ਪ੍ਰਸ਼ਾਸਨ ‘ਤੇ ਜੇ ਐੱਨ ਯੂ ਦੇ ਵਿਦਿਆਰਥੀ ਆਗੂਆਂ ਨੂੰ ਯਰਕਾਉਣ ਦਾ ਦੋਸ਼

0
23

ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ ਨੇ ਯੂਨੀਵਰਸਿਟੀ ਪ੍ਰਸ਼ਾਸਨ ‘ਤੇ ਵਿਦਿਆਰਥੀ ਨੁਮਾਇੰਦਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਡਰਾਉਣ-ਧਮਕਾਉਣ ਦੇ ਗੰਭੀਰ ਦੋਸ਼ ਲਗਾਏ ਹਨ | ਇਹ ਵਿਵਾਦ ਉਦੋਂ ਭਖਿਆ, ਜਦੋਂ ਦਿੱਲੀ ਪੁਲਸ ਨੇ ਕੇਂਦਰੀ ਲਾਇਬ੍ਰੇਰੀ ਵਿੱਚ ਨਿਗਰਾਨੀ ਪ੍ਰਣਾਲੀ ਅਤੇ ਫੇਸ਼ੀਅਲ ਰਿਕੋਗਨੀਸ਼ਨ ਕੈਮਰੇ ਲਗਾਉਣ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਮੌਜੂਦਾ ਅਤੇ ਸਾਬਕਾ ਅਹੁਦੇਦਾਰਾਂ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤੇ |
ਯੂਨੀਅਨ ਦੀ ਪ੍ਰਧਾਨ ਆਦਿੱਤੀ ਮਿਸ਼ਰਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਦਰਜ ਕਰਵਾਈ ਐੱਫ ਆਈ ਆਰ ਦੇ ਆਧਾਰ ‘ਤੇ ਉਨ੍ਹਾ ਅਤੇ ਹੋਰ ਆਗੂਆਂ ਨੂੰ ਸ਼ਨੀਵਾਰ ਨੂੰ ਥਾਣੇ ਬੁਲਾਇਆ ਗਿਆ ਹੈ | ਵਿਦਿਆਰਥੀ ਆਗੂਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਅਤੇ ਜਾਇਜ਼ ਮੰਗਾਂ ਤੋਂ ਧਿਆਨ ਭਟਕਾਉਣ ਦੀ ਇੱਕ ਕੋਸ਼ਿਸ਼ ਹੈ | ਵਿਦਿਆਰਥੀ ਯੂਨੀਅਨ ਦਾ ਦੋਸ਼ ਹੈ ਕਿ ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਘਾਟ, ਸੀਟਾਂ ਦੀ ਕਮੀ ਅਤੇ ਫੰਡਾਂ ਦੀ ਕਟੌਤੀ ਵਰਗੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ ਪ੍ਰਸ਼ਾਸਨ ਕਰੋੜਾਂ ਰੁਪਏ ਨਿਗਰਾਨੀ ਵਾਲੇ ਗੇਟਾਂ ਅਤੇ ਕੈਮਰਿਆਂ ‘ਤੇ ਖਰਚ ਕਰ ਰਿਹਾ ਹੈ | ਯੂਨੀਅਨ ਅਨੁਸਾਰ ਅਗਸਤ ਵਿੱਚ ਵਿਰੋਧ ਤੋਂ ਬਾਅਦ ਇਹ ਗੇਟ ਹਟਾ ਦਿੱਤੇ ਗਏ ਸਨ, ਪਰ ਨਵੰਬਰ 2025 ਦੀਆਂ ਚੋਣਾਂ ਦੌਰਾਨ ਸੰਗਠਨ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਇਨ੍ਹਾਂ ਨੂੰ ਦੁਬਾਰਾ ਲਗਾ ਦਿੱਤਾ ਗਿਆ | ਯੂਨੀਅਨ ਨੇ ਇਸ ਕਾਰਵਾਈ ਨੂੰ ਵਿਦਿਆਰਥੀਆਂ ਦੀ ਨਿੱਜਤਾ ‘ਤੇ ਹਮਲਾ ਕਰਾਰ ਦਿੱਤਾ ਹੈ ਅਤੇ ਮੰਗ ਕੀਤੀ ਹੈ ਕਿ ਵਿਦਿਆਰਥੀ ਆਗੂਆਂ ਵਿਰੁੱਧ ਦਰਜ ਸਾਰੇ ਕੇਸ ਤੁਰੰਤ ਵਾਪਸ ਲਏ ਜਾਣ |