ਠੰਢ ਨੇ ਸ਼ਿਕੰਜਾ ਕੱਸਿਆ, ਪਾਰਾ 0.6 ਡਿਗਰੀ

0
8

ਚੰਡੀਗੜ੍ਹ : ਪੰਜਾਬ ਤੇ ਚੰਡੀਗੜ੍ਹ ਸੀਤ ਲਹਿਰ ਦੀ ਲਪੇਟ ਵਿੱਚ ਹਨ | ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 9 ਸਾਲਾਂ ਵਿੱਚ ਸ਼ਹਿਰ ਵਿੱਚ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ ਹੈ | ਤਾਪਮਾਨ ਵਿਚ ਤੇਜ਼ੀ ਨਾਲ ਆਈ ਗਿਰਾਵਟ ਕਾਰਨ ਲੋਕਾਂ ਦੇ ਹੱਥ-ਪੈਰ ਸੁੰਨ ਹੋ ਰਹੇ ਹਨ | ਦੂਜੇ ਪਾਸੇ ਪਹਾੜਾਂ ਵਿਚ ਠੰਢ ਵਧਣ ਤੇ ਬਰਫੀਲੀਆਂ ਹਵਾਵਾਂ ਨੇ ਠੰਢ ਨੂੰ ਹੋਰ ਵਧਾ ਦਿੱਤਾ ਹੈ | ਇਸ ਦੌਰਾਨ ਚੰਡੀਗੜ੍ਹ ਤੇ ਮੋਹਾਲੀ ਦੀ ਹੱਦ ‘ਤੇ ਪੈਂਦੇ ਸੈਕਟਰ ਸੰਘਣੀ ਧੁੰਦ ਦੀ ਮਾਰ ਹੇਠ ਆਏ | ਇਸ ਦੌਰਾਨ ਦਿਸਣ ਹੱਦ ਪੰਜਾਹ ਮੀਟਰ ਦੇ ਕਰੀਬ ਹੀ ਰਹੀ | ਸਵੇਰ ਵੇਲੇ ਤਾਪਮਾਨ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ | ਸੈਕਟਰ-50 ਤੇ 49 ਤੇ ਗਊਸ਼ਾਲਾ ਤੋਂ ਚੰਡੀਗੜ੍ਹ ਦੇ ਸੈਕਟਰ-43 ਦੇ ਬੱਸ ਸਟੈਂਡ ਨੂੰ ਜਾਂਦੀ ਸੜਕ ਦੇ ਆਲੇ-ਦੁਆਲੇ ਵੀ ਸੰਘਣੀ ਧੁੰਦ ਦੇਖਣ ਨੂੰ ਮਿਲੀ | ਚੰਡੀਗੜ੍ਹ ਵਿਚ ਭਾਵੇਂ ਧੁੰਦ ਪਈ, ਪਰ ਇਹ ਸੰਘਣੀ ਨਹੀਂ ਸੀ | ਮੋਹਾਲੀ ਵਿਚ ਸਵੇਰੇ ਪੰਜ ਵਜੇ ਧੁੰਦ ਨਹੀਂ ਸੀ, ਪਰ ਸੱਤ ਵਜੇ ਤੋਂ ਬਾਅਦ ਧੁੰਦ ਸੰਘਣੀ ਹੋ ਗਈ | ਉੱਤਰੀ ਖਿੱਤੇ ਵਿਚ ਇਸ ਵੇਲੇ ਹੱਡ ਚੀਰਵੀਂ ਠੰਢ ਸ਼ੁਰੂ ਹੋ ਗਈ ਹੈ | ਸੈਕਟਰ-45 ਦੇ ਮਜ਼ਦੂਰਾਂ ਦੇ ਖੜ੍ਹਨ ਵਾਲੀ ਥਾਂ ‘ਤੇ ਟਾਂਵੇਂ-ਟਾਂਵੇਂ ਲੋਕ ਦੇਖਣ ਨੂੰ ਮਿਲੇ ਜਦ ਕਿ ਆਮ ਦਿਨਾਂ ਵਿਚ ਇੱਥੇ ਸੱਤ ਵਜੇ ਤੋਂ ਹੀ ਮਜ਼ਦੂਰਾਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ | ਪੰਜਾਬ ਵਿਚ ਮੰਗਲਵਾਰ ਨੂੰ ਲੋਹੜੀ ਮੌਕੇ ਠੰਢ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ | ਇਸ ਸੀਜ਼ਨ ਵਿਚ ਪਹਿਲੀ ਵਾਰ ਮੌਸਮ ਵਿਭਾਗ ਨੇ ਅਜਿਹਾ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ 15 ਜਨਵਰੀ ਤੱਕ ਸੀਤ ਲਹਿਰ ਤੋਂ ਰਾਹਤ ਨਹੀਂ ਮਿਲੇਗੀ | ਠੰਢ ਕਾਰਨ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਪੁੱਜ ਗਿਆ ਹੈ, ਜੋ ਸ਼ਿਮਲਾ ਨਾਲੋਂ ਵੀ ਠੰਢਾ ਹੈ | ਇਸ ਠੰਢ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਠੰਢ ਤੋਂ ਬਚਣ ਦੀ ਸਲਾਹ ਦਿੱਤੀ ਹੈ | ਮੌਸਮ ਵਿਭਾਗ ਅਨੁਸਾਰ 17 ਤੇ 18 ਜਨਵਰੀ ਨੂੰ ਕਈ ਥਾਵਾਂ ‘ਤੇ ਮੀਂਹ ਪੈ ਸਕਦਾ ਹੈ |