ਟਰੰਪ ਵੱਲੋਂ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਤੇ ਪਤਨੀ ਦਾ ਹਰਨ

0
11

ਕਰਾਕਸ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੈਰਾਨੀਜਨਕ ਐਲਾਨ ਕਰਦਿਆਂ ਦੱਸਿਆ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਅਮਰੀਕੀ ਸੁਰੱਖਿਆ ਬਲਾਂ ਨੇ ਇੱਕ ਵੱਡੇ ਅਪ੍ਰੇਸ਼ਨ ਦੌਰਾਨ ਕਬਜ਼ੇ ਵਿੱਚ ਲੈ ਲਿਆ ਹੈ |
ਟਰੰਪ ਅਨੁਸਾਰ ਅਮਰੀਕੀ ਫੌਜ ਨੇ ਵੈਨੇਜ਼ੁਏਲਾ ਅਤੇ ਉਸ ਦੇ ਲੀਡਰ ‘ਤੇ ਵੱਡੇ ਪੱਧਰ ਦਾ ਹਮਲਾ ਕੀਤਾ, ਜਿਸ ਤੋਂ ਬਾਅਦ ਮਾਦੁਰੋ ਨੂੰ ਕਾਬੂ ਕਰਕੇ ਦੇਸ਼ ਤੋਂ ਬਾਹਰ ਲਿਜਾਇਆ ਗਿਆ ਹੈ | ਸੋਸ਼ਲ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦਿਆਂ ਟਰੰਪ ਨੇ ਇਹ ਵੀ ਦੱਸਿਆ ਕਿ ਇਸ ਮੁਹਿੰਮ ਵਿੱਚ ਮਾਦੁਰੋ ਦੀ ਪਤਨੀ ਸਿਲੀਆ ਏਡੇਲਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ |
ਵੈਨੇਜ਼ੁਏਲਾ ਦੀ ਸਰਕਾਰ ਨੇ ਅਮਰੀਕਾ ‘ਤੇ ਦੋਸ਼ ਲਗਾਇਆ ਕਿ ਉਸ ਨੇ ਤੜਕੇ ਦੇਸ਼ ਦੀਆਂ ਕਈ ਨਾਗਰਿਕ ਅਤੇ ਫੌਜੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ | ਰਾਜਧਾਨੀ ਕਰਾਕਸ ਵਿੱਚ ਸਥਾਨਕ ਸਮੇਂ ਅਨੁਸਾਰ ਰਾਤ ਦੇ 2 ਵਜੇ ਦੇ ਕਰੀਬ (ਭਾਰਤੀ ਸਮੇਂ ਮੁਤਾਬਕ ਸਨਿੱਚਰਵਾਰ ਦਿਨੇ ਸਾਢੇ 11 ਵਜੇ) ਘੱਟੋ-ਘੱਟ ਸੱਤ ਜ਼ੋਰਦਾਰ ਧਮਾਕੇ ਸੁਣੇ ਗਏ ਅਤੇ ਅਸਮਾਨ ਵਿੱਚ ਨੀਵੀਂ ਉਡਾਣ ਭਰਦੇ ਜਹਾਜ਼ ਦੇਖੇ ਗਏ |
ਧਮਾਕਿਆਂ ਕਾਰਨ ਸ਼ਹਿਰ ਦੀਆਂ ਕਈ ਇਮਾਰਤਾਂ ਹਿੱਲ ਗਈਆਂ ਅਤੇ ਫੌਜੀ ਟਿਕਾਣਿਆਂ ਤੋਂ ਧੂੰਆਂ ਉੱਠਦਾ ਦੇਖਿਆ ਗਿਆ | ਇਸ ਹਮਲੇ ਤੋਂ ਬਾਅਦ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਸਰਗਰਮ ਕਰਦਿਆਂ ‘ਸਟੇਟ ਆਫ ਐਕਸਟਰਨਲ ਡਿਸਟਰਬੈਂਸ’ (ਬਾਹਰੀ ਗੜਬੜੀ ਦੀ ਸਥਿਤੀ) ਦਾ ਐਲਾਨ ਕਰ ਦਿੱਤਾ ਅਤੇ ਆਪਣੇ ਸਮਰਥਕਾਂ ਨੂੰ ਇਸ ਸਾਮਰਾਜਵਾਦੀ ਹਮਲੇ ਦਾ ਵਿਰੋਧ ਕਰਨ ਲਈ ਸੜਕਾਂ ‘ਤੇ ਉਤਰਨ ਦੀ ਅਪੀਲ ਕੀਤੀ | ਇਸ ਤੋਂ ਬਾਅਦ ਅਮਰੀਕੀ ਫੌਜੀਆਂ ਨੇ ਮਾਦੁਰੋ ਨੂੰ ਚੁੱਕਿਆ | ਟਰੰਪ ਨੇ ਪਹਿਲਾਂ ਹੀ ਵੈਨੇਜ਼ੁਏਲਾ ਵਿੱਚ ਸਿੱਧੀ ਕਾਰਵਾਈ ਦੀ ਚੇਤਾਵਨੀ ਦਿੱਤੀ ਸੀ, ਜਿਸ ਨੂੰ ਉਹ ਨਸ਼ਾ ਤਸਕਰੀ ਵਿਰੁੱਧ ਜੰਗ ਦਾ ਹਿੱਸਾ ਦੱਸ ਰਹੇ ਹਨ | ਮਾਦੁਰੋ ਦਾ ਕਹਿਣਾ ਸੀ ਕਿ ਅਮਰੀਕਾ ਅਸਲ ਵਿੱਚ ਵੈਨੇਜ਼ੁਏਲਾ ਦੀ ਸੱਤਾ ਬਦਲ ਕੇ ਇੱਥੋਂ ਦੇ ਤੇਲ ਭੰਡਾਰਾਂ ‘ਤੇ ਕਬਜ਼ਾ ਕਰਨਾ ਚਾਹੁੰਦਾ ਹੈ | ਇਸ ਘਟਨਾ ਨਾਲ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਸਿਖਰ ‘ਤੇ ਪਹੁੰਚ ਗਿਆ ਹੈ ਅਤੇ ਖੇਤਰ ਵਿੱਚ ਜੰਗ ਵਰਗੇ ਹਾਲਾਤ ਬਣ ਗਏ ਹਨ |
ਵੈਨਜ਼ੁਏਲਾ ਦੇ ਗ੍ਰਹਿ ਮੰਤਰੀ ਦਿਓਸਦਾਦੋ ਕੈਬੇਲੋ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਲੋਕਾਂ ਖਿਲਾਫ ਪਹਿਲਾ ਹਮਲਾ ਨਹੀਂ, ਪਹਿਲਾਂ ਵੀ ਹੋਏ ਹਨ ਤੇ ਉਹ ਪਛਾੜਦੇ ਰਹੇ ਹਨ | ਰੂਸ ਨੇ ਕਿਹਾ ਹੈ, ”ਜੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਤੇ ਉਨ੍ਹਾ ਦੀ ਪਤਨੀ ਨੂੰ ਚੁੱਕਿਆ ਗਿਆ ਹੈ ਤਾਂ ਇਹ ਇੱਕ ਪ੍ਰਭੂਸੱਤਾ-ਸੰਪੰਨ ਦੇਸ਼ ਦੀ ਨਾਕਾਬਲੇ-ਬਰਦਾਸ਼ਤ ਉਲੰਘਣਾ ਹੈ | ਉਸ ਨੇ ਕਿਹਾ ਹੈ ਕਿ ਇਹ ਹਥਿਆਰਾਬੰਦ ਹਮਲੇ ਦੀ ਕਾਰਵਾਈ ਹੈ | ਈਰਾਨ ਨੇ ਕਿਹਾ ਹੈ ਕਿ ਅਮਰੀਕੀ ਫੌਜੀ ਹਮਲਾ ਵੈਨੇਜ਼ੁਏਲਾ ਦੀ ਕੌਮੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦੀ ਸਰੀਂਹਨ ਉਲੰਘਣਾ ਹੈ | ਕਿਊਬਾ ਨੇ ਕਿਹਾ ਹੈ ਕਿ ਅਮਰੀਕੀ ਕਾਰਵਾਈ ਵੈਨੇਜ਼ਏਲਾ ਦੇ ਲੋਕਾਂ ਖਿਲਾਫ ਰਾਜਕੀ ਦਹਿਸ਼ਤਗਰਦੀ ਹੈ | ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਕਿਹਾ ਕਿ ਇਹ ਮੁਜਰਮਾਨਾ ਹਮਲਾ ਹੈ | ਕਤਰ ਵਿੱਚ ਹਮਾਦ ਬਿਨ ਖਲੀਫਾ ਯੂਨੀਵਰਸਿਟੀ ਦੇ ਪਬਲਿਕ ਪਾਲਿਸੀ ਦੇ ਪ੍ਰੋਫੈਸਰ ਸੁਲਤਾਨ ਬਰਕਤ ਨੇ ਕਿਹਾ ਹੈ ਕਿ ਅਮਰੀਕੀ ਕਾਰਵਾਈ ਕੌਮਾਂਤਰੀ ਕਾਨੂੰਨ ਦੇ ਸਤਿਕਾਰ ਦੇ ਅੰਤ ਦਾ ਇਸ਼ਾਰਾ ਹੈ ਅਤੇ ਇਸਨੇ ਹੋਰਨਾਂ ਦੇਸ਼ਾਂ ਲਈ ਵੀ ਅਜਿਹੀਆਂ ਕਾਰਵਾਈਆਂ ਦਾ ਬਹਾਨਾ ਦੇ ਦਿੱਤਾ ਹੈ | ਇਹ ਕੌਮਾਂਤਰੀ ਸਮਝੌਤੇ ਦੇ ਤਾਬੂਤ ਵਿੱਚ ਕਿੱਲ ਹੈ | ਕਿਸੇ ਦੇਸ਼ ਦੀ ਪ੍ਰਭੂਸੱਤਾ ਦੇ ਸਿਧਾਂਤ ਨੂੰ ਤਹਿਸ-ਨਹਿਸ ਕਰ ਦਿੱਤਾ ਗਿਆ ਹੈ |