ਵੈਨੇਜ਼ੁਏਲਾ ‘ਤੇ ਅਮਰੀਕੀ ਹਮਲੇ ਦਾ ਅਸਲੀ ਕਾਰਨ 1974 ਵਿੱਚ ਹੈਨਰੀ ਕਸਿੰਜਰ ਵੱਲੋਂ ਸਾਊਦੀ ਅਰਬ ਨਾਲ ਕੀਤੇ ਗਏ ਉਸ ਸਮਝੌਤੇ ‘ਚੋਂ ਲੱਭਿਆ ਜਾ ਸਕਦਾ ਹੈ, ਜਿਸ ਮੁਤਾਬਕ ਦੁਨੀਆ-ਭਰ ਵਿੱਚ ਵਿਕਣ ਵਾਲੇ ਸਾਰੇ ਤੇਲ ਦੀ ਕੀਮਤ ਅਮਰੀਕੀ ਡਾਲਰ ਵਿੱਚ ਤੈਅ ਕੀਤੀ ਗਈ | ਇਸ ਸਮਝੌਤੇ ਨੇ ਦੁਨੀਆ ਵਿੱਚ ਡਾਲਰ ਦੀ ਮਸਨੂਈ ਮੰਗ ਪੈਦਾ ਕੀਤੀ | ਧਰਤੀ ‘ਤੇ ਹਰ ਦੇਸ਼ ਨੂੰ ਤੇਲ ਖਰੀਦਣ ਲਈ ਡਾਲਰ ਦੀ ਲੋੜ ਪੈਂਦੀ ਹੈ | ਇਸ ਨਾਲ ਅਮਰੀਕਾ ਨੂੰ ਅਸੀਮਤ ਪੈਸਾ ਛਾਪਣ ਦੀ ਸਹੂਲਤ ਮਿਲਦੀ ਹੈ, ਜਦਕਿ ਬਾਕੀ ਦੇਸ਼ ਉਸ ਲਈ ਮਿਹਨਤ ਕਰਦੇ ਹਨ | ਜਿਹੜੇ ਆਗੂ ਇਸ ਨੂੰ ਚੁਣੌਤੀ ਦਿੰਦੇ ਹਨ, ਉਨ੍ਹਾਂ ਨਾਲ ਕੀ ਹੁੰਦਾ ਹੈ, ਉਸ ਦਾ ਇੱਕ ਪੈਟਰਨ ਹੈ : 2000 ਵਿੱਚ ਸੱਦਾਮ ਹੁਸੈਨ ਨੇ ਐਲਾਨ ਕੀਤਾ ਸੀ ਕਿ ਇਰਾਕ ਆਪਣਾ ਤੇਲ ਡਾਲਰ ਦੀ ਥਾਂ ਯੂਰੋ ਵਿੱਚ ਵੇਚੇਗਾ | 2003 ਵਿੱਚ ਅਮਰੀਕਾ ਨੇ ਉਸ ‘ਤੇ ਹਮਲਾ ਕਰਕੇ ਉਸ ਤੋਂ ਸੱਤਾ ਖੋਹ ਲਈ ਅਤੇ ਇਰਾਕ ਦਾ ਤੇਲ ਮੁੜ ਡਾਲਰ ਵਿੱਚ ਵਿਕਣ ਲੱਗਾ | ਸੱਦਾਮ ਨੂੰ ਫਾਂਸੀ ਦੇ ਦਿੱਤੀ ਗਈ | ਇਹ ਹਮਲਾ ਉਸ ਕੋਲ ਰਸਾਇਣੀ ਹਥਿਆਰ ਹੋਣ ਦਾ ਦੋਸ਼ ਲਾ ਕੇ ਕੀਤਾ ਗਿਆ ਸੀ, ਪਰ ਉਹ ਅਜੇ ਤੱਕ ਨਹੀਂ ਲੱਭੇ | 2009 ਵਿੱਚ ਲਿਬੀਆ ਦੇ ਆਗੂ ਕਰਨਲ ਗੱਦਾਫੀ ਨੇ ਤੇਲ ਵਪਾਰ ਲਈ ਇੱਕ ਸੋਨਾ-ਸਮਰਥਤ ਅਫਰੀਕੀ ਮੁਦਰਾ ‘ਗੋਲਡ ਦੀਨਾਰ’ ਦੀ ਤਜਵੀਜ਼ ਦਿੱਤੀ ਸੀ | 2011 ਵਿੱਚ ਨਾਟੋ ਨੇ ਲਿਬੀਆ ‘ਤੇ ਬੰਬਾਰੀ ਕੀਤੀ ਤੇ ਗੱਦਾਫੀ ਦੀ ਹੱਤਿਆ ਕਰ ਦਿੱਤੀ | ਗੋਲਡ ਦੀਨਾਰ ਉਸ ਦੇ ਨਾਲ ਹੀ ਮਰ ਗਿਆ | ਹੁਣ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਵਾਰੀ ਆਈ ਹੈ | ਵੈਨੇਜ਼ੁਏਲਾ ਕੋਲ ਇਰਾਕ ਤੇ ਲਿਬੀਆ ਨਾਲੋਂ ਪੰਜ ਗੁਣਾ ਤੇਲ ਹੈ | ਉਸ ਨੇ ਚੀਨੀ ਮੁਦਰਾ ਯੁਆਨ ‘ਚ ਤੇਲ ਵੇਚਣਾ ਸ਼ੁਰੂ ਕੀਤਾ ਸੀ | ‘ਬਿ੍ਕਸ’ ਵਿੱਚ ਸ਼ਾਮਲ ਹੋਣ ਦੀ ਅਰਜ਼ੀ ਦਿੱਤੀ ਸੀ | ਉਹ ਚੀਨ, ਰੂਸ ਤੇ ਈਰਾਨ ਨਾਲ ਮਿਲ ਕੇ ਚੱਲ ਰਿਹਾ ਸੀ, ਜਿਹੜੇ ਕਿ ਡਾਲਰ ਤੋਂ ਇਲਾਵਾ ਹੋਰਨਾਂ ਕਰੰਸੀਆਂ ਵਿੱਚ ਵਪਾਰ ਕਰਨ ਵਾਲੇ ਪ੍ਰਮੱੁਖ ਦੇਸ਼ ਹਨ | ਵੈਨੇਜ਼ੁਏਲਾ ਨੇ ਆਪਣੇ ਦੇਸ਼ ਵਿੱਚ ਅਮਰੀਕੀ ਤੇਲ ਕੰਪਨੀਆਂ ਦੀ ਚੌਧਰ ਖਤਮ ਕਰ ਦਿੱਤੀ ਸੀ | ਅਮਰੀਕੀ ਹੋਮਲੈਂਡ ਸਕਿਉਰਟੀ ਦੇ ਸਲਾਹਕਾਰ ਸਟੀਫਨ ਮਿਲਰ ਨੇ ਦੋ ਹਫਤੇ ਪਹਿਲਾਂ ਕਿਹਾ ਸੀ ਕਿ ਅਮਰੀਕੀ ਪਸੀਨਾ, ਬੁੱਧੀਮਤਾ ਤੇ ਮਿਹਨਤ ਨੇ ਵੈਨੇਜ਼ੁਏਲਾ ਵਿੱਚ ਤੇਲ ਉਦਯੋਗ ਸਥਾਪਤ ਕੀਤਾ ਸੀ | ਉਸ ਦੀ ਧੱਕੇ ਨਾਲ ਜ਼ਬਤੀ ਅਮਰੀਕੀ ਸੰਪਤੀ ਦੀ ਸਭ ਤੋਂ ਵੱਡੀ ਚੋਰੀ ਸੀ | ਅਮਰੀਕਾ ਸ਼ਰੇਆਮ ਕਹਿ ਰਿਹਾ ਹੈ ਕਿ ਵੈਨੇਜ਼ੁਏਲਾ ਦਾ ਤੇਲ ਅਮਰੀਕਾ ਦਾ ਹੈ, ਕਿਉਂਕਿ ਅਮਰੀਕੀ ਕੰਪਨੀਆਂ ਨੇ ਹੀ 100 ਸਾਲ ਪਹਿਲਾਂ ਵਿਕਸਤ ਕੀਤਾ ਸੀ | ਇਸ ਦਲੀਲ ਨਾਲ ਇਤਿਹਾਸ ਵਿੱਚ ਹਰ ਕੌਮੀਕ੍ਰਿਤ ਵਸੀਲੇ ‘ਚੋਰੀ’ ਸਨ, ਪਰ ਡੂੰਘੀ ਸਮੱਸਿਆ ਇਹ ਹੈ ਕਿ ਪੈਟਰੋ-ਡਾਲਰ ਪਹਿਲਾਂ ਹੀ ਮਰ ਰਿਹਾ ਹੈ | ਰੂਸ ਯੂਕਰੇਨ ਨਾਲ ਲੜਾਈ ਦੇ ਬਾਅਦ ਰੂਬਲ ਤੇ ਯੁਆਨ ਵਿੱਚ ਤੇਲ ਵੇਚ ਰਿਹਾ ਹੈ | ਸਾਊਦੀ ਅਰਬ ਖੁੱਲ੍ਹ ਕੇ ਯੁਆਨ ਸੈਟਲਮੈਂਟ ‘ਤੇ ਚਰਚਾ ਕਰ ਰਿਹਾ ਹੈ | ਈਰਾਨ ਵਰਿ੍ਹਆਂ ਤੋਂ ਗੈਰ-ਡਾਲਰ ਮੁਦਰਾਵਾਂ ਵਿੱਚ ਵਪਾਰ ਕਰ ਰਿਹਾ ਹੈ | ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ ਤੇ ਹੋਰਨਾਂ ਦੇਸ਼ਾਂ ਦਾ ਗਰੁੱਪ ‘ਬਿ੍ਕਸ’ ਡਾਲਰ ਨੂੰ ਬਾਈਪਾਸ ਕਰਨ ਵਾਲੀਆਂ ਭੁਗਤਾਨ ਪ੍ਰਣਾਲੀਆਂ ਬਣਾ ਰਿਹਾ ਹੈ | ਵੈਨੇਜ਼ੁਏਲਾ ਦੇ 303 ਅਰਬ ਬੈਰਲ ਤੇਲ ਨਾਲ ਬਿ੍ਕਸ ਵਿੱਚ ਸ਼ਾਮਲ ਹੋਣ ਨੇ ਇਸ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾ ਦੇਣਾ ਸੀ | ਇਹੀ ਇਸ ਹਮਲੇ ਦਾ ਅਸਲੀ ਕਾਰਨ ਹੈ, ਨਾ ਕਿ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਰੋਕਣਾ, ਦਹਿਸ਼ਤਗਰਦੀ ਖਤਮ ਕਰਨਾ ਤੇ ਜਮਹੂਰੀਅਤ ਬਹਾਲ ਕਰਨਾ, ਜਿਸ ਦਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਦਾਅਵਾ ਕੀਤਾ ਹੈ | ਮਾਦੁਰੋ ਵੱਲੋਂ ਦਹਿਸ਼ਤਗਰਦ ਜਥੇਬੰਦੀ ਚਲਾਉਣ ਦਾ ਕੋਈ ਸਬੂਤ ਨਹੀਂ | ਰਹੀ ਗੱਲ ਲੋਕਤੰਤਰ ਦੀ ਤਾਂ ਅਮਰੀਕਾ ਉਸ ਸਾਊਦੀ ਅਰਬ ਦੀ ਹਮਾਇਤ ਕਰਦਾ ਹੈ, ਜਿੱਥੇ ਕਦੇ ਚੋਣ ਹੀ ਨਹੀਂ ਹੋਈ |
ਰੂਸ, ਚੀਨ ਤੇ ਈਰਾਨ ਨੇ ਟਰੰਪ ਦੀ ਕਾਰਵਾਈ ਨੂੰ ਹਥਿਆਰਬੰਦ ਹਮਲਾ ਕਰਾਰ ਦਿੱਤਾ ਹੈ | ਚੀਨ ਵੈਨੇਜ਼ੁਏਲਾ ਦਾ ਸਭ ਤੋਂ ਵੱਡਾ ਤੇਲ ਗਾਹਕ ਹੈ | ਇਹ ਹਮਲਾ ਉਸ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਏਗਾ | ਬਿ੍ਕਸ ਦੇਸ਼ ਦੇਖ ਰਹੇ ਹਨ ਕਿ ਡਾਲਰ ਦੇ ਬਾਹਰ ਵਪਾਰ ਕਰਨ ਵਾਲੇ ਦੇਸ਼ ‘ਤੇ ਹਮਲਾ ਹੋ ਜਾਂਦਾ ਹੈ | ਟਰੰਪ ਨੇ ਫਿਰ ਇਸ਼ਾਰਾ ਕੀਤਾ ਹੈ ਕਿ ਡਾਲਰ ਨੂੰ ਚੁਣੌਤੀ ਦੇਣ ਵਾਲੇ ‘ਤੇ ਉਹ ਬੰਬਾਰੀ ਕਰੇਗਾ, ਪਰ ਇਹ ਇਸ਼ਾਰਾ ਡਾਲਰ ਦੀ ਚੌਧਰ ਦਾ ਖਾਤਮਾ ਹੋਰ ਤੇਜ਼ ਕਰ ਸਕਦਾ ਹੈ | ਵਿਕਸਤ ਹੋ ਰਹੇ ਦੇਸ਼ ਸਮਝ ਰਹੇ ਹਨ ਕਿ ਅਮਰੀਕੀ ਧੌਂਸ ਦਾ ਟਾਕਰਾ ਮਿਲ ਕੇ ਹੀ ਕਰ ਹੋਣਾ | ਇਹ ਹਮਲਾ ਇਹ ਵੀ ਦਿਖਾਉਂਦਾ ਹੈ ਕਿ ਅਮਰੀਕਾ ਨੇ ਮੰਨ ਲਿਆ ਹੈ ਕਿ ਡਾਲਰ ਹੁਣ ਆਪਣੀ ਯੋਗਤਾ ਨਾਲ ਮੁਕਾਬਲਾ ਨਹੀਂ ਕਰ ਸਕਦਾ | ਜਦੋਂ ਆਪਣੀ ਮੁਦਰਾ ਚਲਾਉਣ ਲਈ ਦੇਸ਼ਾਂ ‘ਤੇ ਬੰਬਾਰੀ ਕਰਨੀ ਪਵੇ ਤਾਂ ਮੁਦਰਾ ਪਹਿਲਾਂ ਹੀ ਮਰ ਚੁੱਕੀ ਹੁੰਦੀ ਹੈ | ਵੈਨੇਜ਼ੁਏਲਾ ‘ਤੇ ਹਮਲਾ ਸੰਸਾਰ ਜੰਗ ਵੱਲ ਲਿਜਾ ਸਕਦਾ ਹੈ, ਕਿਉਂਕਿ ਚੀਨ, ਰੂਸ ਤੇ ਈਰਾਨ ਸਣੇ ਹੋਰ ਦੇਸ਼ ਹੁਣ ਅਮਰੀਕੀ ਧੌਂਸ ਨੂੰ ਬਹੁਤਾ ਚਿਰ ਬਰਦਾਸ਼ਤ ਨਹੀਂ ਕਰਨਗੇ |



