ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਤੰਬਾਕੂ ਉਤਪਾਦਾਂ ‘ਤੇ ਲਗਾਏ ਗਏ ਭਾਰੀ ਟੈਕਸਾਂ ਕਾਰਨ ਦੇਸ਼ ਵਿੱਚ ਨਾਜਾਇਜ਼ ਵਪਾਰ ਅਤੇ ਸਮਗਲਿੰਗ ਵਧਣ ਦਾ ਖਤਰਾ ਪੈਦਾ ਹੋ ਗਿਆ ਹੈ | ਵਿੱਤ ਮੰਤਰਾਲੇ ਨੇ ਹਾਲ ਹੀ ਵਿੱਚ ਸਿਗਰਟਾਂ ‘ਤੇ ਨਵੀਂ ਐਕਸਾਈਜ਼ ਡਿਊਟੀ ਲਾਗੂ ਕੀਤੀ ਹੈ, ਜਿਸ ਨਾਲ 1 ਫਰਵਰੀ ਤੋਂ ਟੈਕਸਾਂ ਵਿੱਚ 60 ਤੋਂ 70 ਫੀਸਦੀ ਤੱਕ ਦਾ ਵਾਧਾ ਹੋ ਜਾਵੇਗਾ | ਮਾਹਰਾਂ ਅਨੁਸਾਰ ਏਨਾ ਵੱਡਾ ਵਾਧਾ ਲੋਕਾਂ ਨੂੰ ਸਿਗਰਟ ਛੱਡਣ ਲਈ ਨਹੀਂ, ਸਗੋਂ ਸਸਤੀਆਂ ਅਤੇ ਗੈਰ-ਕਾਨੂੰਨੀ ਸਮਗਲਡ ਸਿਗਰਟਾਂ ਵੱਲ ਧੱਕੇਗਾ | ਵਰਤਮਾਨ ਵਿੱਚ ਵੀ ਭਾਰਤ ਵਿੱਚ ਨਾਜਾਇਜ਼ ਤੰਬਾਕੂ ਦਾ ਬਾਜ਼ਾਰ ਕੁੱਲ ਮਾਰਕੀਟ ਦਾ 26 ਫੀਸਦੀ ਹੈ, ਜੋ ਦੁਨੀਆ ਵਿੱਚ ਚੌਥੇ ਨੰਬਰ ‘ਤੇ ਹੈ | ਜੇ ਪੀ ਮੋਰਗਨ ਅਤੇ ਨੋਮੁਰਾ ਵਰਗੀਆਂ ਗਲੋਬਲ ਵਿੱਤੀ ਸੰਸਥਾਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਟੈਕਸਾਂ ਵਿੱਚ ਬੇਤਹਾਸ਼ਾ ਵਾਧੇ ਨਾਲ ਸਰਕਾਰ ਦੇ ਮਾਲੀਏ ਨੂੰ ਵੱਡੀ ਸੱਟ ਵੱਜ ਸਕਦੀ ਹੈ, ਕਿਉਂਕਿ ਖਪਤਕਾਰ ਡਿਊਟੀ-ਪੇਡ ਸਿਗਰਟਾਂ ਦੀ ਬਜਾਏ ਬਿਨਾਂ ਟੈਕਸ ਵਾਲੀਆਂ ਚੋਰੀ-ਛਿਪੇ ਆਉਣ ਵਾਲੀਆਂ ਸਿਗਰਟਾਂ ਦੀ ਵਰਤੋਂ ਕਰਨਗੇ | ਆਸਟਰੇਲੀਆ ਵਰਗੇ ਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਮਾਹਰਾਂ ਨੇ ਕਿਹਾ ਕਿ ਅਜਿਹੇ ਫੈਸਲਿਆਂ ਨਾਲ ਅਕਸਰ ਸੰਗਠਤ ਅਪਰਾਧ ਅਤੇ ਸਮਗਲਿੰਗ ਨੈੱਟਵਰਕ ਮਜ਼ਬੂਤ ਹੁੰਦੇ ਹਨ | ‘ਟੋਬੈਕੋ ਇੰਸਟੀਚਿਊਟ ਆਫ ਇੰਡੀਆ’ ਨੇ ਵੀ ਸਰਕਾਰ ਨੂੰ ਇਸ ਫੈਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ, ਤਾਂ ਜੋ ਨਾਜਾਇਜ਼ ਕਾਰੋਬਾਰ ਨੂੰ ਰੋਕਿਆ ਜਾ ਸਕੇ |




