ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝੇ ਬਿਆਨ ‘ਚ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਨੇ ਇੱਕ ਮਤਾ ਪਾਸ ਕਰਕੇ ਫੈਸਲਾ ਕੀਤਾ ਹੈ ਕਿ ਦੁਨੀਆ ਭਰ ਦੇ ਅਨਮੋਲ ਕੁਦਰਤੀ ਖਜ਼ਾਨਿਆਂ, ਲੋਕਾਂ ਦੀ ਕਿਰਤ ਸ਼ਕਤੀ ਅਤੇ ਮੰਡੀਆਂ ਉਪਰ ਮੁਕੰਮਲ ਗਲਬਾ ਕਾਇਮ ਕਰਨ ਦੀ ਲੜੀ ਵਜੋਂ ਵੈਨੇਜ਼ੁਏਲਾ ਉਪਰ ਹਮਲਾ ਕਰਨ, ਉਥੋਂ ਦੇ ਰਾਸ਼ਟਰਪਤੀ ਅਤੇ ਉਸ ਦੀ ਪਤਨੀ ਨੂੰ ਬੰਦੀ ਬਣਾ ਲੈਣ ਦੀ ਧਾੜਵੀ ਕਾਰਵਾਈ ਦਾ ਗਦਰ ਪਾਰਟੀ ਦੇ ਵਾਰਸਾਂ ਨੂੰ ਅਤੇ ਦੁਨੀਆ ਭਰ ਦੇ ਇਨਸਾਫ਼ਪਸੰਦ ਲੋਕਾਂ ਨੂੰ ਜ਼ਬਰਦਸਤ ਵਿਰੋਧ ਕਰਨ ਲਈ ਅੱਗੇ ਆਉਣ ਦੀ ਲੋੜ ਹੈ¢ਕਮੇਟੀ ਨੇ ਇੱਕ ਹੋਰ ਮਤੇ ਰਾਹੀਂ ਜੋਰਦਾਰ ਮੰਗ ਕੀਤੀ ਕਿ ਪੰਜਾਬ ਦੇ ਪੱਤਰਕਾਰਾਂ, ਸੋਸ਼ਲ ਮੀਡੀਆ ਕਰਮੀਆਂ ਉਪਰ ਝੂਠੇ ਕੇਸ ਮੜ੍ਹ ਕੇ ਉਹਨਾਂ ਦੀ ਜ਼ੁਬਾਨਬੰਦੀ ਕਰਨ ਅਤੇ ਹੋਰਨਾਂ ਨੂੰ ਕੰਨ ਕਰਨ ਦੇ ਕਾਰੇ ਬੰਦ ਕਰਕੇ ਉਹਨਾਂ ‘ਤੇ ਬਣੇ ਝੂਠੇ ਕੇਸ ਵਾਪਸ ਲਏ ਜਾਣ, ਨਹੀਂ ਤਾਂ ਫਿਰ ਪੰਜਾਬ ਸਰਕਾਰ ਨੂੰ ਸਮੂਹ ਜਮਹੂਰੀਅਤ ਪਸੰਦ ਤਾਕਤਾਂ ਦੇ ਜ਼ਬਰਦਸਤ ਵਿਰੋਧ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ |




