ਗੁਹਾਟੀ : ਭਾਰਤੀ ਕਿ੍ਕਟ ਕੰਟਰੋਲ ਬੋਰਡ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ 2026 ਐਡੀਸ਼ਨ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ (ਕੇ ਕੇ ਆਰ) ਨੂੰ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਰਹਿਮਾਨ ਨੂੰ ਆਪਣੀ ਟੀਮ ਵਿੱਚੋਂ ਕੱਢਣ ਲਈ ਕਿਹਾ ਤੇ ਉਸ ਨੇ ਕੱਢ ਵੀ ਦਿੱਤਾ | ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ ਵਿੱਚ ਵਧਦੇ ਤਣਾਅ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ |
ਪਿਛਲੇ ਮਹੀਨੇ ਹੋਈ ਨਿਲਾਮੀ ਵਿੱਚ ਸ਼ਾਹਰੁਖ ਖਾਨ ਦੀ ਟੀਮ ਕੇ ਕੇ ਆਰ ਨੇ ਇਸ 30 ਸਾਲਾ ਖੱਬੇ ਹੱਥ ਦੇ ਗੇਂਦਬਾਜ਼ ਨੂੰ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਨਾਲ ਸਖਤ ਮੁਕਾਬਲੇ ਤੋਂ ਬਾਅਦ 9.20 ਕਰੋੜ ਰੁਪਏ ਵਿੱਚ ਖਰੀਦਿਆ ਸੀ | ਬੋਰਡ ਦੇ ਸਕੱਤਰ ਦੇਵਾਜੀਤ ਸੈਕੀਆ ਨੇ ਦੱਸਿਆ ਕਿ ਕੇ ਕੇ ਆਰ ਨੂੰ ਲੋੜ ਪੈਣ ‘ਤੇ ਉਸ ਦੀ ਥਾਂ ਕੋਈ ਹੋਰ ਖਿਡਾਰੀ ਚੁਣਨ ਦੀ ਇਜਾਜ਼ਤ ਦਿੱਤੀ ਜਾਵੇਗੀ | ਕਾਂਗਰਸੀ ਆਗੂ ਸ਼ਸ਼ੀ ਥਰੂਰ ਨੇ ਸੋਸ਼ਲ ਮੀਡੀਆ ‘ਤੇ ਸਵਾਲ ਚੁੱਕਿਆ ਹੈ ਕਿ ਕੀ ਅਸੀਂ ਕਿਸੇ ਖਿਡਾਰੀ ਨੂੰ ਉਸ ਦੀ ਕੌਮੀਅਤ ਜਾਂ ਧਰਮ ਦੇ ਆਧਾਰ ‘ਤੇ ਸਜ਼ਾ ਦੇ ਰਹੇ ਹਾਂ? ਉਨ੍ਹਾ ਕਿਹਾ ਕਿ ਮੁਸਤਾਫਿਜ਼ੁਰ ਇੱਕ ਕਿ੍ਕਟਰ ਹੈ ਅਤੇ ਉਸ ਦਾ ਬੰਗਲਾਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ | ਥਰੂਰ ਨੇ ਚੇਤਾਵਨੀ ਦਿੱਤੀ ਕਿ ਗੁਆਂਢੀ ਦੇਸ਼ਾਂ ਦੇ ਖਿਡਾਰੀਆਂ ਨੂੰ ਇਸ ਤਰ੍ਹਾਂ ਅਲੱਗ-ਥਲੱਗ ਕਰਨਾ ਭਾਰਤ ਦੇ ਲੰਮੇ ਸਮੇਂ ਦੇ ਹਿੱਤਾਂ ਵਿੱਚ ਨਹੀਂ ਹੈ | ਕਰਨਾਟਕ ਦੇ ਮੰਤਰੀ ਪਿ੍ਯੰਕ ਖੜਗੇ ਨੇ ਕ੍ਰਿਕਟ ਕੰਟਰੋਲ ਬੋਰਡ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਭੂਮਿਕਾ ‘ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਜੇ ਨਿਯਮ ਬਣਾਉਣੇ ਸਨ ਤਾਂ ਉਹ ਪਹਿਲਾਂ ਹੀ ਸਪੱਸ਼ਟ ਕਿਉਂ ਨਹੀਂ ਕੀਤੇ ਗਏ | ਉਨ੍ਹਾ ਦੋਸ਼ ਲਾਇਆ ਕਿ ਸੱਤਾਧਾਰੀ ਪਾਰਟੀ ਆਪਣੀ ਸਹੂਲਤ ਅਨੁਸਾਰ ਰਾਸ਼ਟਰਵਾਦ ਦਾ ਇਸਤੇਮਾਲ ਕਰਦੀ ਹੈ | ਖੜਗੇ ਨੇ ਕਿਹਾ ਕਿ ਜਦੋਂ ਲਾਭ ਦੀ ਗੱਲ ਹੁੰਦੀ ਹੈ ਤਾਂ ਆਈ ਪੀ ਐੱਲ ਦੀਆਂ ਨਿਲਾਮੀਆਂ ਵਿਦੇਸ਼ਾਂ ਵਿੱਚ ਕੀਤੀਆਂ ਜਾਂਦੀਆਂ ਹਨ, ਪਰ ਹੁਣ ਖਿਡਾਰੀਆਂ ਦੇ ਮੁੱਦੇ ‘ਤੇ ਰਾਜਨੀਤੀ ਕੀਤੀ ਜਾ ਰਹੀ ਹੈ | ਉਨ੍ਹਾ ਸ਼ਾਹਰੁਖ ਖਾਨ ਨੂੰ ਨਿਸ਼ਾਨਾ ਬਣਾਉਣ ਵਾਲੇ ਭਾਜਪਾ ਆਗੂਆਂ ਨੂੰ ਵੀ ਕਰੜੇ ਹੱਥੀਂ ਲਿਆ |





