ਅਬੋਹਰ : ਰਾਜਸਥਾਨ ਪੁਲਸ ਵੱਲੋਂ ਇੱਕ ਤੇਲ ਦੇ ਟੈਂਕਰ ਵਿੱਚੋਂ ਕਰੀਬ 40 ਲੱਖ ਰੁਪਏ ਦੀ ਸ਼ਰਾਬ ਜ਼ਬਤ ਕੀਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਟੇਟ ਹਾਈਵੇ ‘ਤੇ ਅਬੋਹਰ-ਸਾਦੁਲਸ਼ਹਿਰ ਬੈਰੀਅਰ ਪਾਰ ਕਰਨ ਦੇ ਕੁਝ ਮਿੰਟਾਂ ਬਾਅਦ ਹੀ ਪੁਲਸ ਨੇ ਇੱਕ ਤੇਲ ਟੈਂਕਰ ਨੂੰ ਰੋਕ ਕੇ ਚੈੱਕ ਕੀਤਾ ਅਤੇ ਤਲਾਸ਼ੀ ਦੌਰਾਨ 40 ਲੱਖ ਰੁਪਏ ਦੀ ਸ਼ਰਾਬ ਤੇ ਬੀਅਰ ਬਰਾਮਦ ਹੋਈ | ਇਹ ਵਾਹਨ ਪੰਜਾਬ ਪੁਲਸ ਅਤੇ ਟੈਕਸ ਵਿਭਾਗ ਦੀਆਂ ਅੰਤਰਰਾਜੀ ਚੌਕੀਆਂ ਤੋਂ ਬਿਨਾਂ ਕਿਸੇ ਚੈਕਿੰਗ ਦੇ ਲੰਘ ਗਿਆ ਸੀ |
ਬੀਕਾਨੇਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਹੇਮੰਤ ਸ਼ਰਮਾ ਨੇ ਦੱਸਿਆ ਕਿ ਇਹ ਕਾਰਵਾਈ ਸਪੈਸ਼ਲ ਟੀਮ ਦੇ ਇੰਚਾਰਜ ਇੰਸਪੈਕਟਰ ਸੰਦੀਪ ਪੂਨੀਆ ਅਤੇ ਸਾਦੁਲਸ਼ਹਿਰ ਥਾਣੇ ਦੇ ਸਬ-ਇੰਸਪੈਕਟਰ ਸ਼ੰਭੂ ਸਿੰਘ ਦੀ ਅਗਵਾਈ ਵਾਲੀ ਸਾਂਝੀ ਟੀਮ ਵੱਲੋਂ ਕੀਤੀ ਗਈ | ਗੁਪਤ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਕਿ ਅਬੋਹਰ ਤੋਂ ਰਾਜਸਥਾਨ ਰਾਹੀਂ ਗੁਜਰਾਤ ਨੂੰ ਨਾਜਾਇਜ਼ ਸ਼ਰਾਬ ਦੀ ਵੱਡੀ ਖੇਪ ਲਿਜਾਈ ਜਾ ਰਹੀ ਹੈ, ਟੀਮ ਨੇ ਪੰਜਾਬ-ਰਾਜਸਥਾਨ ਸਰਹੱਦ ‘ਤੇ ਨਿਗਰਾਨੀ ਵਧਾ ਦਿੱਤੀ ਸੀ | ਜਿਵੇਂ ਹੀ ਅਬੋਹਰ ਤੋਂ ਚੱਲਿਆ ਟੈਂਕਰ ਅਮਰਗੜ੍ਹ ਪਿੰਡ ਨੇੜੇ ਪਹੁੰਚਿਆ, ਟੀਮ ਨੇ ਇਸ ਨੂੰ ਰੋਕ ਲਿਆ | ਡੀਜ਼ਲ ਦੀ ਬਜਾਏ ਟੈਂਕਰ ਲਾਰੀ ਵਿੱਚ ਸ਼ਰਾਬ ਪਾਈ ਗਈ ਸੀ | ਬਰਾਮਦ ਕੀਤੀ ਖੇਪ ਵਿੱਚ ਰਾਇਲ ਸਟੈਗ ਬ੍ਰਾਂਡ ਦੀ ਅੰਗਰੇਜ਼ੀ ਸ਼ਰਾਬ ਦੀਆਂ 252 ਪੇਟੀਆਂ ਅਤੇ ਬੀਅਰ ਦੇ ਕੈਨਾਂ ਦੀਆਂ 70 ਪੇਟੀਆਂ ਸ਼ਾਮਲ ਹਨ | ਜ਼ਬਤ ਕੀਤੀ ਸ਼ਰਾਬ ਦੀ ਅੰਦਾਜ਼ਨ ਬਾਜ਼ਾਰੀ ਕੀਮਤ ਲਗਭਗ 40 ਲੱਖ ਰੁਪਏ ਹੈ | ਪੁਲਸ ਨੇ ਡਰਾਈਵਰ ਸੁਰੇਸ਼ ਮੇਘਵਾਲ (26), ਵਾਸੀ ਰਾਮਸਰੀਆ (ਬਾੜਮੇਰ) ਨੂੰ ਗਿ੍ਫਤਾਰ ਕਰ ਲਿਆ ਹੈ | ਉਸ ਵਿਰੁੱਧ ਆਬਕਾਰੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਮੱਗਲਰਾਂ ਨੇ ਵੀਰਵਾਰ ਰਾਤ ਅਬੋਹਰ ਨੇੜੇ ਲਾਰੀ ਸੁਰੇਸ਼ ਦੇ ਹਵਾਲੇ ਕੀਤੀ ਸੀ | ਯੋਜਨਾ ਅਨੁਸਾਰ ਸ਼ਰਾਬ ਨੂੰ ਭਾਰਤ ਮਾਲਾ ਰੋਡ ਅਤੇ ਐੱਕਸਪ੍ਰੈੱਸਵੇ ਰਾਹੀਂ ਗੁਜਰਾਤ ਲਿਜਾਇਆ ਜਾਣਾ ਸੀ |




