ਗਰੋਕ ਨੇ ਬੀਬੀਆਂ ਬੇਇੱਜ਼ਤ ਕਰ ਕੇ ਰੱਖ ਦਿੱਤੀਆਂ, ਮਸਕ ਨੂੰ ਸ਼ਰਮ ਨਹੀਂ

0
17

ਵਾਸ਼ਿੰਗਟਨ : ਐਲਨ ਮਸਕ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ ਚੈਟਬੋਟ ‘ਗਰੋਕ’ ਵੱਲੋਂ ਅÏਰਤਾਂ ਅਤੇ ਨਾਬਾਲਗਾਂ ਦੀਆਂ ਜਿਨਸੀ ਅਤੇ ਅਸ਼ਲੀਲ ਤਸਵੀਰਾਂ ਤਿਆਰ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ | ਰੀਓ ਡੀ ਜਨੇਰੋ ਦੀ ਇੱਕ ਸੰਗੀਤਕਾਰ ਜੂਲੀ ਯੂਕਾਰੀ ਨੇ ਦੱਸਿਆ ਕਿ ਜਦੋਂ ਉਸ ਨੇ ਨਵੇਂ ਸਾਲ ਦੀ ਪੂਰਬਲੀ ਸ਼ਾਮ ਆਪਣੀ ਇੱਕ ਸਾਧਾਰਨ ਤਸਵੀਰ ਪੋਸਟ ਕੀਤੀ, ਤਾਂ ਅਗਲੇ ਹੀ ਦਿਨ ਯੂਜ਼ਰਜ਼ ਨੇ ਗਰੋਕ ਦੀ ਮਦਦ ਨਾਲ ਉਸ ਨੂੰ ਡਿਜੀਟਲ ਤੌਰ ‘ਤੇ ਨਗਨ ਕਰ ਦਿੱਤਾ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਐੱਕਸ ‘ਤੇ ਵਾਇਰਲ ਕਰ ਦਿੱਤੀਆਂ, ਜਿਸ ਕਾਰਨ ਉਹ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ |
ਖਬਰ ਏਜੰਸੀ ਰਾਈਟਰਜ਼ ਦੇ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਗਰੋਕ ਨੇ ਕਈ ਮਾਮਲਿਆਂ ਵਿੱਚ ਬੱਚਿਆਂ ਦੀਆਂ ਵੀ ਅਸ਼ਲੀਲ ਤਸਵੀਰਾਂ ਤਿਆਰ ਕੀਤੀਆਂ ਹਨ, ਜਿਸ ਕਾਰਨ ਫਰਾਂਸ ਦੇ ਮੰਤਰੀਆਂ ਨੇ ਇਸ ਨੂੰ ਗੈਰ-ਕਾਨੂੰਨੀ ਦੱਸਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਭਾਰਤ ਦੇ ਆਈ ਟੀ ਮੰਤਰਾਲੇ ਨੇ ਵੀ ਐੱਕਸ ਦੀ ਸਥਾਨਕ ਇਕਾਈ ਨੂੰ ਪੱਤਰ ਲਿਖ ਕੇ ਜਵਾਬ ਮੰਗਿਆ ਹੈ |
ਰਾਈਟਰਜ਼ ਵੱਲੋਂ ਕੀਤੇ ਗਏ ਨਿਰੀਖਣ ਦੌਰਾਨ ਸਿਰਫ 10 ਮਿੰਟਾਂ ਵਿੱਚ 102 ਅਜਿਹੀਆਂ ਕੋਸ਼ਿਸ਼ਾਂ ਦੇਖੀਆਂ ਗਈਆਂ, ਜਿੱਥੇ ਯੂਜ਼ਰਜ਼ ਨੇ ਗਰੋਕ ਨੂੰ ਔਰਤਾਂ ਦੀਆਂ ਤਸਵੀਰਾਂ ਵਿੱਚੋਂ ਕੱਪੜੇ ਹਟਾਉਣ ਜਾਂ ਬਹੁਤ ਹੀ ਛੋਟੇ ਕੱਪੜੇ ਪਾਉਣ ਲਈ ਕਿਹਾ ਅਤੇ 19 ਨੇ ਕਈ ਮਾਮਲਿਆਂ ਵਿੱਚ ਇਨ੍ਹਾਂ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ |
ਐਲਨ ਮਸਕ ਨੇ ਇਸ ਵਿਵਾਦ ‘ਤੇ ਗੰਭੀਰਤਾ ਦਿਖਾਉਣ ਦੀ ਬਜਾਏ ਸੋਸ਼ਲ ਮੀਡੀਆ ‘ਤੇ ਹਾਸੇ ਵਾਲੇ ਇਮੋਜੀ ਸਾਂਝੇ ਕੀਤੇ ਹਨ | ਮਾਹਰਾਂ ਦਾ ਕਹਿਣਾ ਹੈ ਕਿ ਅਜਿਹੇ ‘ਨਿਊਡੀਫਾਇਰ’ ਟੂਲ ਪਹਿਲਾਂ ਸਿਰਫ ਡਾਰਕ ਵੈੱਬ ਤੱਕ ਸੀਮਤ ਸਨ, ਪਰ ਮਸਕ ਨੇ ਇਸ ਨੂੰ ਬਹੁਤ ਆਸਾਨ ਬਣਾ ਕੇ ਔਰਤਾਂ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾ ਦਿੱਤਾ ਹੈ | ਮਿਡਾਸ ਪ੍ਰੋਜੈਕਟ ਵਰਗੀਆਂ ਸੰਸਥਾਵਾਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਐੱਕਸ ਏ ਆਈ ਦਾ ਇਹ ਟੂਲ ਬਿਨਾਂ ਸਹਿਮਤੀ ਦੇ ਡੀਪਫੇਕ ਬਣਾਉਣ ਲਈ ਹਥਿਆਰ ਵਜੋਂ ਵਰਤਿਆ ਜਾ ਸਕਦਾ ਹੈ, ਜੋ ਕਿ ਹੁਣ ਸੱਚ ਸਾਬਤ ਹੋ ਰਿਹਾ ਹੈ | ਪੀੜਤ ਔਰਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਉਸ ਸਰੀਰ ਲਈ ਸ਼ਰਮ ਮਹਿਸੂਸ ਕਰਨੀ ਪੈ ਰਹੀ ਹੈ, ਜੋ ਅਸਲ ਵਿੱਚ ਉਨ੍ਹਾਂ ਦਾ ਹੈ ਹੀ ਨਹੀਂ, ਬਲਕਿ ਏ ਆਈ ਨਾਲ ਤਿਆਰ ਕੀਤਾ ਗਿਆ ਹੈ |