ਢਾਕਾ : ਬੰਗਲਾਦੇਸ਼ ਨੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਵਿੱਚੋਂ ਤੇਜ਼ ਗੇਂਦਬਾਜ਼ ਮੁਸਤਫਿਜ਼ੁਰ ਰਹਿਮਾਨ ਨੂੰ ਬਾਹਰ ਕਰਨ ਤੋਂ ਬਾਅਦ ਆਪਣੇ ਦੇਸ਼ ਵਿੱਚ ਆਈ ਪੀ ਐੱਲ ਦੇ ਪ੍ਰਸਾਰਨ ‘ਤੇ ਰੋਕ ਲਾ ਦਿੱਤੀ ਹੈ | ਇਸ ਦੌਰਾਨ ਬੰਗਲਾਦੇਸ਼ ਵਿੱਚ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਪ੍ਰਚਾਰ ਵੀ ਨਹੀਂ ਕੀਤਾ ਜਾ ਸਕੇਗਾ | ਇਹ ਪਾਬੰਦੀ ਅਣਮਿੱਥੇ ਸਮੇਂ ਲਈ ਲਾਈ ਗਈ ਹੈ | ਅਧਿਕਾਰੀਆਂ ਨੇ ਸੋਮਵਾਰ ਪੁਸ਼ਟੀ ਕੀਤੀ ਕਿ ਆਈ ਪੀ ਐੱਲ ਨਾਲ ਸੰਬੰਧਤ ਸਾਰੇ ਪ੍ਰਸਾਰਨ, ਪ੍ਰਚਾਰ ਅਤੇ ਪ੍ਰੋਗਰਾਮ ਕਵਰੇਜ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅਗਲੇ ਆਦੇਸ਼ਾਂ ਤੱਕ ਅਜਿਹਾ ਹੀ ਰਹੇਗਾ | ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੈਸਲਾ ਜਨਤਕ ਹਿੱਤ ਵਿੱਚ ਲਿਆ ਗਿਆ ਹੈ | ਬੰਗਲਾਦੇਸ਼ ਕਿ੍ਕਟ ਬੋਰਡ ਨੇ ਕਿਹਾ ਕਿ ਉਨ੍ਹਾ ਇਸ ਫੈਸਲੇ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੂੰ ਜਾਣੂ ਕਰਵਾ ਦਿੱਤਾ ਹੈ | ਉਸ ਨੇ ਕਿਹਾ ਕਿ ਬੰਗਲਾਦੇਸ਼ੀ ਖਿਡਾਰੀ ਨੂੰ ਟੀਮ ਵਿੱਚੋਂ ਬਾਹਰ ਕੱਢਣ ਦਾ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ, ਜਿਸ ਕਾਰਨ ਬੰਗਲਾਦੇਸ਼ ਦੇ ਲੋਕਾਂ ਵਿੱਚ ਰੋਸ ਹੈ |
‘ਜੱਫੀਆਂ ਦਾ ਫਾਇਦਾ ਨਹੀਂ ਹੋਇਆ’
ਨਵੀਂ ਦਿੱਲੀ : ਟਰੰਪ ਦੀਆਂ ਭਾਰਤ ‘ਤੇ ਬਹੁਤ ਜਲਦੀ ਟੈਕਸ ਵਧਾਉਣ ਸੰਬੰਧੀ ਟਿੱਪਣੀਆਂ ਨੂੰ ਲੈ ਕੇ ਕਾਂਗਰਸ ਨੇ ਸੋਮਵਾਰ ਕਿਹਾ ਕਿ ‘ਨਮਸਤੇ ਟਰੰਪ’, ‘ਹਾਊਡੀ ਮੋਦੀ’ ਵਰਗੇ ਪ੍ਰੋਗਰਾਮ, ਜ਼ਬਰਦਸਤੀ ਪਾਈਆਂ ਜੱਫੀਆਂ ਅਤੇ ਅਮਰੀਕੀ ਨੇਤਾ ਦੀ ਤਾਰੀਫ ਵਿੱਚ ਕੀਤੀਆਂ ਗਈਆਂ ਸੋਸ਼ਲ ਮੀਡੀਆ ਪੋਸਟਾਂ ਦਾ ਬਹੁਤ ਘੱਟ ਫਾਇਦਾ ਹੋਇਆ ਹੈ | ਵਿਰੋਧੀ ਧਿਰ ਦਾ ਇਹ ਤਨਜ਼ ਟਰੰਪ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਣਦੇ ਹਨ ਕਿ ਉਹ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ਤੋਂ ਖੁਸ਼ ਨਹੀਂ ਹਨ ਅਤੇ ਵਾਸ਼ਿੰਗਟਨ ਭਾਰਤ ‘ਤੇ ਟੈਕਸ ਬਹੁਤ ਤੇਜ਼ੀ ਨਾਲ ਵਧਾ ਸਕਦਾ ਹੈ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐੱਕਸ’ ‘ਤੇ ਪੋਸਟ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵ੍ਹਾਈਟ ਹਾਊਸ ਸਥਿਤ ਦੋਸਤ ਦਾ ਭਾਰਤ ਪ੍ਰਤੀ ਰਵੱਈਆ ਅਜੇ ਵੀ ਅਸਥਿਰ ਹੈ ਅਤੇ ਉਸ ਨੇ ਇੱਕ ਵਾਰ ਫਿਰ ਧਮਕੀ ਦਿੱਤੀ ਹੈ ਕਿ ਜੇ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਾ ਕੀਤਾ ਤਾਂ ਭਾਰਤੀ ਦਰਾਮਦ ‘ਤੇ ਟੈਕਸ ਵਧਾ ਦਿੱਤੇ ਜਾਣਗੇ |




