ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ ਨੇ ਪੰਜ ਜਨਵਰੀ 2020 ਨੂੰ ਗੁੰਡਿਆਂ ਵੱਲੋਂ ਯੂਨੀਵਰਸਿਟੀ ਵਿੱਚ ਮਚਾਈ ਉਧੜਧੁੰਮੀ ਦੇ ਵਿਰੋਧ ਵਿੱਚ ਲੰਘੀ ਪੰਜ ਜਨਵਰੀ ਨੂੰ ‘ਗੁਰੀਲਾ ਢਾਬੇ ਕੇ ਸਾਥ ਪ੍ਰਤੀਰੋਧ ਕੀ ਰਾਤ’ ਦੇ ਨਾਂਅ ਨਾਲ ਇੱਕ ਪ੍ਰੋਗਰਾਮ ਰੱਖਿਆ ਸੀ | ਇਸ ਦੌਰਾਨ ਲੱਗੇ ਨਾਅਰਿਆਂ ਤੋਂ ਬਾਅਦ ਗੋਦੀ ਮੀਡੀਆ ਦੇ ਐਂਕਰਾਂ ਨੇ ਖੁਦ ਨੂੰ ਜੱਜ ਮੰਨ ਕੇ ਆਪਣੀਆਂ ਅਦਾਲਤਾਂ ਸਜਾ ਲਈਆਂ ਅਤੇ ਬਿਨਾਂ ਅਪੀਲ ਤੇ ਦਲੀਲ ਤੋਂ ਫੈਸਲਾ ਵੀ ਸੁਣਾ ਦਿੱਤਾ—ਜੇ ਐੱਨ ਯੂ ਦੇਸ਼-ਵਿਰੋਧੀ ਹੈ | ਦੋਸ਼ ਕੀ ਹੈ? ਇਹੀ ਕਿ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਆਰ ਐੱਸ ਐੱਸ ਖਿਲਾਫ ਨਾਅਰੇ ਲਾਉਣ ਦੀ ਜੁਰੱਅਤ ਕੀਤੀ ਹੈ | ਪਰ ਮੋਦੀ-ਆਰ ਐੱਸ ਐੱਸ ਦਾ ਵਿਰੋਧ ‘ਦੇਸ਼-ਵਿਰੋਧ’ ਕਦੋਂ ਤੋਂ ਹੋ ਗਿਆ?
ਅਸੀਂ ਲੋਕਤੰਤਰ ਦੇ ਇੱਕ ਅਜਿਹੇ ਖਤਰਨਾਕ ਮੋੜ ‘ਤੇ ਖੜ੍ਹੇ ਹਾਂ, ਜਿੱਥੇ ਸਰਕਾਰ (ਸਟੇਟ) ਅਤੇ ਰਾਸ਼ਟਰ (ਨੇਸ਼ਨ) ਵਿਚਾਲੇ ਫਰਕ ਨੂੰ ਜਾਣਬੁੱਝ ਕੇ ਤੇ ਸ਼ਰਾਰਤਪੂਰਨ ਤਰੀਕੇ ਨਾਲ ਧੁੰਦਲਾ ਕੀਤਾ ਜਾ ਰਿਹਾ ਹੈ | ਇਹ ਸਮਝਣ ਲਈ ਕਿ ਜੇ ਐੱਨ ਯੂ ਦੇ ਅੰਦਰ ਦਾ ਵਿਰੋਧ ਨਾ ਸਿਰਫ ਕਾਨੂੰਨੀ ਹੈ, ਸਗੋਂ ਦੇਸ਼ ਭਗਤੀ-ਭਰਿਆ ਹੈ, ਸਾਨੂੰ ਸਨਸਨੀਖੇਜ਼ ਸੁਰਖੀਆਂ ਤੋਂ ਪਰ੍ਹੇ ਜਾ ਕੇ ਇਤਿਹਾਸ, ਕਿਤਾਬਾਂ ਤੇ ਯੂਨੀਵਰਸਿਟੀ ਦੇ ਮੂਲ ਦਰਸ਼ਨ ਨੂੰ ਦੇਖਣਾ ਪਵੇਗਾ | ਇੱਕ ਵਿਦਿਆਰਥੀ ਦੇ ਗੁੱਸੇ ਨੂੰ ਸਮਝਣ ਤੋਂ ਪਹਿਲਾਂ ਯੂਨੀਵਰਸਿਟੀ ਦੇ ਪਵਿੱਤਰ ਉਦੇਸ਼ ਨੂੰ ਸਮਝਣਾ ਪਵੇਗਾ | ਆਮ ਬਿਰਤਾਂਤ ਜੇ ਐੱਨ ਯੂ ਦੇ ਵਿਦਿਆਰਥੀਆਂ ਨੂੰ ਟੈਕਸਦਾਤਿਆਂ ਦੇ ਪੈਸੇ ‘ਤੇ ਪਲਣ ਵਾਲੇ ਅਜਿਹੇ ਲੋਕਾਂ ਵਜੋਂ ਚਿਤਰਤ ਕਰਦਾ ਹੈ, ਜਿਹੜੇ ਪੜ੍ਹਾਈ ਦੀ ਥਾਂ ਸਿਆਸਤ ਕਰਦੇ ਹਨ, ਪਰ ਇਹ ਨਜ਼ਰੀਆ ਉਸ ਉੱਚ ਸਿੱਖਿਆ ਦੇ ਮੂਲ ਉਦੇਸ਼ ਦਾ ਅਪਮਾਨ ਹੈ, ਜਿਹੜਾ ਇੱਕ ਆਜ਼ਾਦ ਸਮਾਜ ਲਈ ਲਾਜ਼ਮੀ ਹੈ | ਯੂਨੀਵਰਸਿਟੀ ਦੀ ਸਿਆਸਤ ‘ਤੇ ਆਪਣੇ ਮੌਲਿਕ ਕੰਮ ਵਿੱਚ ਵਿਦਵਾਨ ਗਾਰਡਨ ਜਾਨਸਨ ਨੇ ਪ੍ਰਸਿੱਧ ਅਕਾਦਮਿਕ ਐੱਫ ਐੱਮ ਕੌਨਫੋਰਡ ਦਾ ਹਵਾਲਾ ਦਿੰਦਿਆਂ ਯੂਨੀਵਰਸਿਟੀ ਨੂੰ ‘ਸਮਾਜੀ ਸੰਗਠਨ ਦੇ ਉਨ੍ਹਾਂ ਖਾਸ ਰੂਪਾਂ ਵਿੱਚੋਂ ਇੱਕ ਦੱਸਿਆ ਹੈ, ਜਿਹੜੇ ਗਿਆਨ ਨੂੰ ਬਣਾਉਣ, ਲੱਭਣ, ਸੰਭਾਲਣ ਤੇ ਪ੍ਰਸਾਰਤ ਕਰਨ ਦੇ ਸਪੱਸ਼ਟ ਉਦੇਸ਼ ਲਈ ਵਿਕਸਤ ਹੋਏ ਹਨ |’ ਇਹ ‘ਗਿਆਨ ਦਾ ਸਿਰਜਣ ਤੇ ਖੋਜ’ ਆਗਿਆ ਪਾਲਣ ਦੇ ਮਾਹੌਲ ਵਿੱਚ ਨਹੀਂ ਹੋ ਸਕਦਾ | ਇਸ ਲਈ ਵਿਚਾਰਾਂ ਦੇ ਟਕਰਾਅ ਦੀ ਲੋੜ ਹੈ | ਸੰਖੇਪ ਵਿੱਚ ਯੂਨੀਵਰਸਿਟੀ ‘ਆਪਣੀ ਹੀ ਇੱਕ ਦੁਨੀਆ’ ਹੈ | ਅਜਿਹੀ ਰੱਖ, ਜਿਥੇ ਸਿਆਸੀ ਦੁਨੀਆ ਦੀਆਂ ਫੌਰੀ ਮੰਗਾਂ ਮੁਅੱਤਲ ਰਹਿੰਦੀਆਂ ਹਨ ਤਾਂ ਕਿ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਸੱਚ ਦੀ ਖੋਜ ਕੀਤੀ ਜਾ ਸਕੇ | ਕੌਨਫੋਰਡ ਨੇ ਤਰਕ ਦਿੱਤਾ ਸੀ ਕਿ ਇੱਕ ਯੂਨੀਵਰਸਿਟੀ ਨੂੰ ‘ਸਾਰੇ ਤਰ੍ਹਾਂ ਦੇ ਵਿਚਾਰਾਂ ਪ੍ਰਤੀ ਪੂਰਨ ਨਿਰਪੱਖਤਾ’ ਬਣਾਈ ਰੱਖਣੀ ਚਾਹੀਦੀ ਹੈ | ਇਹ ਉਹ ਥਾਂ ਹੈ ਜਿਸ ਨੂੰ ‘ਅਕੱਟ’ ਉੱਤੇ ਸਵਾਲ ਚੁੱਕਣ ਲਈ ਡਿਜ਼ਾਈਨ ਕੀਤਾ ਗਿਆ ਹੈ |
ਜਦੋਂ ਵਿਦਿਆਰਥੀ ਜੇ ਐੱਨ ਯੂ ਦੇ ਸਾਬਰਮਤੀ ਢਾਬੇ ‘ਤੇ ਖੜ੍ਹੇ ਹੋ ਕੇ ਆਰ ਐੱਸ ਐੱਸ ਦੀਆਂ ਨੀਤੀਆਂ ‘ਤੇ ਸਵਾਲ ਚੁੱਕਦੇ ਹਨ, ਜਾਂ ਗ੍ਰਹਿ ਮੰਤਰੀ ਦੇ ਭਾਰਤ ਦੇ ਵਿਜ਼ਨ ਦੀ ਅਲੋਚਨਾ ਕਰਦੇ ਹਨ ਤਾਂ ਦੇਸ਼ ‘ਤੇ ਹਮਲਾ ਨਹੀਂ ਕਰ ਰਹੇ ਹੁੰਦੇ | ਉਹ ਆਪਣਾ ਮੁਢਲਾ ਵਿੱਦਿਅਕ ਧਰਮ ਨਿਭਾ ਰਹੇ ਹੁੰਦੇ ਹਨ : ਤਰਕ ਦੀ ਕਸੌਟੀ ‘ਤੇ ਕੱਸਣਾ | ਜੇ ਕੋਈ ਯੂਨੀਵਰਸਿਟੀ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀਆਂ ਦੀ ਅਲੋਚਨਾ ਨਹੀਂ ਕਰ ਸਕਦੀ ਤਾਂ ਉਹ ਗਿਆਨ ਦਾ ਕੇਂਦਰ ਨਹੀਂ, ਸਗੋਂ ਰਾਜ ਦਾ ਪ੍ਰਚਾਰ-ਤੰਤਰ ਬਣ ਜਾਂਦੀ ਹੈ |
ਵਿਦਿਆਰਥੀ ਅੰਦੋਲਨਾਂ ਬਾਰੇ ਦੁਨੀਆ ਦੇ ਪ੍ਰਸਿੱਧ ਮਾਹਰ ਤੇ ਸਮਾਜ ਸ਼ਾਸਤਰੀ ਫਿਲਿਪ ਜੇ ਆਲਟਬੈਕ ਨੇ ਵਿਦਿਆਰਥੀ ਸਿਆਸੀ ਅੰਦੋਲਨਾਂ ਦੀ ਤੁਲਨਾ ਕੋਲੇ ਦੀ ਖਾਣ ਵਿੱਚ ਕਨਾਰੀ ਚਿੜੀ ਨਾਲ ਕੀਤੀ ਹੈ | ਪੁਰਾਣੇ ਵੇਲਿਆਂ ਵਿੱਚ ਖਾਣ ਮਜ਼ਦੂਰ ਸੁਰੰਗਾਂ ਵਿੱਚ ਜਾਂਦੇ ਸਮੇਂ ਆਪਣੇ ਨਾਲ ਪਿੰਜਰੇ ਵਿੱਚ ਇੱਕ ਕਨਾਰੀ ਚਿੜੀ ਲਿਜਾਂਦੇ ਸਨ | ਜੇ ਚਿੜੀ ਚਹਿਕਣਾ ਬੰਦ ਕਰ ਦਿੰਦੀ ਜਾਂ ਮਰ ਜਾਂਦੀ ਤਾਂ ਇਸ ਦਾ ਮਤਲਬ ਹੁੰਦਾ ਸੀ ਕਿ ਜ਼ਹਿਰੀਲੀਆਂ ਗੈਸਾਂ, ਜਿਹੜੀਆਂ ਇਨਸਾਨੀ ਅੱਖਾਂ ਨਾਲ ਨਹੀਂ ਦਿਸਦੀਆਂ ਸਨ, ਬਣ ਰਹੀਆਂ ਹਨ ਤੇ ਧਮਾਕਾ ਹੋਣ ਵਾਲਾ ਹੈ | ਉਹ ਚਿੜੀ ਖਤਰਾ ਪੈਦਾ ਨਹੀਂ ਸੀ ਕਰਦੀ, ਖਤਰੇ ਦੀ ਚਿਤਾਵਨੀ ਦਿੰਦੀ ਸੀ | ਵਿਦਿਆਰਥੀ ਪ੍ਰੋਟੈੱਸਟ ਆਉਣ ਵਾਲੇ ਸਮਾਜੀ ਵਿਸਫੋਟ ਜਾਂ ਪਨਪ ਰਹੇ ਸਿਆਸੀ ਸੰਕਟ ਦਾ ਸੰਕੇਤ ਹੋ ਸਕਦੇ ਹਨ | ਜਦ ਜੇ ਐੱਨ ਯੂ ਦੇ ਵਿਦਿਆਰਥੀ ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ, ਆਰ ਐੱਸ ਐੱਸ ਦੀ ਫਿਰਕੂ ਬਿਆਨਬਾਜ਼ੀ ਤੇ ਗ੍ਰਹਿ ਮੰਤਰਾਲੇ ਦੀ ਮਾਓਵਾਦੀਆਂ ਵਿਰੁੱਧ ਕਾਰਵਾਈ ਖਿਲਾਫ ਨਾਅਰੇ ਲਾਉਂਦੇ ਹਨ ਤਾਂ ਉਹ ਉਸ ‘ਕਨਾਰੀ’ ਦੀ ਤਰ੍ਹਾਂ ਕੰਮ ਕਰਦੇ ਹਨ | ਸੰਕੇਤ ਦਿੰਦੇ ਹਨ ਕਿ ਦੇਸ਼ ਦਾ ਮਾਹੌਲ ਜ਼ਹਿਰੀਲਾ ਹੋ ਰਿਹਾ ਹੈ | ਵਿਦਿਆਰਥੀਆਂ ਨੂੰ ਚੁੱਪ ਕਰਾਉਣਾ (ਕਨਾਰੀ ਨੂੰ ਮਾਰਨਾ) ਸਮੱਸਿਆ ਦਾ ਹੱਲ ਨਹੀਂ ਹੈ, ਇਹ ਵਿਸਫੋਟ ਨੂੰ ਸੱਦਾ ਦੇਣਾ ਹੈ |
ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੂੰ ਦੇਸ਼-ਵਿਰੋਧੀ ਕਹਿਣਾ ਵਿਡੰਬਨਾਪੂਰਨ ਲਗਦਾ ਹੈ, ਜਦੋਂ ਭਾਰਤੀ ਆਜ਼ਾਦੀ ਦੇ ਇਤਿਹਾਸ ਨੂੰ ਦੇਖੀਏ | ਮੌਜੂਦਾ ਹਾਕਮ ਸ਼ਾਇਦ ਇਹ ਭੁੱਲ ਗਏ ਹਨ ਕਿ ਜਿਸ ਆਜ਼ਾਦੀ ਦਾ ਉਹ ਅੱਜ ਆਨੰਦ ਲੈ ਰਹੇ ਹਨ, ਸਰਕਾਰ ਚਲਾਉਣ ਦੀ, ਕਾਨੂੰਨ ਬਣਾਉਣ ਦੀ ਆਜ਼ਾਦੀ, ਉਹ ਉਨ੍ਹਾਂ ਵਿਦਿਆਰਥੀਆਂ ਵੱਲੋਂ ਜਿੱਤੀ ਗਈ ਸੀ, ਜਿਨ੍ਹਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਸੀ | ਪੰਡਤ ਜਵਾਹਰ ਲਾਲ ਨਹਿਰੂ ਨੇ 1936 ਵਿੱਚ ਭਾਰਤ ਦੀ ਪਹਿਲੀ ਵਿਦਿਆਰਥੀ ਜਥੇਬੰਦੀ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ ਆਈ ਐੱਸ ਐੱਫ) ਦਾ ਉਦਘਾਟਨ ਕਰਦਿਆਂ ਸਾਮਰਾਜਵਾਦ, ਫਾਸ਼ੀਵਾਦ ਤੇ ਸਮਾਜੀ ਅਨਿਆਂ ਦੇ ਖਿਲਾਫ ਇੱਕ ਸਾਂਝੇ ਮੋਰਚੇ ਵਿੱਚ ਯੁਵਾ ਊਰਜਾ ਨੂੰ ਸ਼ਾਮਲ ਕਰਨ ਦਾ ਸੱਦਾ ਦਿੱਤਾ ਸੀ | ਨਹਿਰੂ ਉਨ੍ਹਾਂ ਵਿਦਿਆਰਥੀਆਂ ਦੇ ਇਨਕਲਾਬੀ ਉਤਸ਼ਾਹ ਦੇ ਪ੍ਰਸੰਸਕ ਸਨ, ਜਿਨ੍ਹਾਂ ਆਗੂਆਂ ਦੇ ਜੇਲ੍ਹ ਵਿੱਚ ਹੋਣ ‘ਤੇ ਵੀ ਮੁਜ਼ਾਹਮਤ ਦੀ ਮਸ਼ਾਲ ਜਲਾਈ ਰੱਖੀ |
ਅੱਜ ਗੋਦੀ ਮੀਡੀਆ ਸੱਤਾਧਾਰੀ ਪਾਰਟੀ ਭਾਜਪਾ ਤੇ ਆਰ ਐੱਸ ਐੱਸ ਨੂੰ ‘ਰਾਸ਼ਟਰ’ ਦੇ ਬਰਾਬਰ ਰੱਖ ਕੇ ਸਰਕਾਰ ਨੂੰ ਅਲੋਚਨਾ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ | ਜੇ ਆਰ ਐੱਸ ਐੱਸ ਦੀ ਅਲੋਚਨਾ ਕਰਦੇ ਹੋ, ਤਾਂ ਭਾਰਤ ਦੇ ਗੌਰਵ ‘ਤੇ ਹਮਲਾ ਕਰਨ ਦਾ ਦੋਸ਼ ਲੱਗ ਜਾਂਦਾ ਹੈ | ਇਹ ਇੱਕ ਧੋਖਾ ਹੈ | ਆਰ ਐੱਸ ਐੱਸ ਇੱਕ ਗੈਰ-ਸਰਕਾਰੀ ਜਥੇਬੰਦੀ ਹੈ, ਭਾਜਪਾ ਇੱਕ ਸਿਆਸੀ ਪਾਰਟੀ ਹੈ, ਨਰਿੰਦਰ ਮੋਦੀ ਸੰਵਿਧਾਨ ਦੇ ਇੱਕ ਚੁਣੇ ਸੇਵਕ ਹਨ | ਇਨ੍ਹਾਂ ਵਿੱਚੋਂ ਕੋਈ ਵੀ ‘ਦੇਸ਼’ ਨਹੀਂ ਹੈ | ਦੇਸ਼ ਸੰਵਿਧਾਨ, ਲੋਕ, ਜ਼ਮੀਨ ਅਤੇ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਨਾਲ ਬਣਦਾ ਹੈ | ਜਦੋਂ ਵਿਦਿਆਰਥੀ ਆਰ ਐੱਸ ਐੱਸ ਖਿਲਾਫ ਨਾਅਰੇ ਲਾਉਂਦੇ ਹਨ, ਤਾਂ ਉਸ ਵਿਚਾਰਧਾਰਾ ਖਿਲਾਫ ਨਾਅਰੇ ਲਾਉਂਦੇ ਹਨ ਜਿਹੜੀ ਉਨ੍ਹਾਂ ਨੂੰ ਦੇਸ਼ ਦੇ ਬਹੁਲਵਾਦੀ ਤਾਣੇ-ਬਾਣੇ ਲਈ ਖਤਰਾ ਜਾਪਦੀ ਹੈ | ਜਦੋਂ ਉਹ ਗ੍ਰਹਿ ਮੰਤਰੀ ਦੀ ਅਲੋਚਨਾ ਕਰਦੇ ਹਨ ਤਾਂ ਰਾਜਤੰਤਰ ਦੀਆਂ ਨੀਤੀਆਂ ‘ਤੇ ਸਵਾਲ ਉਠਾ ਰਹੇ ਹੁੰਦੇ ਹਨ | ਇਹ ਗ਼ਦਾਰੀ ਨਹੀਂ ਹੈ, ਇਹ ਇੱਕ ਨਾਗਰਿਕ ਵੱਲੋਂ ਕੀਤਾ ਜਾਣ ਵਾਲਾ ਸਭ ਤੋਂ ਵੱਡਾ ਦੇਸ਼ ਭਗਤੀ ਦਾ ਕੰਮ ਹੈ | ਜੇ ਐੱਨ ਯੂ ਦੇ ਵਿਦਿਆਰਥੀ ਭਾਰਤ ਦੇ ਖਿਲਾਫ ਨਹੀਂ ਲੜ ਰਹੇ, ਭਾਰਤ ਲਈ ਲੜ ਰਹੇ ਹਨ | ਉਹ ਕੋਲੇ ਦੀ ਖਾਣ ਦੀ ਕਨਾਰੀ ਵਾਂਗ ਜ਼ੋਰ ਨਾਲ ਰੌਲਾ ਪਾ ਰਹੇ ਹਨ, ਕਿਉਂਕਿ ਉਹ ਗੈਸ ਰਿਸਦੀ ਦੇਖ ਰਹੇ ਹਨ, ਭਲੇ ਹੀ ਬਾਕੀ ਦੇਸ਼ ਸੌਂ ਰਿਹਾ ਹੈ | ਮੋਦੀ-ਆਰ ਐੱਸ ਐੱਸ ਦਾ ਵਿਰੋਧ ਦੇਸ਼-ਵਿਰੋਧ ਨਹੀਂ ਹੈ | ਇਹ ਇੱਕ ਜ਼ਿੰਦਾ ਲੋਕਤੰਤਰ ਦੇ ਸਾਹ ਲੈਣ ਦੀ ਆਵਾਜ਼ ਹੈ |



