ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 10 ਪੱਤਰਕਾਰਾਂ ਨੂੰ ਗਿ੍ਫਤਾਰ ਕਰਨ ‘ਤੇ ਪੰਜਾਬ ਸੀ ਪੀ ਆਈ ਨੇ ਸਖਤ ਸ਼ਬਦਾਂ ਵਿਚ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦਾ ਇਹ ਕਦਮ ਵਿਚਾਰਾਂ ਨੂੰ ਪ੍ਰਗਟ ਕਰਨ ਦੀ ਸੰਵਿਧਾਨਕ ਗਰੰਟੀ ‘ਤੇ ਹਮਲਾ ਹੈ | ਪਾਰਟੀ ਦਾ ਪੱਖ ਰੱਖਦਿਆਂ ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰ ਫਰੰਟ ‘ਤੇ ਅਸਫਲ ਰਹਿਣ ਕਰਕੇ ਆਮ ਆਦਮੀ ਪਾਰਟੀ ਬੁਖਲਾਹਟ ਵਿਚ ਆ ਕੇ ਕੇਂਦਰ ਦੀ ਭਾਜਪਾ ਸਰਕਾਰ ਦੇ ਜਮਹੂਰੀਅਤ ਅਤੇ ਸੰਵਿਧਾਨ ਵਿਰੋਧੀ ਕਦਮਾਂ ‘ਤੇ ਚੱਲ ਰਹੀ ਹੈ | ਸਾਥੀ ਬਰਾੜ ਨੇ ਕਿਹਾ ਕਿ ਸਾਲ 2025 ਦÏਰਾਨ ਭਾਜਪਾ ਸਰਕਾਰ ਅਧੀਨ 9 ਪੱਤਰਕਾਰਾਂ ਦੇ ਜਮਹੂਰੀ ਅਧਿਕਾਰਾਂ ਦੀ ਵਰਤੋਂ ਕਰਨ ਦੇ ਦੋਸ਼ ਵਿਚ ਕਤਲ ਕਰ ਦਿੱਤੇ ਗਏ ਹਨ | ਪੰਜਾਬ ਦੇ ਜਿਹੜੇ ਪੱਤਰਕਾਰਾਂ ਤੇ ਲੋਕ ਆਵਾਜ਼ ਟੀ ਵੀ ‘ਤੇ ਮੁਕੱਦਮੇ ਦਰਜ ਕੀਤੇ ਗਏ ਹਨ ਉਹ ਹਨ ਮਿੰਟੂ ਗੁਰੂਸਰੀਆ, ਮਾਨਕ ਗੋਇਲ, ਗਗਨ ਰਾਮਗੜ੍ਹੀਆ, ਨਾਮੂ ਧਾਲੀਵਾਲ ਹਰਮਨ, ਅਰਜਨ, ਦੀਪ ਮੰਗਲ, ਦੀਪ ਮੱਕੜ, ਹਰਲਾਭ ਮਾਨ, ਲੋਕ ਆਵਾਜ਼ ਟੀ ਵੀ ਆਦਿ | ਇਹਨਾਂ ‘ਤੇ ਦੋਸ਼ ਹਨ ਕਿ ਭਗਵੰਤ ਮਾਨ ਸਰਕਾਰ ਦੇ ਹੈਲੀਕਾਪਟਰ ਦੀ ਦੁਰਵਰਤੋਂ ਬਾਰੇ ਇਹਨਾਂ ਨੇ ਖਬਰਾਂ ਦਿੱਤੀਆਂ ਹਨ |
ਉਹਨਾ ਆਖਿਆ ਕਿ ਮਾਨ ਸਰਕਾਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਵਿਦਿਆਰਥੀ ਅਤੇ ਦੁਕਾਨਦਾਰ ਹਰ ਵਰਗ ‘ਤੇ ਹੋ ਰਹੇ ਜ਼ੁਲਮਾਂ ਲਈ ਜ਼ਿੰਮੇਵਾਰ ਹੈ | ਸਾਥੀ ਬਰਾੜ ਨੇ ਪੱਤਰਕਾਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਇਹਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ |




