ਤਹਿਰਾਨ : ਈਰਾਨ ਵਿੱਚ ਹਿੰਸਕ ਪ੍ਰਦਰਸ਼ਨ ਵਧਣ ਕਾਰਨ ਭਾਰਤ ਸਰਕਾਰ ਨੇ ਬੁੱਧਵਾਰ ਭਾਰਤੀਆਂ ਨੂੰ ਉੱਥੋਂ ਨਿਕਲ ਆਉਣ ਦੀ ਸਲਾਹ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਵਿਦਿਆਰਥੀ, ਤੀਰਥ ਯਾਤਰੀ, ਵਪਾਰੀ ਜਾਂ ਸੈਲਾਨੀ, ਜਿਹੜੇ ਵੀ ਈਰਾਨ ਵਿੱਚ ਹਨ, ਛੇਤੀ ਤੋਂ ਛੇਤੀ ਨਿਕਲ ਆਉਣ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖਤ ਚਿਤਾਵਨੀ ਦਿੱਤੀ ਹੈ। ਡਿਟਰੋਇਟ ਵਿੱਚ ਇੱਕ ਪ੍ਰੋਗਰਾਮ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਈਰਾਨੀ ਲੀਡਰਸ਼ਿਪ ਨੂੰ ‘ਸਹੀ ਢੰਗ ਨਾਲ ਪੇਸ਼ ਆਉਣਾ ਚਾਹੀਦਾ ਹੈ, ਨਹੀਂ ਤਾਂ ਉਨ੍ਹਾਂ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।’
ਉਨ੍ਹਾ ਕਿਹਾ ਕਿ ਅਮਰੀਕਾ ਈਰਾਨ ਵਿੱਚ ਹੋ ਰਹੀਆਂ ਹੱਤਿਆਵਾਂ ਅਤੇ ਫਾਂਸੀ ਦੀਆਂ ਰਿਪੋਰਟਾਂ ਦੀ ਬਾਰੀਕੀ ਨਾਲ ਸਮੀਖਿਆ ਕਰ ਰਿਹਾ ਹੈ ਅਤੇ ਉਹ ਖੁਦ ਵਾਸ਼ਿੰਗਟਨ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਗੇ। ਟਰੰਪ ਨੇ ਈਰਾਨੀ ਲੋਕਾਂ ਲਈ ‘ਆਜ਼ਾਦੀ’ ਦੀ ਇੱਛਾ ਜ਼ਾਹਰ ਕਰਦਿਆਂ ਕਿਹਾ ਕਿ ਉੱਥੋਂ ਦੇ ਲੋਕ ਲੰਬੇ ਸਮੇਂ ਤੋਂ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਹਨ। ਉਨ੍ਹਾ ਪੁਰਾਣੇ ਸਮੇਂ ਨੂੰ ਯਾਦ ਕਰਦਿਆਂ ਕਿਹਾ ਕਿ ਈਰਾਨ ਕਦੇ ਨਿਵੇਸ਼ ਅਤੇ ਵਿਕਾਸ ਲਈ ਬਹੁਤ ਵਧੀਆ ਥਾਂ ਹੁੰਦੀ ਸੀ, ਪਰ ਹੁਣ ਹਾਲਾਤ ਬਹੁਤ ਖਰਾਬ ਹਨ।
ਜਦੋਂ ਉਨ੍ਹਾ ਤੋਂ ਈਰਾਨ ਵੱਲੋਂ ਜਵਾਬੀ ਕਾਰਵਾਈ ਦੀਆਂ ਧਮਕੀਆਂ ਬਾਰੇ ਪੁੱਛਿਆ ਗਿਆ ਤਾਂ ਟਰੰਪ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਨ੍ਹਾ ਨੇ ਪਹਿਲਾਂ ਵੀ ਈਰਾਨ ਦੀਆਂ ਪ੍ਰਮਾਣੂ ਸਮਰਥਾਵਾਂ ਨੂੰ ਨਸ਼ਟ ਕੀਤਾ ਹੈ, ਇਸ ਲਈ ਉਨ੍ਹਾਂ ਲਈ ਭਲਾਈ ਇਸੇ ਵਿੱਚ ਹੈ ਕਿ ਉਹ ਆਪਣਾ ਰਵੱਈਆ ਸੁਧਾਰਨ।
ਦੂਜੇ ਪਾਸੇ, ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੋਲੀਨ ਲੀਵਿਟ ਨੇ ਸਪੱਸ਼ਟ ਕੀਤਾ ਹੈ ਕਿ ਹਾਲਾਂਕਿ ਡਿਪਲੋਮੇਸੀ ਅਮਰੀਕਾ ਦੀ ਪਹਿਲੀ ਤਰਜੀਹ ਹੈ, ਪਰ ਹਵਾਈ ਹਮਲੇ ਸਮੇਤ ਕਈ ਹੋਰ ਸਖਤ ਵਿਕਲਪਾਂ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਟਰੰਪ ਨੇ ਇੱਕ ਵੱਡਾ ਆਰਥਕ ਫੈਸਲਾ ਲੈਂਦਿਆਂ ਐਲਾਨ ਕੀਤਾ ਹੈ ਕਿ ਜੋ ਵੀ ਦੇਸ਼ ਈਰਾਨ ਨਾਲ ਵਪਾਰ ਕਰੇਗਾ, ਉਸ ਨੂੰ ਅਮਰੀਕਾ ਨਾਲ ਹੋਣ ਵਾਲੇ ਵਪਾਰ ‘ਤੇ 25 ਫੀਸਦੀ ਟੈਰਿਫ (ਟੈਕਸ) ਅਦਾ ਕਰਨਾ ਪਵੇਗਾ। ਇਹ ਕਦਮ ਈਰਾਨ ਨੂੰ ਆਰਥਕ ਤੌਰ ‘ਤੇ ਅਲੱਗ-ਥਲੱਗ ਕਰਨ ਦੀ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ।




