ਬਾਬੇ ਦੀਆਂ ਮੌਜਾਂ

0
14

ਜਦੋਂ ਤੋਂ ਭਾਜਪਾ ਦਾ ਦਬਦਬਾ ਹੋਇਆ ਹੈ, ਅਪਰਾਧੀਆਂ ਨੂੰ ਨਫਰਤ ਕਰਨ ਵਾਲੇ ਤੇ ਸਭ ਨੂੰ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੇਸ਼ ਨਵਾਂ ਰੂਪ ਲੈ ਰਿਹਾ ਹੈ | ਉਸ ਦੇ ਰਾਜ ਵਿੱਚ ਸੈਂਕੜੇ ਅਪਰਾਧੀਆਂ ਨੂੰ ਜਿਸ ਤਰ੍ਹਾਂ ਦਾ ਲਾਭ ਮਿਲਿਆ ਹੈ, ਉਸ ਨਾਲ ਦੇਸ਼ ਵਿੱਚ ਅਪਰਾਧੀਆਂ ਦੀ ਬੱਲੇ-ਬੱਲੇ ਹੈ | ਸੰਵਿਧਾਨ ਵਿਰੁੱਧ ਕੰਮ ਕਰਨ ਵਾਲੇ ਲੋਕਾਂ ਦੀ ਵੱਡੀ ਗਿਣਤੀ ਨੂੰ ਸਰਕਾਰੀ ਸਰਪ੍ਰਸਤੀ ਹਾਸਲ ਹੈ | ਚੇਤੇ ਹੋਣੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲ੍ਹੇ ਦੀ ਫਸੀਲ ਤੋਂ ਆਜ਼ਾਦੀ ਦਿਵਸ ‘ਤੇ ਸੰਬੋਧਨ ਕਰ ਰਹੇ ਸਨ ਤਾਂ ਠੀਕ ਉਸੇ ਵਕਤ ਬਿਲਕਿਸ ਬਾਨੋ ਦੇ ਹਤਿਆਰਿਆਂ ਨੂੰ ‘ਚੰਗੇ ਕੰਮ’ ਲਈ ਰਿਹਾਅ ਕਰਦੇ ਹੋਏ ਜੇਲ੍ਹ ਤੋਂ ਲੈ ਕੇ ਉਨ੍ਹਾਂ ਦੇ ਅਭਿਨੰਦਨ ਲਈ ਬਣੇ ਮੰਚ ਦੇ ਰਾਹ ਵਿੱਚ ਹਾਰਾਂ ਨਾਲ ਲੱਦ ਦਿੱਤਾ ਗਿਆ ਸੀ | ਇਹੀ ਸਲੂਕ ਬਲਾਤਕਾਰੀ ਅਪਰਾਧੀ ਗੁਰਮੀਤ ਰਾਮ ਰਹੀਮ ਸਿੰਘ ਨਾਲ ਕੀਤਾ ਜਾ ਰਿਹਾ ਹੈ | ਉਸ ਪ੍ਰਤੀ ਸਰਕਾਰ ਦੀ ਨਰਮੀ ਦੀ ਬਦੌਲਤ ਉਸ ਨੂੰ ਕਈ ਵਾਰ ਲੰਮੇ ਸਮੇਂ ਦੀ ਪੈਰੋਲ ਦਿੱਤੀ ਗਈ ਹੈ | ਸੋਮਵਾਰ ਉਹ ਫਿਰ 40 ਦਿਨਾਂ ਦੀ ਪੈਰੋਲ ‘ਤੇ ਬਾਹਰ ਆ ਗਿਆ ਹੈ | ਅੱਠ ਸਾਲ ਦੀ ਜੇਲ੍ਹ ਵਿੱਚ ਉਹ ਹੁਣ ਤੱਕ ਇੱਕ ਸਾਲ ਦੇ ਬਰਾਬਰ ਪੈਰੋਲ ‘ਤੇ ਬਾਹਰ ਆ ਚੁੱਕਾ ਹੈ | ਉਸ ਦੇ ਲੱਖਾਂ ਅੰਧ-ਭਗਤ ਹਨ ਅਤੇ ਸਰਕਾਰ ਨੇ ਚੋਣਾਂ ਮੌਕੇ ਉਨ੍ਹਾਂ ਦੀਆਂ ਵੋਟਾਂ ਲੈਣ ਖਾਤਰ ਉਸ ਨੂੰ ਕਈ ਵਾਰ ਬਾਹਰ ਕਢਵਾਇਆ ਹੈ | ਖਾਸ ਗੱਲ ਇਹ ਵੀ ਹੈ ਕਿ ਬਾਹਰ ਰਹਿਣ ‘ਤੇ ਉਸ ਨੂੰ ਪੂਰੀ ਸੁਰੱਖਿਆ ਵੀ ਦਿੱਤੀ ਜਾਂਦੀ ਹੈ | ਹਾਲ ਹੀ ਵਿੱਚ ਉਨਾਓ ਗੈਂਗਰੇਪ ਦਾ ਦੋਸ਼ੀ ਤੇ ਪੀੜਤਾ ਦੇ ਪਿਤਾ ਦਾ ਹਤਿਆਰਾ ਯੂ ਪੀ ਦਾ ਸਾਬਕਾ ਭਾਜਪਾ ਵਿਧਾਇਕ ਕੁਲਦੀਪ ਸਿੰਘ ਸੇਂਗਰ ਵੀ ਜ਼ਮਾਨਤ ‘ਤੇ ਬਾਹਰ ਆਉਣ ਵਾਲਾ ਸੀ, ਪਰ ਲੋਕ ਅੰਦੋਲਨ ਕਾਰਨ ਸੁਪਰੀਮ ਕੋਰਟ ਨੇ ਦਿੱਲੀ ਹਾਈ ਕੋਰਟ ਦੇ ਜ਼ਮਾਨਤ ਦਿੰਦੇ ਫੈਸਲੇ ‘ਤੇ ਰੋਕ ਲਾ ਕੇ ਰੋਕ ਦਿੱਤਾ |
ਦੇਸ਼ ਵਿੱਚ ਇਸ ਵੇਲੇ ਪ੍ਰਵਚਨਕਾਰੀ ਬਾਬਿਆਂ ਦਾ ਦੌਰ ਚੱਲ ਰਿਹਾ ਹੈ | ਇਨ੍ਹਾਂ ਵਿੱਚੋਂ ਬਹੁਤੇ ਸੰਘ ਦੇ ਪ੍ਰਚਾਰਕ ਹਨ | ਉਨ੍ਹਾਂ ਦੀਆਂ ਸੰਵਿਧਾਨ ਵਿਰੋਧੀ ਤੇ ਫਿਰਕੂ ਗੱਲਾਂ ਦੇਸ਼ ਨੂੰ ਅੱਗ ਲਾ ਰਹੀਆਂ ਹਨ, ਪਰ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ | ਦਰਅਸਲ ਇਹ ਸਭ ਵਰਤਮਾਨ ਸਰਕਾਰ ਦੀ ਲੋੜ ਹੈ | ਇਸ ਦੇ ਬਿਨਾਂ ਜਿੱਤ ਦਾ ਰਾਹ ਔਖਾ ਹੈ | ਜੇ ਦੇਸ਼ ਵਿੱਚ ਅਪਰਾਧੀਆਂ ਦੀ ਸਰਕਾਰੀ ਸਰਪ੍ਰਸਤੀ ਕਾਰਨ ਅਪਰਾਧ ਵਧਦੇ ਰਹੇ ਤਾਂ ਜੇਲ੍ਹਾਂ ਵਿੱਚ ਦੇਸ਼ ਲਈ ਚਿੰਤਤ ਸੱਚੇ ਦੇਸ਼ ਭਗਤ ਲੋਕ ਹੀ ਨਜ਼ਰ ਆਉਣਗੇ | ਸੋਨਮ ਵਾਂਗਚੁੱਕ ਵਰਗੇ ਜਲਵਾਯੂ ਕਾਰਕੁਨ ਤੇ ਕਈ ਇਮਾਨਦਾਰ ਵਿਦਿਆਰਥੀ ਆਗੂ ਜੇਲ੍ਹਾਂ ਵਿੱਚ ਹਨ, ਜੋ ਇਸ ਗੱਲ ਦੀ ਤਾਕੀਦ ਕਰਦੇ ਹਨ ਕਿ ਆਉਣ ਵਾਲਾ ਕੱਲ੍ਹ ਅਪਰਾਧੀਆਂ ਦਾ ਹੀ ਹੈ ਅਤੇ ਅਸੀਂ ਉਨ੍ਹਾਂ ਨੂੰ ਸਰਕਾਰੀ ਜਹਾਜ਼ਾਂ ਵਿੱਚੋਂ ਉਤਰਦੇ ਤੇ ਨਾਅਰਿਆਂ ਦਰਮਿਆਨ ਲਾਲ ਗਲੀਚਿਆਂ ‘ਤੇ ਤੁਰਦੇ ਦੇਖਦੇ ਰਹਾਂਗੇ |