ਟਰੰਪ ਵੱਲੋਂ ਗ੍ਰੀਨਲੈਂਡ ਨੂੰ ‘ਮੁਸ਼ਕਲ ਰਾਹ’ ‘ਤੇ ਲਿਜਾਣ ਦੀ ਘੁਰਕੀ

0
10

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਫਿਰ ਗ੍ਰੀਨਲੈਂਡ ਬਾਰੇ ‘ਕੁਝ ਕਰਨ’ ਦੀ ਆਪਣੀ ਮੰਗ ਨੂੰ ਦੁਹਰਾਇਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਕੋਈ ਕਾਰਵਾਈ ਨਹੀਂ ਕਰਦਾ ਤਾਂ ਰੂਸ ਅਤੇ ਚੀਨ ਉੱਥੇ ਕਬਜ਼ਾ ਕਰ ਲੈਣਗੇ, ਜਿਸ ਨੂੰ ਵਾਸ਼ਿੰਗਟਨ ਆਪਣੇ ਗੁਆਂਢੀ ਵਜੋਂ ਬਰਦਾਸ਼ਤ ਨਹੀਂ ਕਰੇਗਾ | ਡੈਨਮਾਰਕ ਦੇ ਸੰਦਰਭ ਵਿੱਚ ਉਨ੍ਹਾ ਕਿਹਾ ਕਿ 500 ਸਾਲ ਪਹਿਲਾਂ ਉੱਥੇ ਸਿਰਫ਼ ਇੱਕ ਕਿਸ਼ਤੀ ਉਤਾਰਨ ਦਾ ਮਤਲਬ ਇਹ ਨਹੀਂ ਕਿ ਉਹ ਉਸ ਜ਼ਮੀਨ ਦੇ ਮਾਲਕ ਹਨ | ਤੇਲ ਅਤੇ ਗੈਸ ਕਾਰਜਕਾਰੀਆਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਉਹ ਇਹ ਸੌਦਾ ਸੌਖੇ ਤਰੀਕੇ ਨਾਲ ਕਰਨਾ ਚਾਹੁੰਦੇ ਹਨ, ਪਰ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਸਖ਼ਤ ਤਰੀਕਾ ਅਪਣਾਉਣਗੇ | ਉਨ੍ਹਾ ਦਲੀਲ ਦਿੱਤੀ ਕਿ ਗ੍ਰੀਨਲੈਂਡ ਦੇ ਬਾਹਰ ਰੂਸੀ ਅਤੇ ਚੀਨੀ ਵਿਨਾਸ਼ਕਾਰੀ ਜਹਾਜ਼ ਅਤੇ ਪਣਡੁੱਬੀਆਂ ਹਰ ਪਾਸੇ ਮੌਜੂਦ ਹਨ, ਇਸ ਲਈ ਸੁਰੱਖਿਆ ਲਈ ਲੀਜ਼ ਦੀ ਬਜਾਏ ‘ਮਾਲਕੀ’ ਹੋਣੀ ਜ਼ਰੂਰੀ ਹੈ ਕਿਉਂਕਿ ਦੇਸ਼ ਮਾਲਕੀ ਦਾ ਹੀ ਬਚਾਅ ਕਰਦੇ ਹਨ | ਇਸ ਦੇ ਨਾਲ ਹੀ ਉਨ੍ਹਾਂ ਨੇ ਪੌਣ ਚੱਕੀਆਂ (ਵਿੰਡਮਿਲਜ਼) ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ ਨੂੰ ਪੈਸੇ ਦੀ ਬਰਬਾਦੀ, ਪੰਛੀਆਂ ਦਾ ਕਾਤਲ ਅਤੇ ਚੀਨ ਵਿੱਚ ਬਣੇ ਫ਼ਜ਼ੂਲ ਉਤਪਾਦ ਦੱਸਿਆ | ਟਰੰਪ ਨੇ ਅਮਰੀਕੀ ਹਿੱਤਾਂ ਦੇ ਵਿਰੁੱਧ ਦੱਸਦਿਆਂ 35 ਗੈਰ-ਸੰਯੁਕਤ ਰਾਸ਼ਟਰ ਅਤੇ 31 ਸੰਯੁਕਤ ਰਾਸ਼ਟਰ ਸੰਸਥਾਵਾਂ ਤੋਂ ਵੱਖ ਹੋਣ ਦਾ ਨਿਰਦੇਸ਼ ਵੀ ਦਿੱਤਾ ਹੈ, ਜਿਸ ਵਿੱਚ ਭਾਰਤ ਅਤੇ ਫਰਾਂਸ ਦੀ ਅਗਵਾਈ ਵਾਲਾ ਅੰਤਰਰਾਸ਼ਟਰੀ ਸੂਰਜੀ ਗਠਜੋੜ, ਅੰਤਰਰਾਸ਼ਟਰੀ ਊਰਜਾ ਫੋਰਮ ਅਤੇ ਹੋਰ ਪ੍ਰਮੁੱਖ ਵਾਤਾਵਰਣ ਸੰਸਥਾਵਾਂ ਸ਼ਾਮਲ ਹਨ |