ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਅੰਦਰ ਨਵੇਂ ਵਰੇ੍ਹ ਮੌਕੇ ਅਵਤਾਰ ਤਾਰੀ ਅਟਵਾਲ ਬਰਮਿੰਘਮ (ਯੂ.ਕੇ.) ਨੇ ਬਹੁਤ ਗੰਭੀਰ ਵਿਚਾਰ ਵਟਾਂਦਰੇ ਉਪਰੰਤ ਦੇਸ਼ ਭਗਤ ਯਾਦਗਾਰ ਹਾਲ ਅੰਦਰ ਬਣੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਹਾਲ, ਉਸ ਤੋਂ ਵੀ ਉਤਲੀ ਮੰਜ਼ਲ ‘ਤੇ ਬਣੇ ਦੋ ਹਾਲਾਂ ਦੀ ਸੁਚੱਜੀ ਵਰਤੋਂ ਅਤੇ ਸਾਹਿਤਕ, ਸਭਿਆਚਾਰਕ, ਵਿਗਿਆਨਕ, ਜਮਹੂਰੀ ਵਿਚਾਰਾਂ, ਸਰਗਰਮੀਆਂ ਕਰਨ ਲਈ ਦਰਸ਼ਕਾਂ/ਸਰੋਤਿਆਂ ਦੇ ਪਹੁੰਚਣ ਦੀ ਸੁਵਿਧਾ ਨੂੰ ਧਿਆਨ ‘ਚ ਰੱਖਦਿਆਂ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ ਲਿਫ਼ਟ ਲਾਉਣ ਦੇ ਪ੍ਰੋਜੈਕਟ ਨੇਪਰੇ ਚਾੜ੍ਹਨ ਲਈ ਆਉਣ ਵਾਲੇ ਸਾਰੇ ਖਰਚੇ ਦੀ ਜ਼ਿੰਮੇਵਾਰੀ ਚੁੱਕਣ ਦੀ ਖੁਸ਼ੀ ਸਾਂਝੀ ਕੀਤੀ |
ਬਰਮਿੰਘਮ ਤੋਂ ਆਏ ਕੁਲਵੰਤ ਸਿੰਘ ਕਮਲ ਨੇ ਦੱਸਿਆ ਕਿ ਇਹ ਲਿਫ਼ਟ ਦਾ ਸਾਰਾ ਖ਼ਰਚਾ ਤਾਰੀ ਅਟਵਾਲ ਨੇ ਕਰਨ ਦੀ ਜ਼ਿੰਮੇਵਾਰੀ ਓਟਦੇ ਹੋਏ ਕਿਹਾ ਹੈ ਕਿ ਮਹਾਨ ਗ਼ਦਰੀ ਦੇਸ਼ ਭਗਤਾਂ ਅਤੇ ਆਜ਼ਾਦੀ ਸੰਗਰਾਮ ਦੀਆਂ ਭੁੱਲੀਆਂ-ਵਿਸਰੀਆਂ ਮਹਾਨ ਲਹਿਰਾਂ ਅਤੇ ਉਹਨਾਂ ਦੇ ਸ਼ਹੀਦਾਂ ਦੀ ਅਮਿੱਟ ਦੇਣ ਨੂੰ ਸਿਜਦਾ ਕਰਨ ਲਈ ਇਹ ਮਾਮੂਲੀ ਜਿਹਾ ਯੋਗਦਾਨ ਹੈ | ਉਹਨਾਂ ਦੇ ਜੱਦੀ ਪਿੰਡ ਮਾਓ ਸਾਹਿਬ ਤੋਂ ਮਹਿੰਦਰ ਸਿੰਘ ਵੀ ਉਹਨਾਂ ਦੇ ਨਾਲ਼ ਆਏ ਹੋਏ ਸਨ | ਇਸ ਮੌਕੇ ਕੁਲਵੰਤ ਹੋਰਾਂ ਦਾ ਪੁਸਤਕਾਂ ਦੇ ਸੈੱਟ ਦੇ ਕੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਹੱਥ ਤਾਰੀ ਅਟਵਾਲ ਨੂੰ ਧੰਨਵਾਦ ਪੱਤਰ ਵੀ ਭੇਜਣ ਦਾ ਫੈਸਲਾ ਕੀਤਾ ਗਿਆ | ਇਸ ਮੌਕੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਮੀਤ ਪ੍ਰਧਾਨ ਡਾ. ਪਰਮਿੰਦਰ, ਸਹਾਇਕ ਸਕੱਤਰ ਡਾ. ਗੋਪਾਲ ਸਿੰਘ ਬੁੱਟਰ, ਖਜ਼ਾਨਚੀ ਸੀਤਲ ਸਿੰਘ ਸੰਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਡਾ. ਤੇਜਿੰਦਰ ਵਿਰਲੀ, ਰਣਜੀਤ ਸਿੰਘ ਔਲਖ ਤੇ ਡਾ. ਸੈਲੇਸ਼ ਵੀ ਹਾਜ਼ਰ ਸਨ |





