ਬਠਿੰਡਾ (ਪਰਵਿੰਦਰ ਜੀਤ ਸਿੰਘ)
ਭਾਜਪਾ ਸਾਂਸਦ ਤੇ ਅਦਾਕਾਰਾ ਕੰਗਣਾ ਰਣੌਤ ਵੀਰਵਾਰ ਜਾਨ ਨੂੰ ਖਤਰਾ ਦੱਸਦਿਆਂ ਸਥਾਨਕ ਅਦਾਲਤ ਵਿੱਚ ਜਿਸਮਾਨੀ ਤੌਰ ‘ਤੇ ਪੇਸ਼ ਹੋਣ ਦੀ ਥਾਂ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਈ। ਕਿਸਾਨ ਅੰਦੋਲਨ ਦੌਰਾਨ ਬੇਬੇ ਮਹਿੰਦਰ ਕੌਰ ਬਾਰੇ ਉਸ ਵੱਲੋਂ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਦੋਵਾਂ ਪੱਖਾਂ ਦੇ ਵਕੀਲਾਂ ਵਿਚਕਾਰ ਜ਼ੋਰਦਾਰ ਬਹਿਸ ਹੋਈ।ਕੰਗਣਾ ਦੇ ਵਕੀਲ ਨੇ ਉਸ ਨੂੰ ਖਤਰੇ ਬਾਰੇ ਬੇਬੇ ਮਹਿੰਦਰ ਕੌਰ ਦੇ ਉਸ ਪੁਰਾਣੇ ਬਿਆਨ ਨੂੰ ਅਧਾਰ ਬਣਾਇਆ, ਜਿਸ ਵਿੱਚ ਬੇਬੇ ਨੇ ਗੁੱਸੇ ਵਿੱਚ ਕਿਹਾ ਸੀ, ‘ਕੰਗਣਾ ਨੂੰ ਜੁੰਡਿਆਂ ਤੋਂ ਫੜ ਕੇ ਲਿਆਵਾਂਗੇ।’ ਕੰਗਣਾ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਉਸ ਦੀ ਸੁਰੱਖਿਆ ਨੂੰ ਲੈ ਕੇ ਸਥਿਤੀ ਨਾਜ਼ੁਕ ਹੈ, ਇਸ ਲਈ ਉਹ ਨਿੱਜੀ ਤੌਰ ‘ਤੇ ਪੇਸ਼ ਹੋਣ ਤੋਂ ਕਤਰਾ ਰਹੀ ਹੈ।
ਬੇਬੇ ਮਹਿੰਦਰ ਕੌਰ ਦੇ ਵਕੀਲ ਰਘਵੀਰ ਸਿੰਘ ਬਹਿਣੀਵਾਲ ਨੇ ਅਦਾਲਤ ਵਿੱਚ ਨਵੀਂ ਅਰਜ਼ੀ ਦਾਇਰ ਕਰਕੇ ਮੰਗ ਕੀਤੀ ਕਿ ਕੰਗਣਾ ਰਣੌਤ ਅਕਸਰ ਫਿਲਮਾਂ ਦੀ ਸ਼ੂਟਿੰਗ ਦੇ ਬਹਾਨੇ ਵਿਦੇਸ਼ ਜਾਂਦੀ ਰਹਿੰਦੀ ਹੈ, ਇਸ ਲਈ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਦਾ ਪਾਸਪੋਰਟ ਜ਼ਬਤ ਕੀਤਾ ਜਾਵੇ, ਤਾਂ ਜੋ ਉਹ ਕਾਨੂੰਨੀ ਕਾਰਵਾਈ ਤੋਂ ਬਚ ਕੇ ਵਿਦੇਸ਼ ਨਾ ਜਾ ਸਕੇ। ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਅਗਲੀ ਤਰੀਕ 27 ਜਨਵਰੀ ਪਾ ਦਿੱਤੀ ਤੇ ਉਸ ਦਿਨ ਵੀ ਕੰਗਣਾ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ ਹੋਵੇਗੀ। ਪਾਸਪੋਰਟ ਜ਼ਬਤੀ ਬਾਰੇ ਵੀ ਉਸੇ ਦਿਨ ਫੈਸਲਾ ਹੋਵੇਗਾ।
ਕਿਸਾਨ ਅੰਦੋਲਨ ਦੌਰਾਨ ਕੰਗਣਾ ਰਣੌਤ ਨੇ ਇੱਕ ਟਵੀਟ ਰਾਹੀਂ ਅੰਦੋਲਨ ਵਿੱਚ ਸ਼ਾਮਲ ਬੇਬੇ ਮਹਿੰਦਰ ਕੌਰ ਦਾ ਮਜ਼ਾਕ ਉਡਾਇਆ ਸੀ। ਕੰਗਣਾ ਨੇ ਇੱਕ ਪੋਸਟ ‘ਤੇ ਟਿੱਪਣੀ ਕਰਦਿਆਂ ਲਿਖਿਆ ਸੀ ਕਿ“ਇਹ ਉਹੀ ਦਾਦੀ ਹੈ, ਜਿਸ ਨੂੰ ‘ਟਾਈਮ’ ਮੈਗਜ਼ੀਨ ਵਿੱਚ ਭਾਰਤ ਦੀ ਸ਼ਕਤੀਸ਼ਾਲੀ ਮਹਿਲਾ ਵਜੋਂ ਦਿਖਾਇਆ ਗਿਆ ਸੀ। ਇਹ 100-100 ਰੁਪਏ ਵਿੱਚ ਉਪਲੱਬਧ ਹਨ।ਇਸ ਟਿੱਪਣੀ ਤੋਂ ਬਾਅਦ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਦੀ 81 ਸਾਲਾ ਮਹਿੰਦਰ ਕੌਰ ਨੇ 4 ਜਨਵਰੀ 2021 ਨੂੰ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਸੀ। ਬੇਬੇ ਮਹਿੰਦਰ ਕੌਰ ਨੇ ਉਸ ਸਮੇਂ ਸਖਤ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਕਿਹਾ ਸੀ, ‘ਕੰਗਣਾ ਨੂੰ ਕੀ ਪਤਾ ਕਿ ਖੇਤੀ ਕੀ ਹੁੰਦੀ ਹੈ? ਉਹ ਤਾਂ ਕਮਲੀ (ਪਾਗਲ) ਹੈ। ਉਸ ਨੂੰ ਨਹੀਂ ਪਤਾ ਕਿ ਕਿਸਾਨੀ ਵਿੱਚ ਪਸੀਨਾ ਵਹਾ ਕੇ ਅਤੇ ਖੂਨ ਗਰਮ ਕਰਕੇ ਪੈਸਾ ਕਮਾਇਆ ਜਾਂਦਾ ਹੈ। ਉਸ ਨੇ ਮੇਰੇ ‘ਤੇ ਬਹੁਤ ਗਲਤ ਤੋਹਮਤ ਲਾਈ ਹੈ। ਮੈਂ 100 ਰੁਪਏ ਲਈ ਅੰਦੋਲਨ ਵਿੱਚ ਨਹੀਂ ਗਈ ਸੀ, ਸਾਡੇ ਕੋਲ ਤਾਂ ਖੇਤਾਂ ਵਿੱਚ ਕੰਮ ਹੀ ਨਹੀਂ ਮੁੱਕਦੇ।’ ਇਸ ਮਾਮਲੇ ਵਿੱਚ ਬਠਿੰਡਾ ਅਦਾਲਤ ਨੇ ਕਰੀਬ 13 ਮਹੀਨੇ ਦੀ ਸੁਣਵਾਈ ਤੋਂ ਬਾਅਦ ਕੰਗਣਾ ਨੂੰ ਸੰਮਨ ਜਾਰੀ ਕੀਤੇ ਸਨ।ਕੰਗਣਾ ਨੇ ਇਸ ਵਿਰੁੱਧ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ, ਪਰ ਦੋਵਾਂ ਉੱਚ ਅਦਾਲਤਾਂ ਨੇ ਉਸ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ।





