ਸ੍ਰੀ ਮੁਕਤਸਰ ਸਾਹਿਬ (ਸ਼ਮਿੰਦਰਪਾਲ/ਪੂਜਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਘੀ ਕਾਨਫਰੰਸ ਵਿੱਚ ਕਿਹਾ ਕਿ ਜੇ 2027 ‘ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪਹਿਲੇ 10 ਦਿਨਾਂ ‘ਚ ਉਨ੍ਹਾਂ ਕਿਸਾਨਾਂ ਨੂੰ ਨਵੇਂ ਟਿਊਬਵੈੱਲ ਕੁਨੈਕਸ਼ਨ ਦਿੱਤੇ ਜਾਣਗੇ, ਜਿਨ੍ਹਾਂ ਕੋਲ ਨਹੀਂ ਹਨ। ਟੇਲਾਂ ਤੱਕ ਪਾਣੀ ਪਹੁੰਚਾਉਣ ਲਈ ਪਾਈਪ ਸਿਸਟਮ ਸ਼ੁਰੂ ਕਰਾਂਗੇ। ਰਾਜਸਥਾਨ ਫੀਡਰ ਨਹਿਰ ਨੂੰ ਬੰਦ ਕਰਕੇ ਪਾਣੀ ਪੰਜਾਬ ‘ਚ ਲੈ ਕੇ ਆਵਾਂਗੇ।
ਉਨ੍ਹਾ ਕਿਹਾ ਕਿ ਪਹਿਲੇ ਸਾਲ ਦੇ ਅੰਦਰ ਸਰਹੱਦ ਨੇੜੇ ਦੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣਗੀਆਂ ਅਤੇ ਇੱਕ ਸਾਲ ਦੇ ਅੰਦਰ ਸਾਰੀਆਂ ਜ਼ਮੀਨਾਂ ਦੇ ਇੰਤਕਾਲ ਮੁਫਤ ਕੀਤੇ ਜਾਣਗੇ। ਪਿੰਡਾਂ ‘ਚ ਕਈਆਂ ਕੋਲ ਜ਼ਮੀਨ ਨਹੀਂ, ਜਿਸ ਕੋਲ ਲਾਲ ਡੋਰੇ ਦੀ ਜ਼ਮੀਨ ਹੈ, ਉਸ ਦੇ ਨਾਂਅ ਕੀਤੀ ਜਾਵੇਗੀ। ਉਨ੍ਹਾ ਕਿਹਾ ਕਿ ਅਬੋਹਰ ‘ਚ ਸੇਮ ਆ ਜਾਂਦੀ ਹੈ, ਜੇ ਬਚਣਾ ਹੈ ਤਾਂ ਅਕਾਲੀ ਦਲ ਦੀ ਲੋੜ ਹੈ, ਕਿਉਂਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਦੇ ਸੇਮ ਨਹੀਂ ਆਈ। ਉਨ੍ਹਾ ਇਹ ਵੀ ਕਿਹਾ ਕਿ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਟਰੈਕਟਰ ਦਾ ਟੈਕਸ ਮੁਆਫ ਕੀਤਾ ਜਾਵੇਗਾ, ਉਸੇ ਤਰ੍ਹਾਂ ਮੋਟਰਸਾਈਕਲਾਂ ‘ਤੇ ਕੋਈ ਟੈਕਸ ਨਹੀਂ ਲਗੇਗਾ। ਉਨ੍ਹਾ ਕਿਹਾ ਕਿ ਪੰਜਾਬ ‘ਚ ਇੱਕ ਵੀ ਗੈਂਗਸਟਰ ਨਹੀਂ ਰਹੇਗਾ। ਜਿਹੜਾ ਗੈਂਗਸਟਰ ਧਮਕੀ ਦੇਵੇਗਾ, ਉਸ ਦੀ ਜ਼ਮੀਨ-ਜਾਇਦਾਦ ਸਰਕਾਰ ਜ਼ਬਤ ਕਰੇਗੀ। ਨਸ਼ੇ ਵੇਚਣ ਵਾਲਿਆਂ ਦੀ ਜਾਇਦਾਦ ਵੀ ਸਰਕਾਰ ਜ਼ਬਤ ਕਰੇਗੀ। ਕਾਨੂੰਨ ‘ਚ ਸੋਧ ਕਰਾਂਗੇ ਤਾਂ ਜੋ ਨਸ਼ਾ ਤਸਕਰ ਦੀ 5 ਸਾਲ ਤੱਕ ਜ਼ਮਾਨਤ ਨਾ ਹੋ ਸਕੇ। ਸੂਬੇ ਦੇ ਨੌਜਵਾਨਾਂ ਨੂੰ ਨੌਕਰੀਆਂ ‘ਚ ਪਹਿਲ ਦਿੱਤੀ ਜਾਵੇਗੀ ਅਤੇ ਪੰਜਾਬ ਤੋਂ ਬਾਹਰਲੇ ਨੂੰ ਨੌਕਰੀ ਨਹੀਂ ਦਿੱਤੀ ਜਾਵੇਗੀ। ਸਰਕਾਰ ਆਉਣ ‘ਤੇ ਹਰ ਜ਼ਿਲ੍ਹੇ ‘ਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਅਤੇ 50 ਫੀਸਦੀ ਸੀਟਾਂ ਸਰਕਾਰ ਆਪਣੇ ਕੋਲ ਰੱਖੇਗੀ, ਤਾਂ ਜੋ ਗਰੀਬ ਬੱਚਿਆਂ ਨੂੰ ਮੁਫਤ ਪੜ੍ਹਾਇਆ ਜਾਵੇ। ਪੰਜਾਬ ‘ਚ 50 ਹਜ਼ਾਰ ਬੱਚਿਆਂ ਦੀ ਸਮਰੱਥਾ ਵਾਲੀ ਸਕਿੱਲ ਯੂਨੀਵਰਸਿਟੀ ਬਣਾਈ ਜਾਵੇਗੀ। ਵੱਡੀਆਂ ਕੰਪਨੀਆਂ ਨੂੰ ਸਿਖਲਾਈ ਲਈ ਡਿਪਾਰਟਮੈਂਟ ਦਿੱਤੇ ਜਾਣਗੇ, ਤਾਂ ਜੋ ਬੱਚੇ ਬਾਹਰ ਜਾਣ ਦੀ ਬਜਾਏ ਇਥੇ ਹੀ ਰਹਿ ਕੇ ਕੰਮ ਕਰ ਸਕਣ। 10 ਲੱਖ ਲੋਨ ਲਈ ਕੋਈ ਵਿਆਜ ਨਹੀਂ ਹੋਵੇਗਾ, 3 ਸਾਲ ਤੱਕ ਕੋਈ ਪੈਸਾ ਨਹੀਂ ਮੋੜਨਾ ਪਏਗਾ ਤੇ 7 ਸਾਲਾਂ ਤੱਕ ਦੇਣੇ ਹੋਣਗੇ। ਕਿਸੇ ਵੀ ਗਰੀਬ ਦੀ ਪੈਸੇ ਕਰਕੇ ਪੜ੍ਹਾਈ ਨਹੀਂ ਰੁਕੇਗੀ।




