ਮਮਦਾਨੀ ਤੇ ਅਮਰੀਕੀ ਸਾਂਸਦਾਂ ਵੱਲੋਂ ਉਮਰ ਖਾਲਿਦ ਦੇ ਹੱਕ ‘ਚ ਹਾਅ ਦਾ ਨਾਅਰਾ

0
16

ਨਿਊਯਾਰਕ : ਨਿਊਯਾਰਕ ਸਿਟੀ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਕਾਰਕੁਨ ਉਮਰ ਖਾਲਿਦ ਲਈ ਇੱਕ ਨੋਟ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ‘ਕੜਵਾਹਟ’ ਬਾਰੇ ਖਾਲਿਦ ਦੇ ਸ਼ਬਦਾਂ ਅਤੇ ਇਸ ਨੂੰ ਆਪਣੇ ਆਪ ‘ਤੇ ਭਾਰੂ ਨਾ ਹੋਣ ਦੇਣ ਦੀ ਮਹੱਤਤਾ ਨੂੰ ਯਾਦ ਕੀਤਾ ਹੈ | ਇਹ ਨੋਟ ਖਾਲਿਦ ਦੀ ਸਾਥੀ ਬਾਨੋਜੋਤਸਨਾ ਲਾਹਿੜੀ ਦੁਆਰਾ ‘ਐਕਸ’ ‘ਤੇ ਪੋਸਟ ਕੀਤਾ ਗਿਆ ਹੈ, ਜਿਸ ਦੇ ਕੈਪਸ਼ਨ ਵਿੱਚ ਲਿਖਿਆ ਸੀ, ‘ਜਦੋਂ ਜੇਲ੍ਹਾਂ ਅਲੱਗ-ਥਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਤਾਂ ਸ਼ਬਦ ਸਫ਼ਰ ਕਰਦੇ ਹਨ | ਜ਼ੋਹਰਾਨ ਮਮਦਾਨੀ ਨੇ ਉਮਰ ਖਾਲਿਦ ਨੂੰ ਲਿਖਿਆ |” ਮਮਦਾਨੀ ਵੱਲੋਂ ਦਸਤਖ਼ਤ ਕੀਤੇ ਗਏ ਹੱਥ ਲਿਖਤ ਨੋਟ ਵਿੱਚ ਕਿਹਾ ਗਿਆ ਹੈ, ‘ਪਿਆਰੇ ਉਮਰ, ਮੈਂ ਅਕਸਰ ਕੜਵਾਹਟ ਬਾਰੇ ਤੁਹਾਡੇ ਸ਼ਬਦਾਂ ਅਤੇ ਇਸ ਨੂੰ ਆਪਣੇ ਆਪ ‘ਤੇ ਭਾਰੂ ਨਾ ਹੋਣ ਦੇਣ ਦੀ ਮਹੱਤਤਾ ਬਾਰੇ ਸੋਚਦਾ ਹਾਂ | ਤੁਹਾਡੇ ਮਾਤਾ-ਪਿਤਾ ਨੂੰ ਮਿਲ ਕੇ ਖੁਸ਼ੀ ਹੋਈ | ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ |” ਖਾਲਿਦ ਅਤੇ ਕੁਝ ਹੋਰਾਂ ‘ਤੇ ਫਰਵਰੀ 2020 ਦੇ ਦਿੱਲੀ ਦੰਗਿਆਂ ਦਾ ਮਾਸਟਰਮਾਈਾਡ ਹੋਣ ਦੇ ਦੋਸ਼ ਵਿੱਚ ਸਖ਼ਤ ਅੱਤਵਾਦ ਵਿਰੋਧੀ ਕਾਨੂੰਨ, ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ, 1967 ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਇਸ ਦੌਰਾਨ ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸਮੂਹ ਨੇ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਖਾਲਿਦ ਨੂੰ ਜ਼ਮਾਨਤ ਦਿੱਤੀ ਜਾਵੇ ਅਤੇ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਨਿਰਪੱਖ ਅਤੇ ਸਮੇਂ ਸਿਰ ਸੁਣਵਾਈ ਯਕੀਨੀ ਬਣਾਈ ਜਾਵੇ |
ਜਾਨ ਸ਼ਾਕੋਵਸਕੀ, ਰਸ਼ੀਦ ਤਈਅਬ, ਭਾਰਤੀ ਮੂਲ ਦੀ ਪ੍ਰਮਿਲਾ ਜੈਪਾਲ, ਜਿਮ ਮੈਕਗਵਰਨ ਅਤੇ ਜੈਮੀ ਰਾਸਕਿਨ ਸਮੇਤ ਅੱਠ ਸੰਸਦ ਮੈਂਬਰਾਂ ਨੇ ਕਵਾਤਰਾ ਨੂੰ ਲਿਖੇ ਪੱਤਰ ਵਿੱਚ ਫਰਵਰੀ 2020 ਦੀ ਦਿੱਲੀ ਹਿੰਸਾ ਦੇ ਸੰਬੰਧ ਵਿੱਚ ਚਾਰਜ ਕੀਤੇ ਗਏ ਵਿਅਕਤੀਆਂ, ਜਿਨ੍ਹਾਂ ਵਿੱਚ ਖਾਲਿਦ ਵੀ ਸ਼ਾਮਲ ਹੈ, ਦੀ ਲੰਬੀ ਪ੍ਰੀ-ਟਰਾਇਲ ਹਿਰਾਸਤ ਬਾਰੇ ਨਿਰੰਤਰ ਚਿੰਤਾ ਪ੍ਰਗਟਾਈ ਹੈ | ਅਮਰੀਕੀ ਸਾਂਸਦਾਂ ਦੇ ਪੱਤਰ ‘ਤੇ ਭੜਕਦਿਆਂ ਭਾਜਪਾ ਨੇ ਕਿਹਾ ਹੈ ਕਿ ਪੱਤਰ ਲਿਖਣ ਵਾਲੇ ਭਾਰਤ ਵਿਰੋਧੀਆਂ ਦੇ ਨਾਲ ਰਾਹੁਲ ਗਾਂਧੀ ਦਾ ਲਿੰਕ ਹੈ | ਭਾਜਪਾ ਦੇ ਆਗੂ ਪ੍ਰਦੀਪ ਭੰਡਾਰੀ ਨੇ ਕਿਹਾ ਹੈ ਕਿ ਪੱਤਰ ਲਿਖਣ ਵਾਲਿਆਂ ਵਿੱਚੋਂ ਇੱਕ ਸਾਂਸਦ ਜਾਨ ਸ਼ਾਕੋਵਸਕੀ ਨੇ 2024 ਵਿੱਚ ਭਾਰਤ ਵਿਰੋਧੀ ਈਹਾਨ ਉਮਰ ਨਾਲ ਮਿਲ ਕੇ ਰਾਹੁਲ ਗਾਂਧੀ ਨਾਲ ਮੀਟਿੰਗ ਕੀਤੀ ਸੀ | ਭੰਡਾਰੀ ਨੇ ਉਹ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਰਾਹੁਲ ਅਮਰੀਕੀ ਦੌਰੇ ਦੌਰਾਨ ਸ਼ਾਕੋਵਸਕੀ, ਸੈਮ ਪਿਤਰੋਦਾ ਤੇ ਹੋਰਨਾਂ ਨਾਲ ਨਜ਼ਰ ਆ ਰਹੇ ਹਨ | ਭੰਡਾਰੀ ਨੇ ਦਾਅਵਾ ਕੀਤਾ ਕਿ 2024 ਵਿੱਚ ਰਾਹੁਲ ਨਾਲ ਮੁਲਾਕਾਤ ਤੋਂ ਬਾਅਦ ਸ਼ਾਕੋਵਸਕੀ ਨੇ ਕੌਮਾਂਤਰੀ ਇਸਲਾਮੋਫੋਬੀਆ ਨਾਲ ਨਜਿੱਠਣ ਵਾਲਾ ਬਿੱਲ ਪੇਸ਼ ਕੀਤਾ ਸੀ, ਜਿਸ ਵਿੱਚ ਭਾਰਤ ‘ਚ ਮੁਸਲਮ ਭਾਈਚਾਰੇ ‘ਤੇ ਹਮਲਿਆਂ ਦੀ ਗੱਲ ਕਹੀ ਸੀ | ਉਸੇ ਸ਼ਾਕੋਵਸਕੀ ਨੇ ਉਮਰ ਖਾਲਿਦ ਬਾਰੇ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ | ਉਨ੍ਹਾ ਅੱਗੇ ਕਿਹਾ ਕਿ ਜਿਹੜੇ ਲੋਕ ਭਾਰਤ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਚੁਣੀ ਹੋਈ ਸਰਕਾਰ ਨੂੰ ਬਦਨਾਮ ਕਰਨਾ ਚਾਹੁੰਦੇ ਹਨ ਤੇ ਦਹਿਸ਼ਤਗਰਦੀ ਵਿਰੋਧੀ ਕਾਨੂੰਨਾਂ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਰਾਹੁਲ ਗਾਂਧੀ ਦੇ ਦੁਆਲੇ ਇਕੱਠੇ ਹੋ ਰਹੇ ਹਨ |