ਬੰਗਲਾਦੇਸ਼ ਦੀ ਟੀਮ ਵੱਲੋਂ ਭਾਰਤ ‘ਚ ਖੇਡਣ ਤੋਂ ਨਾਂਹ

0
23

ਢਾਕਾ : ਬੰਗਲਾਦੇਸ਼ ਕਿ੍ਕਟ ਬੋਰਡ ਨੇ ਆਪਣੀ ਸੀਨੀਅਰ ਪੁਰਸ਼ ਟੀਮ ਨੂੰ ਆਈ ਸੀ ਸੀ ਟੀ-20 ਵਿਸ਼ਵ ਕੱਪ 2026 ਲਈ ਭਾਰਤ ਨਾ ਭੇਜਣ ਦਾ ਵੱਡਾ ਫੈਸਲਾ ਲਿਆ ਹੈ | ਬੋਰਡ ਨੇ ਆਈ ਸੀ ਸੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਮੈਚ ਭਾਰਤ ਤੋਂ ਸ੍ਰੀਲੰਕਾ ਤਬਦੀਲ ਕੀਤੇ ਜਾਣ | ਇਹ ਫੈਸਲਾ ਉਸ ਵੇਲੇ ਆਇਆ ਹੈ, ਜਦੋਂ ਹਾਲ ਹੀ ਵਿੱਚ ਸ਼ਾਹਰੁਖ ਖਾਨ ਦੀ ਕੋਲਕਾਤਾ ਨਾਈਟ ਰਾਈਡਰਜ਼ (ਕੇ ਕੇ ਆਰ) ਨੇ ਭਾਰਤੀ ਕਿ੍ਕਟ ਕੰਟਰੋਲ ਬੋਰਡ ਦੇ ਨਿਰਦੇਸ਼ਾਂ ‘ਤੇ ਬੰਗਲਾਦੇਸ਼ੀ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਆਈ ਪੀ ਐੱਲ 2026 ਦੀ ਆਪਣੀ ਟੀਮ ਵਿੱਚੋਂ ਬਾਹਰ ਕਰ ਦਿੱਤਾ ਹੈ | ਮੁਸਤਫਿਜ਼ੁਰ ਰਹਿਮਾਨ ਨੂੰ ਕੇ ਕੇ ਆਰ ਨੇ ਪਿਛਲੇ ਸਾਲ ਦੀ ਨਿਲਾਮੀ ਵਿੱਚ 9.20 ਕਰੋੜ ਰੁਪਏ ਦੀ ਵੱਡੀ ਰਕਮ ਵਿੱਚ ਖਰੀਦਿਆ ਸੀ, ਪਰ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਭਾਰਤ ਵਿੱਚ ਉਸ ਦੀ ਚੋਣ ਦਾ ਭਾਰੀ ਵਿਰੋਧ ਹੋ ਰਿਹਾ ਸੀ | ਬੰਗਲਾਦੇਸ਼ ਨੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਮੈਚ 7 ਫਰਵਰੀ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਵੈਸਟ ਇੰਡੀਜ਼ ਵਿਰੁੱਧ ਖੇਡਣਾ ਸੀ | ਇਸ ਤੋਂ ਬਾਅਦ ਉਸ ਦੇ ਮੁਕਾਬਲੇ ਇਟਲੀ, ਇੰਗਲੈਂਡ ਅਤੇ ਨੇਪਾਲ ਨਾਲ ਹੋਣੇ ਸਨ | ਇਸ ਨਵੇਂ ਘਟਨਾਕ੍ਰਮ ਨੇ ਵਿਸ਼ਵ ਕੱਪ ਦੇ ਸ਼ਡਿਊਲ ਅਤੇ ਖੇਡ ਜਗਤ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ |
ਉਲੰਪਿਕ ਦੀ ਮੇਜ਼ਬਾਨੀ ਲਈ ਪੂਰਾ ਜ਼ੋਰ ਲਾ ਰਹੇ ਹਾਂ : ਮੋਦੀ
ਵਾਰਾਨਸੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਕਿਹਾ ਕਿ ਭਾਰਤ 2036 ਉਲੰਪਿਕ ਖੇਡਾਂ ਦੀ ਮੇਜ਼ਬਾਨੀ ਲਈ ਜ਼ੋਰ-ਸ਼ੋਰ ਨਾਲ ਤਿਆਰੀ ਕਰ ਰਿਹਾ ਹੈ | ਇੱਥੇ 72ਵੀਂ ਕੌਮੀ ਵਾਲੀਬਾਲ ਚੈਂਪੀਅਨਸ਼ਿਪ ਦੇ ਉਦਘਾਟਨੀ ਸਮਾਰੋਹ ਨੂੰ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ 20 ਤੋਂ ਵੱਧ ਵੱਡੇ ਕੌਮਾਂਤਰੀ ਟੂਰਨਾਮੈਂਟ ਕਰਵਾਏ ਗਏ ਹਨ, ਜਿਨ੍ਹਾਂ ਵਿੱਚ ਅੰਡਰ-17 ਫੀਫਾ ਵਿਸ਼ਵ ਕੱਪ, ਹਾਕੀ ਵਿਸ਼ਵ ਕੱਪ ਅਤੇ ਪ੍ਰਮੁੱਖ ਸ਼ਤਰੰਜ ਟੂਰਨਾਮੈਂਟ ਸ਼ਾਮਲ ਹਨ | 2030 ਰਾਸ਼ਟਰਮੰਡਲ ਖੇਡਾਂ ਵੀ ਭਾਰਤ ਵਿੱਚ ਕਰਵਾਈਆਂ ਜਾਣਗੀਆਂ | ਭਾਰਤ 2036 ਉਲੰਪਿਕ ਦੀ ਮੇਜ਼ਬਾਨੀ ਲਈ ਪੂਰੀ ਤਾਕਤ ਨਾਲ ਤਿਆਰੀ ਕਰ ਰਿਹਾ ਹੈ |