ਲਖਨਊ : ਇੱਥੋਂ ਦੇ ਇੱਕ ਵਿਅਕਤੀ ਨੂੰ ‘ਔਰਤ’ ਨਾਲ ਵਟਸਐਪ ‘ਤੇ ਦੋਸਤੀ ਕਰਨੀ ਬਹੁਤ ਮਹਿੰਗੀ ਪੈ ਗਈ, ਜਦੋਂ ਉਸ ਨਾਲ 1.92 ਕਰੋੜ ਰੁਪਏ ਦੀ ਵੱਡੀ ਸਾਈਬਰ ਠੱਗੀ ਹੋ ਗਈ। ਪੀੜਤ ਸ਼ਲਭ ਪਾਂਡੇ ਲਈ ਦੂਜਾ ਵੱਡਾ ਝਟਕਾ ਇਹ ਸੀ ਕਿ ਜਿਸ ‘ਭਾਵਿਕਾ ਸ਼ੈੱਟੀ’ ਨਾਂਅ ਦੀ ਔਰਤ ਨਾਲ ਉਹ ਗੱਲਾਂ ਕਰ ਰਿਹਾ ਸੀ, ਉਹ ਅਸਲ ਵਿੱਚ ਇੱਕ ਮਰਦ ਨਿਕਲਿਆ। ਪੁਲਸ ਨੇ ਇਸ ਮਾਮਲੇ ਵਿੱਚ ਇਮਰਾਨ ਗਾਜ਼ੀ (34) ਨਾਂਅ ਦੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ, ਇਹ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਮੁਲਜ਼ਮ ਨੇ ਵਟਸਐਪ ਰਾਹੀਂ ਪੀੜਤ ਨਾਲ ਦੋਸਤੀ ਕੀਤੀ ਅਤੇ ਹੌਲੀ-ਹੌਲੀ ਉਸ ਨੂੰ ਭਰੋਸੇ ਵਿੱਚ ਲੈ ਕੇ ਫਰਜ਼ੀ ਸਕੀਮਾਂ ਵਿੱਚ ਪੈਸੇ ਨਿਵੇਸ਼ ਕਰਨ ਲਈ ਰਾਜ਼ੀ ਕਰ ਲਿਆ। ਮੋਟੇ ਮੁਨਾਫੇ ਦਾ ਲਾਲਚ ਦੇ ਕੇ, ਪੀੜਤ ਕੋਲੋਂ ਵੱਖ-ਵੱਖ ਬੈਂਕ ਖਾਤਿਆਂ ਵਿੱਚ ਕੁੱਲ 1.92 ਕਰੋੜ ਰੁਪਏ ਟਰਾਂਸਫਰ ਕਰਵਾ ਲਏ ਗਏ। ਜਦੋਂ ਪੀੜਤ ਨੂੰ ਠੱਗੀ ਦਾ ਅਹਿਸਾਸ ਹੋਇਆ ਤਾਂ ਉਸ ਨੇ ਸਾਈਬਰ ਕ੍ਰਾਈਮ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ। ਜਾਂਚ ਦੌਰਾਨ ਪਤਾ ਲੱਗਾ ਕਿ ਇਮਰਾਨ ਗਾਜ਼ੀ ਨੇ ਆਪਣੇ ਸਾਥੀ ਸ਼ਹਿਜ਼ਾਦ ਨਾਲ ਮਿਲ ਕੇ ਫਰਜ਼ੀ ਆਧਾਰ ਕਾਰਡ ਅਤੇ ਪੈਨ ਕਾਰਡ ਬਣਾਏ ਹੋਏ ਸਨ। ਇਨ੍ਹਾਂ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਉਸ ਨੇ ਕਈ ਬੈਂਕ ਖਾਤੇ ਖੋਲ੍ਹੇ, ਤਾਂ ਜੋ ਠੱਗੀ ਦੇ ਪੈਸੇ ਪ੍ਰਾਪਤ ਕੀਤੇ ਜਾ ਸਕਣ। ਪੁਲਸ ਅਨੁਸਾਰ, ਇਕੱਲੇ ਗਾਜ਼ੀ ਦੇ ਖਾਤਿਆਂ ਰਾਹੀਂ ਹੀ 54 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ ਅਤੇ ਇੱਕ ਮਹੀਨੇ ਦੇ ਅੰਦਰ ਉਸ ਦੇ ਖਾਤਿਆਂ ਵਿੱਚ 1.52 ਕਰੋੜ ਰੁਪਏ ਦੀ ਹੇਰਾਫੇਰੀ ਦੇਖੀ ਗਈ। ਪੁਲਸ ਨੇ ਮੁਲਜ਼ਮ ਕੋਲੋਂ ਜਾਅਲੀ ਸ਼ਨਾਖਤੀ ਕਾਰਡ ਬਰਾਮਦ ਕਰ ਲਏ ਹਨ ਅਤੇ ਹੁਣ ਇਸ ਗ੍ਰੋਹ ਦੇ ਹੋਰ ਮੈਂਬਰਾਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਅਣਜਾਣ ਲੋਕਾਂ ਨਾਲ ਦੋਸਤੀ ਅਤੇ ਨਿਵੇਸ਼ ਦੇ ਲਾਲਚ ਤੋਂ ਬਚਣ ਦੀ ਚੇਤਾਵਨੀ ਦਿੰਦੀ ਹੈ।




