ਬੀਜਿੰਗ : ਚੀਨ ਨੇ ਅਮਰੀਕਾ ਨੂੰ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਤੇ ਉਨ੍ਹਾ ਦੀ ਪਤਨੀ ਨੂੰ ਤੁਰੰਤ ਛੱਡਣ ਲਈ ਕਿਹਾ ਹੈ | ਚੀਨੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਨੂੰ ਚੁੱਕ ਕੇ ਆਪਣੇ ਦੇਸ਼ ਲੈ ਜਾਣਾ ਗਲਤ ਹੈ | ਮੁੱਦੇ ਦਾ ਹੱਲ ਗੱਲਬਾਤ ਨਾਲ ਹੋਣਾ ਚਾਹੀਦਾ ਹੈ | ਨਿਊ ਯਾਰਕ ਦੇ ਮੇਅਰ ਜ਼ੋਹਰਾਨ ਮਮਦਾਨੀ ਨੇ ਅਮਰੀਕੀ ਕਾਰਵਾਈ ਨੂੰ ਜੰਗੀ ਕਾਰਵਾਈ ਦੱਸਦਿਆਂ ਕਿਹਾ ਕਿ ਇਹ ਕਦਮ ਕੌਮਾਂਤਰੀ ਤੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਹੈ | ਵੈਨੇਜ਼ੁਏਲਾ ਸਰਕਾਰ ਨੇ ਮੈਕਸੀਕੋ ਦੀ ਰਾਸ਼ਟਰਪਤੀ ਆਂਦਰੇਸ ਮੈਨੁਏਲ ਲੋਪੇਜ਼ ਓਬਰਾਦੋਰ ਦਾ ਧੰਨਵਾਦ ਕੀਤਾ ਹੈ, ਜਿਸ ਨੇ ਅਮਰੀਕੀ ਹਮਲੇ ਖਿਲਾਫ ਉਸ ਨਾਲ ਯਕਜਹਿਤੀ ਦਾ ਪ੍ਰਗਟਾਵਾ ਕੀਤਾ ਹੈ | ਮੈਕਸੀਕੋ ਨੇ ਅਮਰੀਕੀ ਹਮਲੇ ਨੂੰ ਵੈਨੇਜ਼ੁਏਲਾ ਦੀ ਪ੍ਰਭੂਸੱਤਾ ‘ਤੇ ਹੈਾਕੜ ਭਰਿਆ ਹਮਲਾ ਗਰਦਾਨਿਆ ਸੀ | ਬ੍ਰਾਜ਼ੀਲ, ਕੋਲੰਬੀਆ ਤੇ ਕਿਊਬਾ ਵਰਗੇ ਲਾਤੀਨੀ ਅਮਰੀਕੀ ਦੇਸ਼ਾਂ ਨੇ ਵੀ ਵੈਨੇਜ਼ਏਲਾ ਨਾਲ ਯਕਜਹਿਤੀ ਪ੍ਰਗਟਾਈ ਹੈ | ਉੱਤਰੀ ਕੋਰੀਆ ਨੇ ਕਿਹਾ ਹੈ ਕਿ ਅਮਰੀਕੀ ਹਮਲਾ ਕਿਸੇ ਦੇਸ਼ ਦੇ ਪ੍ਰਭੂਸੱਤਾ ਖੋਹਣ ਦਾ ਅਤਿਅੰਤ ਭਿਆਨਕ ਰੂਪ ਹੈ | ਇਹ ਅਮਰੀਕਾ ਦੀ ਬਦਮਾਸ਼ੀ ਨੂੰ ਫਿਰ ਸਾਹਮਣੇ ਲਿਆਉਂਦਾ ਹੈ |




