ਅਮਰੀਕਾ ਨੇ ਤੀਜੀ ਵਾਰ ਫੌਜੀ ਕਾਰਵਾਈ ਕਰਕੇ ਕਿਸੇ ਦੇਸ਼ ਦੇ ਮੁਖੀ ਨੂੰ ਚੁੱਕਿਆ ਹੈ | 1989 ਵਿੱਚ ਲਾਤੀਨੀ ਅਮਰੀਕੀ ਦੇਸ਼ ਪਨਾਮਾ ਦੇ ਰਾਸ਼ਟਰਪਤੀ ਮੈਨੁਅਲ ਨੋਰੀਏਗਾ ਨੂੰ ਡਰੱਗ ਤਸਕਰੀ ਤੇ ਅਮਰੀਕਾ ਵਿਰੋਧੀ ਕਾਰਵਾਈਆਂ ਦੇ ਦੋਸ਼ ਵਿੱਚ ਸੱਤਾ ਤੋਂ ਹਟਾਇਆ ਸੀ | ਉਸ ਨੇ ਪਨਾਮਾ ਸਿਟੀ ਸਣੇ ਕਈ ਇਲਾਕਿਆਂ ਵਿੱਚ ਬੰਬਾਰੀ ਕਰਕੇ ਕਰੀਬ ਦੋ ਹਜ਼ਾਰ ਲੋਕ ਮਾਰ ਦਿੱਤੇ ਸਨ ਅਤੇ ਨੋਰੀਏਗਾ ਨੂੰ ਗਿ੍ਫਤਾਰ ਕਰਕੇ ਅਮਰੀਕਾ ਲਿਜਾਇਆ ਗਿਆ ਸੀ | ਅਮਰੀਕੀ ਅਦਾਲਤ ਨੇ ਉਸ ਨੂੰ 40 ਸਾਲ ਦੀ ਸਜ਼ਾ ਸੁਣਾਈ ਸੀ | 2003 ਵਿੱਚ ਇਰਾਕ ‘ਤੇ ਹਮਲਾ ਕਰਕੇ ਸੱਦਾਮ ਦੀ ਸਰਕਾਰ ਉਲਟਾ ਦਿੱਤੀ ਸੀ ਤੇ ਫਿਰ ਸੱਦਾਮ ਨੂੰ ਫੜ ਲਿਆ ਸੀ | ਇਸ ਦੇ ਬਾਅਦ ਇਰਾਕ ਵਿੱਚ ਹੀ ਸੱਦਾਮ ‘ਤੇ ਮੁਕੱਦਮਾ ਚਲਾਇਆ ਗਿਆ | ਉਦੋਂ ਇਰਾਕ ‘ਤੇ ਅਮਰੀਕਾ ਦਾ ਕੰਟਰੋਲ ਸੀ |




