ਆਸਾਮ ਦਾ ਚੋਣ ਮਾਹੌਲ

0
1

‘ਵੋਟ ਵਾਈਬ’ ਦੇ ਤਾਜ਼ਾ ਸਰਵੇ ਦੀ ਮੰਨੀਏ ਤਾਂ ਆਸਾਮ ਅਸੈਂਬਲੀ ਚੋਣਾਂ ਵਿੱਚ ਹੁਕਮਰਾਨ ਭਾਜਪਾ ਨੂੰ ਸਰਕਾਰ ਬਚਾਉਣ ਵਿੱਚ ਕਾਫੀ ਮੁਸ਼ਕਲ ਹੋਣ ਵਾਲੀ ਹੈ। ਹਾਲਾਂਕਿ ਸਰਵੇ ਨੇ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ ਮਾਮੂਲੀ ਬੜ੍ਹਤ ਦਿਖਾਈ ਹੈ, ਪਰ ਕੁਝ ਮੁੱਦੇ ਉਸ ਲਈ ਸਿਰਦਰਦ ਬਣਨ ਵਾਲੇ ਹਨ। ਸਰਵੇ ਮੁਤਾਬਕ ਐੱਨ ਡੀ ਏ ਦਾ ਵੋਟ ਸ਼ੇਅਰ 33.4 ਫੀਸਦੀ ਤੇ ਇੰਡੀਆ ਗੱਠਜੋੜ ਦਾ 30.9 ਫੀਸਦੀ ਰਹਿਣ ਦੀ ਸੰਭਾਵਨਾ ਹੈ। ਸਿਰਫ ਢਾਈ ਫੀਸਦੀ ਦਾ ਫਰਕ ਦਿਸ ਰਿਹਾ ਹੈ। ਮਤਲਬ, ਮੁਕਾਬਲਾ ਫਸਵਾਂ ਹੋਣ ਵਾਲਾ ਹੈ, ਪਰ ਇਸ ਵਿੱਚ ਅਜੇ ਇੱਕ ਵੱਡੀ ਮਰੋੜੀ ਹੈ। ਲੱਗਭੱਗ 20 ਫੀਸਦੀ ਵੋਟਰਾਂ ਨੇ ਅਜੇ ਪੱਕਾ ਮਨ ਨਹੀਂ ਬਣਾਇਆ ਤੇ ਇਹੀ ਫੈਸਲਾਕੁੰਨ ਹੋ ਸਕਦੇ ਹਨ। ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਵੀ ਹੈ। ਬੇਰੁਜ਼ਗਾਰੀ ਤੇ ਹੜ੍ਹਾਂ ਵਰਗੇ ਰਵਾਇਤੀ ਮੁੱਦਿਆਂ ਦੇ ਨਾਲ-ਨਾਲ ਗਾਇਕ ਜ਼ੁਬੀਨ ਗਰਗ ਦੀ ਮੌਤ ਦਾ ਜਜ਼ਬਾਤੀ ਮੁੱਦਾ ਚੋਣਾਂ ਨੂੰ ਦਿਲਚਸਪ ਬਣਾ ਰਿਹਾ ਹੈ।
ਸਰਵੇ ਵਿੱਚ ਵੱਖ-ਵੱਖ ਉਮਰ ਵਰਗ ਦੇ ਵੋਟਰਾਂ ਦੀ ਰਾਇ ਜਾਣੀ ਗਈ ਹੈ। 18-24 ਸਾਲ ਦੇ ਨੌਜਵਾਨਾਂ ਵਿੱਚੋਂ 28 ਫੀਸਦੀ ਨੇ ਇੰਡੀਆ ਗੱਠਜੋੜ ਨੂੰ ਤੇ 22 ਫੀਸਦੀ ਨੇ ਐੱਨ ਡੀ ਏ ਨੂੰ ਆਪਣੀ ਪਸੰਦ ਦੱਸਿਆ ਹੈ। 55 ਸਾਲ ਤੋਂ ਵੱਧ ਦੇ ਵੋਟਰਾਂ ਵਿੱਚੋਂ 54 ਫੀਸਦੀ ਨੇ ਐੱਨ ਡੀ ਏ ਤੇ 32 ਫੀਸਦੀ ਨੇ ਇੰਡੀਆ ਗੱਠਜੋੜ ਨੂੰ ਪਸੰਦ ਕੀਤਾ ਹੈ। ਮੁੱਦਿਆਂ ਦੇ ਮਾਮਲੇ ਵਿੱਚ ਬੇਰੁਜ਼ਗਾਰੀ ਸਭ ਤੋਂ ਵੱਡਾ ਮੁੱਦਾ ਸਾਹਮਣੇ ਆਇਆ ਹੈ। ਸਭ ਤੋਂ ਵੱਧ 24.7 ਫੀਸਦੀ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਹੈ। ਉਸ ਤੋਂ ਬਾਅਦ 12.8 ਫੀਸਦੀ ਨੇ ਹੜ੍ਹ ਤੇ ਮੁੜਵਸੇਬਾ, 11.7 ਫੀਸਦੀ ਨੇ ਭ੍ਰਿਸ਼ਟਾਚਾਰ, 11.2 ਫੀਸਦੀ ਨੇ ਜ਼ੁਬੀਨ ਦੀ ਮੌਤ ਦੀ ਨਿਰਪੱਖ ਜਾਂਚ, 9.7 ਫੀਸਦੀ ਨੇ ਗੈਰਕਾਨੂੰਨੀ ਪ੍ਰਵਾਸ ਅਤੇ 9.9 ਫੀਸਦੀ ਨੇ ਹੋਰ ਮੁੱਦੇ ਦੱਸੇ ਹਨ। ਸੀਨੀਅਰ ਨਾਗਰਿਕ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮੁੱਦਾ ਮੰਨਦੇ ਹਨ, ਜਦਕਿ ਨੌਜਵਾਨ ਭ੍ਰਿਸ਼ਟਾਚਾਰ ਤੇ ਜ਼ੁਬੀਨ ਮੁੱਦੇ ‘ਤੇ ਵਧੇਰੇ ਜ਼ੋਰ ਦੇ ਰਹੇ ਹਨ। ਮੁਸਲਮਾਨਾਂ ਵਿੱਚ ਫਿਰਕੂ ਖਿਚਾਅ ਵੀ ਵੱਡਾ ਮੁੱਦਾ ਹੈ। 48 ਫੀਸਦੀ ਮਰਦ ਕਾਂਗਰਸ ਆਗੂ ਗੌਰਵ ਗੋਗੋਈ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ, ਜਦਕਿ 42 ਫੀਸਦੀ ਵਰਤਮਾਨ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੂੰ ਹੀ ਜਾਰੀ ਰੱਖਣਾ ਚਾਹੁੰਦੇ ਹਨ। ਹਿਮੰਤਾ ਨੂੰ 55 ਫੀਸਦੀ ਤੇ ਗੋਗੋਈ ਨੂੰ 35 ਫੀਸਦੀ ਮਹਿਲਾਵਾਂ ਮੁੱਖ ਮੰਤਰੀ ਦੇਖਣਾ ਚਾਹੁੰਦੀਆਂ ਹਨ। ਉਮਰ ਦੇ ਹਿਸਾਬ ਨਾਲ 18-24 ਸਾਲ ਦੇ 55 ਫੀਸਦੀ ਗੋਗੋਈ ਤੇ 35 ਫੀਸਦੀ ਸਰਮਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। 55 ਸਾਲ ਤੋਂ ਉੱਪਰਲੇ 62 ਫੀਸਦੀ ਸਰਮਾ ਤੇ 23 ਫੀਸਦੀ ਗੋਗੋਈ ਦੇ ਹੱਕ ਵਿੱਚ ਹਨ। ਜਨਰਲ ਤੇ ਓ ਬੀ ਸੀ ਭਾਈਚਾਰੇ ਦੇ 71-74 ਫੀਸਦੀ ਸਰਮਾ ਤੇ 79 ਫੀਸਦੀ ਮੁਸਲਮਾਨ ਗੋਗੋਈ ਨੂੰ ਪਸੰਦ ਕਰਦੇ ਹਨ।
ਨੌਜਵਾਨਾਂ ਵਿਚਲੀ ਬੇਚੈਨੀ, 20 ਫੀਸਦੀ ਵੋਟਰਾਂ ਦਾ ਅਜੇ ਫੈਸਲਾ ਨਾ ਕਰਨਾ ਅਤੇ ਸਰਕਾਰ-ਵਿਰੋਧੀ ਗੁੱਸਾ ਮੁਕਾਬਲਾ ਸਖਤ ਦਿਖਾ ਰਿਹਾ ਹੈ। ਮੁਸਲਮ ਵੋਟਰ ‘ਇੰਡੀਆ’ ਵੱਲ ਵਧੇਰੇ ਝੁਕੇ ਨਜ਼ਰ ਆ ਰਹੇ ਹਨ, ਜਦਕਿ ਹੋਰਨਾਂ ਵਿੱਚੋਂ ਬਹੁਤੇ ਐੱਨ ਡੀ ਏ ਵੱਲ ਹਨ। ਹਿਮੰਤਾ ਸਰਕਾਰ ਵਿਕਾਸ ਤੇ ਪਛਾਣ ‘ਤੇ ਫੋਕਸ ਕਰ ਰਹੀ ਹੈ, ਜਦਕਿ ਕਾਂਗਰਸ ਤੇ ਦੂਜੀਆਂ ਆਪੋਜ਼ੀਸ਼ਨ ਪਾਰਟੀਆਂ ਹੜ੍ਹ ਪ੍ਰਬੰਧਨ, ਭ੍ਰਿਸ਼ਟਾਚਾਰ ਤੇ ਜ਼ੁਬੀਨ ਮੁੱਦੇ ਨੂੰ ਚੁੱਕ ਰਹੀਆਂ ਹਨ। ਸਰਵੇ ਦੱਸਦਾ ਹੈ ਕਿ ਇਹ ਮੁੱਦੇ ਲੋਕਾਂ ਦੇ ਮਨਾਂ ਵਿੱਚ ਡੂੰਘੇ ਬੈਠੇ ਹੋਏ ਹਨ ਤੇ ਫੈਸਲਾਕੁੰਨ ਭੂਮਿਕਾ ਨਿਭਾਅ ਸਕਦੇ ਹਨ। ਦੇਖਣਾ ਹੋਵੇਗਾ ਕਿ ਇਹ ਮੁੱਦੇ ਭਾਜਪਾ ਦੀ ਹੈਟਟ੍ਰਿਕ ਨੂੰ ਰੋਕਣਗੇ ਜਾਂ ਹਿਮੰਤਾ ਸਰਕਾਰ ਮੁੜ ਸੱਤਾ ਵਿੱਚ ਪਰਤੇਗੀ?