ਛੇਹਰਟਾ (ਮਨੋਜ ਕੁਮਾਰ)
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁੰਮ ਹੋਏ 328 ਸਰੂਪਾਂ ਦੇ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਦੋ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਦੌਰਾਨ 14 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਮੋਬਾਇਲ ਡਿਵਾਈਸਾਂ, ਟੈਬਲੇਟਜ਼, ਕੰਪਿਊਟਰ ਤੇ ਅਸੈਸਰੀਜ਼, ਸਟੋਰੇਜ ਡਿਵਾਈਸਾਂ ਸਮੇਤ ਦੋਸ਼ਪੂਰਨ ਵਿੱਤੀ ਰਿਕਾਰਡ ਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ |
ਸਿੱਟ ਦੇ ਬੁਲਾਰੇ ਨੇ ਦੱਸਿਆ ਕਿ ਪੁਲਸ ਕਮਿਸ਼ਨਰੇਟ ਅੰਮਿ੍ਤਸਰ ਅਧੀਨ ਥਾਣਾ ਸੀ-ਡਵੀਜ਼ਨ ਵਿਚ ਦਰਜ ਕੀਤੀ ਗਈ ਐੱਫ ਆਈ ਆਰ ਵਿਚ ਕੁੱਲ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਮੁਲਜ਼ਮਾਂ ਦੀ ਕਥਿਤ ਤੌਰ ‘ਤੇ ਮੌਤ ਹੋ ਚੁੱਕੀ ਹੈ ਅਤੇ 14 ਵਿਅਕਤੀਆਂ ਦੀ ਜਾਂਚ ਚੱਲ ਰਹੀ ਹੈ |
ਇਸ ਮਾਮਲੇ ਵਿਚ ਹੁਣ ਤੱਕ ਸਤਿੰਦਰ ਸਿੰਘ ਕੋਹਲੀ ਤੇ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ |
ਬੁਲਾਰੇ ਨੇ ਅੱਗੇ ਦੱਸਿਆ ਕਿ ਕੰਵਲਜੀਤ ਸਿੰਘ ਉਰਫ਼ ਕਵਲਜੀਤ ਸਿੰਘ ਨੂੰ 3 ਜਨਵਰੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਹ ਸਹਾਇਕ ਵਜੋਂ ਕੰਮ ਕਰ ਰਿਹਾ ਸੀ ਅਤੇ ਪਵਿੱਤਰ ਸਰੂਪਾਂ ਦੀ ਸਾਂਭ-ਸੰਭਾਲ, ਮਰਿਆਦਾ, ਅਣ-ਅਧਿਕਾਰਤ ਛਪਾਈ ਦੌਰਾਨ ਹੋਈਆਂ ਗੰਭੀਰ ਕੁਤਾਹੀਆਂ ਤੇ ਊਣਤਾਈਆਂ ਵਿਚ ਉਸ ਦੀ ਸਿੱਧੀ ਭੂਮਿਕਾ ਸੀ |
ਬੁਲਾਰੇ ਨੇ ਕਿਹਾ ਕਿ ਪੰਜਾਬ ਤੇ ਚੰਡੀਗੜ੍ਹ ਵਿੱਚ ਕੁੱਲ 14 ਥਾਵਾਂ ‘ਤੇ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਵਿਚ ਚੰਡੀਗੜ੍ਹ ਵਿਚ 2 ਥਾਵਾਂ, ਅੰਮਿ੍ਤਸਰ ਸ਼ਹਿਰ ਵਿਚ 8 ਥਾਵਾਂ ਅਤੇ ਗੁਰਦਾਸਪੁਰ, ਰੋਪੜ, ਤਰਨ ਤਾਰਨ ਤੇ ਅੰਮਿ੍ਤਸਰ ਦਿਹਾਤੀ ਵਿੱਚ 1-1 ਥਾਂ ‘ਤੇ ਛਾਪੇਮਾਰੀ ਕਰਕੇ ਤਲਾਸ਼ੀ ਮੁਹਿੰਮ ਚਲਾਈ ਗਈ | ਤਲਾਸ਼ੀ ਦੌਰਾਨ 7 ਮੋਬਾਇਲ ਫ਼ੋਨ, 3 ਟੈਬਲੇਟ, 2 ਲੈਪਟਾਪ, 1 ਸਟੋਰੇਜ ਡਿਵਾਈਸ ਅਤੇ ਦੋਸ਼ਪੂਰਨ ਵਿੱਤੀ ਰਿਕਾਰਡ ਤੇ ਦਸਤਾਵੇਜ਼ ਜ਼ਬਤ ਕੀਤੇ ਗਏ ਹਨ |




