ਟਰੰਪ ਦੇ ਇਸ਼ਾਰੇ ‘ਤੇ ਗੜਬੜ ਫੈਲਾਉਣ ਵਾਲਿਆਂ ਨੂੰ ਤਾੜਨਾ

0
20

ਤਹਿਰਾਨ : ਈਰਾਨ ਦੇ ਸੁਪਰੀਮ ਆਗੂ ਆਇਤਉਲ੍ਹਾ ਅਲੀ ਖਮੇਨੀ ਨੇ ਪ੍ਰਦਰਸ਼ਨਕਾਰੀਆਂ ਉਪਰ ਦੋਸ਼ ਲਾਇਆ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਸ਼ਾਰੇ ‘ਤੇ ਦੇਸ਼ ਵਿੱਚ ਗੜਬੜ ਫੈਲਾ ਰਹੇ ਹਨ ਤੇ ਜਨਤਿਕ ਜਾਇਦਾਦਾਂ ਉਪਰ ਹਮਲੇ ਕਰ ਰਹੇ ਹਨ | ਉਨ੍ਹਾ ਚਿਤਾਵਨੀ ਦਿੱਤੀ ਹੈ ਕਿ ਤਹਿਰਾਨ ਵਿਦੇਸ਼ੀ ਭਾੜੇ ਦੇ ਟੱਟੂਆਂ ਨੂੰ ਸਹਿਣ ਨਹੀਂ ਕਰੇਗਾ | ਕਿਹਾ ਜਾ ਰਿਹਾ ਹੈ ਕਿ ਵਧ ਰਹੀ ਮਹਿੰਗਾਈ ਕਾਰਨ ਈਰਾਨ ਵਿੱਚ ਹਾਲਾਤ ਕੰਟਰੋਲ ਤੋਂ ਬਾਹਰ ਹੁੰਦੇ ਜਾ ਰਹੇ ਹਨ, ਪਰੰਤੂ ਸੁਪਰੀਮ ਆਗੂ ਖਮੇਨੀ ਦਾ ਦੋਸ਼ ਹੈ ਕਿ ਉਨ੍ਹਾਂ ਦੇ ਵਿਰੋਧੀ ਵਿਦੇਸ਼ੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਰਹੇ ਹਨ | ਸੱਤਾਧਾਰ ਮਰਹੂਮ ਸ਼ਾਹ ਦੇ ਜਲਾਵਤਨ ਪੁੱਤਰ ਰੇਜ਼ਾ ਪਹਿਲਵੀ ਨੇ ਇੱਕ ਸ਼ੋਸਲ ਮੀਡੀਆ ਪੋਸਟ ਵਿੱਚ ਈਰਾਨੀਆਂ ਨੂੰ ਗਲੀਆਂ ਵਿੱਚ ਨਿਕਲ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਵਿਸ਼ਵ ਦੀਆਂ ਨਜ਼ਰਾਂ ਤੁਹਾਡੇ ‘ਤੇ ਹਨ | ਇਸੇ ਦੌਰਾਨ ਦੁਬਈ ਅਤੇ ਈਰਾਨ ਦੇ ਕਈ ਸ਼ਹਿਰਾਂ ਦਰਮਿਆਨ ਸ਼ੁੱਕਰਵਾਰ ਨੂੰ ਜਾਣ ਤੇ ਆਉਣ ਵਾਲੀਆਂ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਫਲਾਈ ਦੁਬਈ ਨੇ ਦੱਸਿਆ ਕਿ ਉਸ ਦੀਆਂ 17 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ | ਵੈੱਬਸਾਈਟ ਵਿਚ ਉਡਾਣਾਂ ਰੱਦ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ, ਪਰ ਵੀਰਵਾਰ ਨੂੰ ਈਰਾਨ ਵਿੱਚ ਦੇਸ਼ ਵਿਆਪੀ ਇੰਟਰਨੈੱਟ ਬਲੈਕਆਊਟ ਕਾਰਨ ਇਹ ਉਡਾਣਾਂ ਰੱਦ ਕੀਤੀਆਂ ਗਈਆਂ ਹਨ | ਅਧਿਕਾਰੀਆਂ ਨੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਹ ਫੈਸਲਾ ਕੀਤਾ ਹੈ | ਜ਼ਿਕਰਯੋਗ ਹੈ ਕਿ ਈਰਾਨ ਵਿਚ ਆਰਥਕ ਸਮੱਸਿਆਵਾਂ ਨੂੰ ਲੈ ਕੇ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਸੰਬਰ ਦੇ ਅੰਤ ਵਿੱਚ ਸ਼ੁਰੂ ਹੋਏ ਸਨ ਤੇ ਇਹ ਪ੍ਰਦਰਸ਼ਨ ਹੁਣ ਵੀ ਜਾਰੀ ਹਨ |