ਵਾਸ਼ਿੰਗਟਨ : ਅਮਰੀਕਾ ਵਿਚ ਰਹਿਣ ਦੇ ਚਾਹਵਾਨਾਂ ਦੇ ਸਾਲ 2025 ਦੌਰਾਨ ਇਕ ਲੱਖ ਤੋਂ ਵੱਧ ਵੀਜ਼ੇ ਰੱਦ ਕੀਤੇ ਗਏ ਹਨ | ਅਮਰੀਕਾ ਨੇ ਇਸ ਪਿੱਛੇ ਅਪਰਾਧਿਕ ਗਤੀਵਿਧੀਆਂ ਦਾ ਹਵਾਲਾ ਦਿੱਤਾ ਹੈ | ਰੱਦ ਕੀਤੇ ਗਏ ਵੀਜ਼ਿਆਂ ਵਿਚ ਵਿਦਿਆਰਥੀ ਵੀਜ਼ੇ ਵੀ ਸ਼ਾਮਲ ਹਨ | ਵਿਦੇਸ਼ ਵਿਭਾਗ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਉਹ ਅਮਰੀਕਾ ਨੂੰ ਸੁਰੱਖਿਅਤ ਰੱਖਣ ਲਈ ਅਪਰਾਧਿਕ ਬਿਰਤੀ ਵਾਲੇ ਲੋਕਾਂ ਨੂੰ ਦੇਸ਼ ਨਿਕਾਲਾ ਦੇਣਾ ਜਾਰੀ ਰੱਖਣਗੇ | ਵਿਦੇਸ਼ ਵਿਭਾਗ ਦੇ ਪਿ੍ੰਸੀਪਲ ਡਿਪਟੀ ਬੁਲਾਰੇ ਟੌਮੀ ਪਿਗੋਟ ਨੇ ਕਿਹਾ ਕਿ ਵਿਦੇਸ਼ ਵਿਭਾਗ ਨੇ ਹੁਣ 1,00,000 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ, ਜਿਨ੍ਹਾਂ ਵਿੱਚ ਲੱਗਭੱਗ 8,000 ਵਿਦਿਆਰਥੀ ਵੀਜ਼ੇ ਵੀ ਸ਼ਾਮਲ ਹਨ | ਇਸ ਤੋਂ ਇਲਾਵਾ 2,500 ਵਿਸ਼ੇਸ਼ ਵੀਜ਼ੇ ਉਨ੍ਹਾਂ ਵਿਅਕਤੀਆਂ ਦੇ ਰੱਦ ਕੀਤੇ ਗਏ ਹਨ, ਜਿਨ੍ਹਾਂ ਦਾ ਅਪਰਾਧਿਕ ਕਿਰਦਾਰ ਸਾਹਮਣੇ ਆਇਆ ਹੈ | ਫੌਕਸ ਨਿਊਜ਼ ਦੀ ਇੱਕ ਰਿਪੋਰਟ ਅਨੁਸਾਰ 2025 ਵਿੱਚ ਰੱਦ ਕੀਤੇ ਗਏ ਵੀਜ਼ਿਆਂ ਦੀ ਗਿਣਤੀ 2024 ਵਿੱਚ ਰੱਦ ਕੀਤੇ ਗਏ 40,000 ਵੀਜ਼ਿਆਂ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ, ਜੋ ਸਾਬਕਾ ਰਾਸ਼ਟਰਪਤੀ ਜੋਇ ਬਾਇਡਨ ਪ੍ਰਸ਼ਾਸਨ ਵੱਲੋਂ ਆਖਰੀ ਸਾਲ ਵਿਚ ਰੱਦ ਕੀਤੇ ਗਏ ਸੀ |




