਦਿਆਰਥਣ ਸੀ | ਉਨ੍ਹਾਂ ਦੋਸ਼ ਲਾਇਆ ਕਿ 18 ਸਤੰਬਰ, 2025 ਨੂੰ ਉਸੇ ਕਾਲਜ ਦੀਆਂ ਤਿੰਨ ਵਿਦਿਆਰਥਣਾਂ ਹਰਸ਼ਿਤਾ, ਆਕਿ੍ਤੀ ਅਤੇ ਕੋਮੋਲਿਕਾ ਨੇ ਉਸ ਦੀ ਬੇਟੀ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਡਰਾਇਆ-ਧਮਕਾਇਆ ਸੀ |
ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਕਾਲਜ ਦੇ ਇੱਕ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਪੱਲਵੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਸਨ | ਸ਼ਿਕਾਇਤਕਰਤਾ ਨੇ ਪੁਲਸ ਨੂੰ ਦੱਸਿਆ ਕਿ ਕਥਿਤ ਪਰੇਸ਼ਾਨੀ ਅਤੇ ਡਰਾਉਣ-ਧਮਕਾਉਣ ਤੋਂ ਬਾਅਦ ਉਸ ਦੀ ਬੇਟੀ ਬਹੁਤ ਡਰ ਗਈ ਸੀ ਅਤੇ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗੀ, ਜਿਸ ਕਾਰਨ ਉਸ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਗਈ |
ਦਸੰਬਰ 2025 ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ | ਮੌਤ ਤੋਂ ਬਾਅਦ ਪਰਵਾਰ ਡੂੰਘੇ ਸਦਮੇ ਵਿੱਚ ਹੈ |