ਸਾਬਕਾ ਅਮਰੀਕੀ ਜਰਨੈਲ ਦੀ ਚਿਤਾਵਨੀ

0
16

ਨਿਊ ਯਾਰਕ : ਰਿਟਾਇਰਡ ਅਮਰੀਕੀ ਲੈਫਟੀਨੈਂਟ ਜਨਰਲ ਬੇਨ ਹੌਜੇਸ ਨੇ ਕਿਹਾ ਹੈ ਕਿ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਲਾਂਭੇ ਕਰਨਾ ਆਸਾਨ ਸੀ, ਅਸਲੀ ਮੁਸ਼ਕਲ ਅੱਗੇ ਆਉਣੀ ਹੈ | ਉਸ ਨੂੰ ਨਹੀਂ ਲੱਗਦਾ ਕਿ ਅਮਰੀਕੀ ਸਰਕਾਰ ਨੇ ਇਹ ਸੋਚਿਆ ਹੈ ਕਿ ਅੱਗੇ ਕੀ ਹੋਵੇਗਾ | ਇਰਾਕ ਤੇ ਅਫਗਾਨਿਸਤਾਨ ‘ਚ ਕਾਰਵਾਈਆਂ ਕਰਕੇ ਜਿਹੜੀ ਗਰਬ-ਗੁਮਾਨੀ ਅਮਰੀਕੀਆਂ ਨੂੰ ਚੜ੍ਹੀ ਸੀ, ਬਾਅਦ ਵਿੱਚ ਸਾਬਤ ਹੋਇਆ ਸੀ ਕਿ ਭਿਅੰਕਰ ਗਲਤੀ ਕੀਤੀ | ਉਸ ਨੇ ਕਿਹਾ, ‘ਜਦ ਮੈਂ ਸੁਣਿਆ ਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਹੈ ਕਿ ਉਹ ਵੈਨੇਜ਼ੁਏਲਾ ਵਿੱਚ ਫੌਜੀ ਘੱਲਣ ਤੋਂ ਵੀ ਨਹੀਂ ਟਲੇਗਾ ਤਾਂ ਮੈਂ ਇਰਾਕ ਤੇ ਅਫਗਾਨਿਸਤਾਨ ਵਿੱਚ ਆਪਣੀ ਤਾਇਨਾਤੀ ਬਾਰੇ ਸੋਚਿਆ | ਮੈਂ ਤੁਹਾਨੂੰ ਦੱਸ ਸਕਦਾ ਹਾਂ ਕਿ ਜੇ ਸਪੱਸ਼ਟ ਤੌਰ ‘ਤੇ ਪ੍ਰੀਭਾਸ਼ਤ ਰਣਨੀਤਕ ਉਦੇਸ਼ ਨਾ ਹੋਵੇ ਅਤੇ ਯੋਜਨਾ ਦੇ ਸਿਆਸੀ ਤੇ ਨਾਗਰਿਕ ਪੱਖ ਸਹੀ ਤਰ੍ਹਾਂ ਨਾ ਵਿਚਾਰੇ ਗਏ ਹੋਣ ਤਾਂ ਉਹੀ ਹੁੰਦਾ ਹੈ, ਜੋ ਇਰਾਕ ਤੇ ਅਫਗਾਨਿਸਤਾਨ ਵਿੱਚ ਹੋਇਆ |’
ਕਿਊਬਾ ਨੂੰ ਵੀ ਧਮਕੀ
ਵਾਸ਼ਿੰਗਟਨ : ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗਿ੍ਫਤਾਰੀ ਤੋਂ ਬਾਅਦ ਅਮਰੀਕਾ ਨੇ ਕਿਊਬਾ ਨੂੰ ਵੀ ਚਿਤਾਵਨੀ ਦਿੱਤੀ ਹੈ | ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਕਿ ਮਾਦੁਰੋ ਦੀ ਸੁਰੱਖਿਆ ਤੇ ਖੁਫੀਆ ਤੰਤਰ ਵਿੱਚ ਕਿਊਬਾ ਦੀ ਦਖਲਅੰਦਾਜ਼ੀ ਸੀ, ਜੋ ਗਲਤ ਹੈ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਕਿਊਬਾ ਦੀ ਹਾਲਤ ਦਿਨ-ਬ-ਦਿਨ ਖਰਾਬ ਹੁੰਦੀ ਜਾ ਰਹੀ ਹੈ, ਜਿਸ ਕਰ ਕੇ ਅਮਰੀਕਾ ਉਥੋਂ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਹੈ | ਦੂਜੇ ਪਾਸੇ, ਕਿਊਬਾ ਨੇ ਅਮਰੀਕਾ ਦੀ ਵੈਨੇਜ਼ੁਏਲਾ ‘ਤੇ ਕਾਰਵਾਈ ਦੀ ਸਖਤ ਨਿਖੇਧੀ ਕੀਤੀ ਹੈ | ਉਸ ਨੇ ਕਿਹਾ ਕਿ ਅਮਰੀਕਾ ਦੀ ਇਹ ਕਾਰਵਾਈ ਪੂਰੇ ਖਿੱਤੇ ਨੂੰ ਅਸਥਿਰ ਕਰ ਦੇਵੇਗੀ |