ਵਾਸ਼ਿੰਗਟਨ : ਟਰੰਪ ਨੇ ਵੈਨੇਜ਼ੁਏਲਾ ਦੀ ਰਾਸ਼ਟਰਪਤੀ ਡੈਲਸੀ ਰੌਡ੍ਰੀਗਜ਼ ਨੂੰ ਧਮਕੀ ਦਿੰਦਿਆਂ ਕਿਹਾ ਕਿ ਜੇ ਉਸ ਨੇ ਅਮਰੀਕਾ ਦੇ ਹੁਕਮਾਂ ਦਾ ਪਾਲਣ ਨਾ ਕੀਤਾ ਤਾਂ ਉਸ ਦਾ ਹਸ਼ਰ ਨਿਕੋਲਸ ਮਾਦੁਰੋ ਤੋਂ ਵੀ ਬੁਰਾ ਹੋਵੇਗਾ | ਅਮਰੀਕੀ ਰਾਸ਼ਟਰਪਤੀ ਨੇ ਇਹ ਗੱਲ ਇੱਕ ਮੈਗਜ਼ੀਨ ਨੂੰ ਇੰਟਰਵਿਊ ‘ਚ ਕਹੀ | ਇਸ ਤੋਂ ਇਕ ਦਿਨ ਪਹਿਲਾਂ ਹੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਡੈਲਸੀ ਨਾਲ ਗੱਲਬਾਤ ਕੀਤੀ ਹੈ ਤੇ ਉਹ ਵੈਨੇਜ਼ੁਏਲਾ ਵਾਸੀਆਂ ਦੀ ਹਾਲਤ ਸੁਧਾਰਨ ਲਈ ਅਮਰੀਕਾ ਅਨੁਸਾਰ ਕੰਮ ਕਰਨ ਲਈ ਤਿਆਰ ਹੈ, ਪਰ ਇਸ ਤੋਂ ਬਾਅਦ ਹੀ ਅੰਤਰਮ ਰਾਸ਼ਟਰਪਤੀ ਡੈਲਸੀ ਨੇ ਟੀ ਵੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਹੀ ਹੈ ਤੇ ਉਸ ਨੇ ਅਮਰੀਕਾ ਵੱਲੋਂ ਨਿਕੋਲਸ ਨੂੰ ਗਿ੍ਫਤਾਰ ਕਰਨ ਦੀ ਨਿਖੇਧੀ ਵੀ ਕੀਤੀ ਸੀ | ਟਰੰਪ ਨੇ ਇਹ ਵੀ ਕਿਹਾ ਕਿ ਜੇ ਡੈਲਸੀ ਅਮਰੀਕਾ ਅਨੁਸਾਰ ਕੰਮ ਕਰੇਗੀ ਤਾਂ ਵੈਨੇਜ਼ੁਏਲਾ ਵਿੱਚ ਅਮਰੀਕੀ ਫੌਜੀ ਤਾਇਨਾਤ ਨਹੀਂ ਕੀਤੇ ਜਾਣਗੇ | ਇਸ ਤੋਂ ਪਹਿਲਾਂ ਵੈਨੇਜ਼ੁਏਲਾ ਦੀ ਸੁਪਰੀਮ ਕੋਰਟ ਨੇ ਡੈਲਸੀ ਨੂੰ ਅੰਤਰਮ ਰਾਸ਼ਟਰਪਤੀ ਵਜੋਂ ਕੰਮ ਕਰਨ ਦੇ ਹੁਕਮ ਦਿੱਤੇ ਸਨ |




