ਡਰਨ ਦੀ ਨਹੀਂ, ਲੜਨ ਦੀ ਲੋੜ

0
2

ਇਸ ਸਮੇਂ ਸਾਡੇ ਦੇਸ਼ ਅੰਦਰ ਲੋਕਤੰਤਰ ਦਾ ਕਚੂੰਬਰ ਕੱਢਿਆ ਜਾ ਰਿਹਾ ਹੈ। ਲੋਕਤੰਤਰ ਦੇ ਚਾਰੇ ਥੰਮ੍ਹ ਡਗਮਗਾ ਰਹੇ ਹਨ। ਨਿਆਂ ਪਾਲਿਕਾ ਦੀ ਭਰੋਸੇਯੋਗਤਾ ਵੀ ਕਮਜ਼ੋਰ ਪੈ ਚੁੱਕੀ ਹੈ। ਚੋਣ ਕਮਿਸ਼ਨ ਦੀ ਨਿਰਪੱਖਤਾ ’ਤੇ ਕਿਸੇ ਨੂੰ ਯਕੀਨ ਨਹੀਂ ਰਿਹਾ। ਹਾਕਮ ਧਿਰ ਵਿਰੋਧੀਆਂ ਨੂੰ ਦਹਿਸ਼ਤਜ਼ਦਾ ਕਰਨ ਲਈ ਹਰ ਢੰਗ ਅਪਣਾ ਰਹੀ ਹੈ।
ਦੇਸ਼ ਦਾ ਭਲਾ ਚਾਹੁਣ ਵਾਲੇ ਲੋਕ ਜੇਲ੍ਹਾਂ ਵਿੱਚ ਧੱਕੇ ਜਾ ਰਹੇ ਹਨ। ਜੇ ਐੱਨ ਯੂ ਅੰਦਰੋਂ ਉਠਦੀਆਂ ਅਸਹਿਮਤੀਆਂ ਦੀਆਂ ਅਵਾਜ਼ਾਂ ਹੁਣ ਸੁਣਾਈ ਨਹੀਂ ਦੇ ਰਹੀਆਂ। ਉਥੋਂ ਦੇ ਜਾਗਰੂਕ ਮੁਸਲਿਮ ਵਿਦਿਆਰਥੀ ਬਿਨਾਂ ਕਾਰਨ ਸਾਲਾਂਬੱਧੀ ਜੇਲ੍ਹਾਂ ਵਿੱਚ ਬੰਦ ਹਨ। ਇਹੋ ਨਹੀਂ ਅਰਬਨ ਨਕਸਲ ਦੇ ਨਾਂਅ ’ਤੇ ਗਰੀਬਾਂ ਤੇ ਆਦਿਵਾਸੀਆਂ ’ਤੇ ਹੁੰਦੇ ਜ਼ੁਲਮਾਂ ਪ੍ਰਤੀ ਹਾਅ ਦਾ ਨਾਅਰਾ ਮਾਰਨ ਵਾਲੇ ਪ੍ਰੋਫੈਸਰਾਂ, ਵਕੀਲਾਂ ਤੇ ਸਮਾਜਿਕ ਕਾਰਕੁਨਾਂ ਨੂੰ ਲਗਾਤਾਰ ਸਰਕਾਰੀ ਅਤਾਬ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਦੁਨੀਆ ਭਰ ਦੇ ਪ੍ਰਤੀਨਿਧਾਂ ਦੀ ਹਾਜ਼ਰੀ ਵਾਲੀ ਏ ਆਈ ਇੰਪੈਕਟ-2026 ਸਮਿਟ ਵਿੱਚ ਯੂਥ ਕਾਂਗਰਸੀਆਂ ਦੇ ਵਿਰੋਧ ਨੂੰ ਰਾਸ਼ਟਰ ਵਿਰੋਧੀ ਕਹਿ ਕੇ ਉਨ੍ਹਾਂ ਨਾਲ ਅੱਤਵਾਦੀਆਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਇਸ ਨੂੰ ਮਰਿਆਦਾ ਭੰਗ ਕਰਨ ਵਾਲਾ ਕਹਿ ਕੇ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਮੁਜ਼ਾਹਰਾਕਾਰੀਆਂ ਵਿਰੁੱਧ ਸਖ਼ਤੀ ਦਾ ਇਸ਼ਾਰਾ ਕਰ ਦਿੱਤਾ ਹੈ। ਸਿੱਟੇ ਵਜੋਂ ਉਨ੍ਹਾਂ ’ਤੇ ਅਜਿਹੀਆਂ ਧਾਰਾਵਾਂ ਮੜ੍ਹੀਆਂ ਜਾ ਰਹੀਆਂ ਹਨ ਤਾਂ ਜੋ ਉਹ ਸਾਲਾਂਬੱਧੀ ਜੇਲ੍ਹਾਂ ਵਿੱਚ ਸੜਦੇ ਰਹਿਣ। ਕਾਂਗਰਸੀਆਂ ਵਿਰੁੱਧ ਇਹ ਕਾਰਵਾਈ ਦੂਜਿਆਂ ਲਈ ਵੀ ਚੇਤਾਵਨੀ ਹੈ ਕਿ ਉਹ ਸਰਕਾਰ ਵਿਰੁੱਧ ਬੋਲਣ ਤੱਕ ਦੀ ਜੁਰਅਤ ਸੋਚ-ਸਮਝ ਕੇ ਕਰਨ। ਦੁਨੀਆ ਭਰ ਵਿੱਚ ਵਾਤਾਵਰਣ ਪ੍ਰੇਮੀ ਵਜੋਂ ਜਾਣੇ ਜਾਂਦੇ ਸੋਨਮ ਵਾਂਗਚੁਕ ਨੂੰ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਦਿੱਲੀ ਦੇ ਗਾਜ਼ੀਆਬਾਦ ਵਿੱਚ 100 ਸਾਲ ਪੁਰਾਣੀ ਮਜ਼ਾਰ ਨੂੰ ਤੋੜਨ ਵਾਲੇ ਲੋਕਾਂ ਨੂੰ 24 ਘੰਟੇ ਵਿੱਚ ਜ਼ਮਾਨਤ ਮਿਲ ਜਾਂਦੀ ਹੈ, ਪਰ ਵਾਂਗਚੁੱਕ ਤੇ ਉਮਰ ਖਾਲਿਦ ਵਰਗਿਆਂ ਲਈ ਕਾਨੂੰਨ ਦੀ ਪ੍ਰੀਭਾਸ਼ਾ ਬਦਲ ਜਾਂਦੀ ਹੈ। ਸੰਸਦ ਵਿੱਚ ਸਪੀਕਰ ਬੰਦ ਕਰਕੇ ਵਿਰੋਧੀਆਂ ਦੀ ਅਵਾਜ਼ ਦਬਾਅ ਦਿੱਤੀ ਜਾਂਦੀ ਹੈ।
ਦੇਸ਼ ਦਾ ਸਨਮਾਨ ਅਮਰੀਕਾ ਦੇ ਨਿਰਲੱਜ ਤੇ ਦੁਸ਼ਟ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਗਹਿਣੇ ਰੱਖ ਦਿੱਤਾ ਗਿਆ ਹੈ। ਦੁਨੀਆ ਦੀ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਅੱਜ ਦੁਨੀਆਂ ਦੇ ਬੇਸ਼ਰਮ ਵਿਅਕਤੀ ਦੇ ਇਸ਼ਾਰਿਆਂ ’ਤੇ ਨੱਚ ਰਿਹਾ ਹੈ। ਅਮਰੀਕਾ ਦੇ ਇਸ ਦੁਸ਼ਟ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ ਬੱਚਿਆਂ, ਬਜ਼ੁਰਗਾਂ ਤੇ ਔਰਤਾਂ ਦੇ ਕਾਤਲ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਜੱਫੀਆਂ ਪਾਈਆਂ ਜਾ ਰਹੀਆਂ ਹਨ।
ਡੋਨਾਲਡ ਟਰੰਪ ਦੇ ਕਹਿਣ ’ਤੇ ਸਿੰਧੂਰ ਅਪ੍ਰੇਸ਼ਨ ਦੌਰਾਨ ਸਫ਼ਲਤਾ ਹਾਸਲ ਕਰ ਰਹੀ ਫੌਜ ਨੂੰ ਰੋਕ ਦਿੱਤਾ ਗਿਆ। ਉਸ ਦੇ ਕਹਿਣ ’ਤੇ ਰੂਸ ਤੋਂ ਮਿਲਦਾ ਸਸਤਾ ਤੇਲ ਲੈਣਾ ਬੰਦ ਕਰ ਦਿੱਤਾ ਗਿਆ ਹੈ। ਅਮਰੀਕਾ ਨਾਲ ਕੀਤੇ ਗਏ ਵਪਾਰ ਸਮਝੌਤੇ ਰਾਹੀਂ 70 ਫ਼ੀਸਦੀ ਕਿਸਾਨਾਂ ਦੀ ਬਰਬਾਦੀ ਉੱਪਰ ਜਸ਼ਨ ਮਨਾਏ ਜਾ ਰਹੇ ਹਨ।
ਸੰਤੋਸ਼ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਸਰਕਾਰ ਵਿਰੁੱਧ ਖਿਲਾਫ਼ਤ ਦੀਆਂ ਧਾਰਾਵਾਂ ਲਗਾਤਾਰ ਵਹਿ ਰਹੀਆਂ ਹਨ।
ਪੰਜਾਬ ਦੇ ਕਿਸਾਨਾਂ ਦੀ ਅਗਵਾਈ ਵਿੱਚ ਦਿੱਲੀ ਦੀ ਸਰਹੱਦ ’ਤੇ ਲੜੇ ਗਏ ਲੰਮੇ ਘੋਲ ਤੇ ਰਾਹੁਲ ਗਾਂਧੀ ਵੱਲੋਂ ਕੀਤੀਆਂ ਗਈਆਂ ਲੰਮੀਆਂ ਪਦ ਯਾਤਰਾਵਾਂ ਨੇ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਸੀ ਕਿ ਡਰ ਨੂੰ ਪਾਸੇ ਰੱਖ ਕੇ ਹੀ ਏਕਾਅਧਿਕਾਰਵਾਦੀ ਤਾਕਤਾਂ ਨੂੰ ਹਰਾਇਆ ਜਾ ਸਕਦਾ ਹੈ।
ਅੱਜ ਮਹਿੰਗਾਈ ਸਿਖਰ ’ਤੇ ਹੈ। ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ। ਬੁਲਡੋਜ਼ਰ ਸੱਭਿਆਚਾਰ ਰਾਹੀਂ ਲੋਕਾਂ ਦੇ ਰੈਣ ਬਸੇਰੇ ਢਹਿ-ਢੇਰੀ ਕੀਤੇ ਜਾ ਰਹੇ ਹਨ। ਬੇਰੁਜ਼ਗਾਰੀ ਦਾ ਦੈਂਤ ਜਵਾਨੀ ਨੂੰ ਨਿਗਲ ਰਿਹਾ ਹੈ। ਬੱਚਿਆਂ ਦੇ ਅਗਵਾ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਔਰਤਾਂ ਨਾਲ ਬਲਾਤਕਾਰ ਆਮ ਵਰਤਾਰਾ ਬਣ ਚੁੱਕਾ ਹੈ। ਅਜਿਹੇ ਚੁਣੌਤੀਪੂਰਨ ਸਮੇਂ ਵਿੱਚ ਹਰ ਜਾਗਰੂਕ ਵਿਅਕਤੀ ਨੂੰ ਨਿਡਰ ਹੋ ਕੇ ਆਪਣੀ ਅਵਾਜ਼ ਬੁਲੰਦ ਕਰਦੀ ਚਾਹੀਦੀ ਹੈ।
ਸਾਨੂੰ ਸਾਡੇ ਗੁਆਂਢੀ ਦੇਸ਼ਾਂ ਤੋਂ ਵੀ ਸਬਕ ਲੈਣਾ ਚਾਹੀਦਾ ਹੈ। ਪਹਿਲਾਂ ਸ੍ਰੀਲੰਕਾ ਵਿੱਚ ਲੋਕਾਂ ਨੇ ਇੱਕਮੁੱਠ ਹੋ ਕੇ ਉਥੋਂ ਦੇ ਭਿ੍ਰਸ਼ਟ ਤੇ ਏਕਾਅਧਿਕਾਰਵਾਦੀ ਹਾਕਮਾਂ ਨੂੰ ਦੇਸ਼ ਛੱਡ ਕੇ ਭੱਜਣ ਲਈ ਮਜਬੂਰ ਕਰ ਦਿੱਤਾ ਸੀ। ਉਸ ਉਪਰੰਤ ਉਥੇ ਇੱਕ ਲੋਕ-ਪੱਖੀ ਸਰਕਾਰ ਨੂੰ ਹੋਂਦ ਵਿੱਚ ਲਿਆ ਕੇ ਇਤਿਹਾਸ ਦਾ ਨਵਾਂ ਅਧਿਆਇ ਲਿਖਿਆ ਸੀ। ਹੁਣੇ-ਹੁਣੇ ਬੰਗਲਾਦੇਸ਼ ਵਿੱਚ ਵੀ ਲੋਕਾਂ ਨੇ ਦੱਖਣਪੰਥੀ ਪਾਰਟੀਆਂ ਨੂੰ ਕਰਾਰੀ ਹਾਰ ਦੇ ਕੇ ਇੱਕ ਲੋਕਤੰਤਰੀ ਸਰਕਾਰ ਬਣਾਈ ਹੈ। ਅਗਲੇ ਦਿਨੀਂ ਨੇਪਾਲ ਵਿੱਚ ਵੀ ਚੋਣਾਂ ਹੋ ਰਹੀਆਂ ਹਨ। ਆਸ ਹੈ ਉਥੋਂ ਦੇ ਲੋਕ ਵੀ ਆਪਣੇ ਰੌਸ਼ਨ ਭਵਿੱਖ ਲਈ ਸਹੀ ਚੋਣ ਕਰਨਗੇ।
-ਚੰਦ ਫਤਿਹਪੁਰੀ