ਅੰਮ੍ਰਿਤਸਰ (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦੇ ਸਨਮੁੱਖ ਪੇਸ਼ ਹੋ ਕੇ ਆਪਣਾ ਹਜ਼ਾਰਾਂ ਸਫਿਆਂ ਦਾ ਸਪੱਸ਼ਟੀਕਰਨ ਪੇਸ਼ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣੀ ਗਲਤੀ ਦੀ ਮੁਆਫੀ ਮੰਗ ਲਈ ਹੈ। ਮਾਨ ਵੱਲੋਂ ਦਿੱਤੇ ਗਏ ਸਪੱਸ਼ਟੀਕਰਨ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾ ਕਿਹਾ ਕਿ ਮੁੱਖ ਮੰਤਰੀ ਨਾਲ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਹੋਈ। ਉਹਨਾ ਕਿਹਾ ਕਿ ਮੁੱਖ ਮੰਤਰੀ ਖਿਲ਼ਾਫ ਉਹ ਮਰਿਆਦਾ ਅਨੁਸਾਰ ਤਾਂ ਕੋਈ ਕਾਰਵਾਈ ਨਹੀ ਕਰ ਸਕਦੇ, ਪਰ ਦੋਸ਼ੀ ਪਾਏ ਜਾਣ ‘ਤੇ ਸੰਗਤਾਂ ਦੇ ਨਾਂਅ ਸੰਦੇਸ਼ ਜਾਰੀ ਜ਼ਰੂਰ ਕੀਤਾ ਜਾ ਸਕਦਾ ਹੈ, ਜਿਸ ਵਿੱਚ ਆਮ ਆਦਮੀ ਪਾਰਟੀ ਦਾ ਬਾਈਕਾਟ ਵੀ ਹੋ ਸਕਦਾ ਹੈ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਨਾਲ ਸਿੱਖ ਰਹਿਤ ਮਰਿਆਦਾ ਅਤੇ ਗੁਰੂ ਕੀ ਗੋਲਕ ਬਾਰੇ ਵੀ ਗੱਲਬਾਤ ਹੋਈ ਹੈ, ਜਿਸ ਦੌਰਾਨ ਉਨ੍ਹਾ ਮੰਨਿਆ ਹੈ ਕਿ ਉਨ੍ਹਾ ਨੂੰ ਸਿੱਖ ਰਹਿਤ ਮਰਿਆਦਾ ਬਾਰੇ ਬਹੁਤੀ ਜਾਣਕਾਰੀ ਨਹੀਂ। ਜਥੇਦਾਰ ਨੇ ਕਿਹਾ ਕਿ ਮੁੱਖ ਮੰਤਰੀ ਦੀ ਵਾਇਰਲ ਵੀਡੀਓ ਬਾਰੇ ਉਨ੍ਹਾ ਵੱਲੋਂ ਮੁੱਖ ਮੰਤਰੀ ਨੂੰ ਕਿਹਾ ਗਿਆ ਹੈ ਕਿ ਉਹ ਉਨ੍ਹਾ ਨੂੰ ਦੋ ਲੈਬਾਂ ਦੱਸਣ, ਤਾਂ ਜੋ ਇਸ ਦੀ ਜਾਂਚ ਕਰਵਾਈ ਜਾ ਸਕੇ ਤੇ ਸੱਚਾਈ ਸਾਹਮਣੇ ਆ ਸਕੇ। ਉਨ੍ਹਾ ਕਿਹਾ ਕਿ ਅਕਾਲ ਤਖ਼ਤ ਨੂੰ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣਾ ਸਪੱਸ਼ਟੀਕਰਨ ਦੇਣ ਉਪਰੰਤ ਕਿਹਾ ਕਿ ਜਥੇਦਾਰ ਸਾਹਿਬ ਨਾਲ ਉਨ੍ਹਾ ਦੀ ਗੱਲਬਾਤ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਉਹਨਾ ਕਿਹਾ ਕਿ ਉਹਨਾ ਜਥੇਦਾਰ ਨੂੰ 25-30 ਹਜ਼ਾਰ ਪੰਨਿਆਂ ਦਾ ਇੱਕ ਪੁਲੰਦਾ ਸੌਂਪਿਆ ਹੈ, ਜਿਸ ਵਿੱਚ ਲੋਕਾਂ ਦੀਆਂ ਸ਼ਿਕਾਇਤਾਂ ਤੇ ਗਿਲੇ-ਸ਼ਿਕਵੇ ਸ਼੍ਰੋਮਣੀ ਕਮੇਟੀ ਪ੍ਰਤੀ ਪ੍ਰਗਟ ਕੀਤੇ ਗਏ ਹਨ। ਉਹਨਾ ਕਿਹਾ ਕਿ ਉਹਨਾ ਨੂੰ ਗੁਰਸਿੱਖ ਨਹੀ ਦੱਸਿਆ ਜਾ ਰਿਹਾ, ਪਰ ਉਹ ਸਿੱਖ ਪਰਵਾਰ ਵਿੱਚ ਪੈਦਾ ਹੋਏ ਹਨ ਤੇ ਅਕਾਲ ਤਖਤ ਤੇ ਸਿੱਖ ਗੁਰੂ ਸਾਹਿਬਾਨ ਨੂੰ ਨਤਮਸਤਕ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹਰੇਕ ਫੈਸਲੇ ਪ੍ਰਤੀ ਪੂਰਨ ਸਤਿਕਾਰ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “’ਮੈਂ ਜਥੇਦਾਰ ਸਾਹਿਬ ਦੇ ਹਰੇਕ ਫੈਸਲੇ ਦੀ ਪਾਲਣਾ ਕਰਾਂਗਾ। ਅੱਜ ਇੱਥੇ ਪੇਸ਼ ਹੋਣ ਨਾਲ ਮੇਰੇ ਮਨ ਨੂੰ ਬਹੁਤ ਸਕੂਨ, ਅੰਦਰੂਨੀ ਸ਼ਾਂਤੀ ਅਤੇ ਸੰਤੁਸ਼ਟੀ ਮਿਲੀ ਹੈ।’”ਉਨ੍ਹਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪੰਜਾਬ ਸਰਕਾਰ ਦਰਮਿਆਨ ਕਿਸੇ ਵੀ ਕਥਿਤ ਟਕਰਾਅ ਬਾਰੇ ਵਿਰੋਧੀ ਤਾਕਤਾਂ ਵੱਲੋਂ ਘੜੇ ਜਾ ਰਹੇ ਬਿਰਤਾਂਤ ਨੂੰ ਮੁੱਢੋਂ ਨਕਾਰਦਿਆਂ ਇਨ੍ਹਾਂ ਨੂੰ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ। ਉਨ੍ਹਾ ਕਿਹਾ, ‘ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਥਾਰਟੀ ਨੂੰ ਚੁਣੌਤੀ ਦੇਣ ਜਾਂ ਕਮਜ਼ੋਰ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਜੋ ਕਿ ਸਮੁੱਚੇ ਸਿੱਖ ਭਾਈਚਾਰੇ ਲਈ ਸਰਵਉੱਚ ਹੈ। ਮੇਰੀ ਸਰਕਾਰ ਸਿਰਫ ਪੰਜਾਬ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਭਲਾਈ ‘ਤੇ ਕੇਂਦਰਤ ਹੈ।’
ਮੁੱਖ ਮੰਤਰੀ ਨੇ ਕਿਹਾ ਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਦੇ ਨੁਮਾਇੰਦੇ ਦੇ ਤੌਰ ‘ਤੇ ਉਨ੍ਹਾ ਜਥੇਦਾਰ ਸਾਹਿਬ ਨੂੰ 25,000 ਤੋਂ 30,000 ਪੰਨਿਆਂ ਦੀਆਂ ਸ਼ਿਕਾਇਤਾਂ ਸੌਂਪੀਆਂ ਹਨ। ਉਨ੍ਹਾ ਕਿਹਾ, ‘ਇਹ ਸ਼ਿਕਾਇਤਾਂ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਦਰਸਾਉਂਦੀਆਂ ਹਨ, ਜਿਨ੍ਹਾਂ ਸ਼੍ਰੋਮਣੀ ਕਮੇਟੀ ਦੇ ਕੰਮਕਾਜ ਵਿੱਚ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਨੂੰ ਉਜਾਗਰ ਕੀਤਾ ਹੈ। ਮੈਂ ਜਥੇਦਾਰ ਸਾਹਿਬ ਨੂੰ ਨਿਮਰਤਾ ਨਾਲ ਬੇਨਤੀ ਕੀਤੀ ਹੈ ਕਿ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਵਾਈ ਜਾਵੇ, ਕਿਉਂਕਿ ਲੱਖਾਂ ਲੋਕਾਂ ਦੀਆਂ ਭਾਵਨਾਵਾਂ ਇਨ੍ਹਾਂ ਨਾਲ ਜੁੜੀਆਂ ਹੋਈਆਂ ਹਨ। ਸੰਸਥਾਵਾਂ ਹਮੇਸ਼ਾ ਸਰਵਉੱਚ ਹੁੰਦੀਆਂ ਹਨ, ਪਰ ਉਨ੍ਹਾਂ ਦੇ ਮੁਖੀ ਗਲਤੀ ਕਰ ਸਕਦੇ ਹਨ, ਅਜਿਹੇ ਵਿਅਕਤੀਆਂ ਪ੍ਰਤੀ ਉਨ੍ਹਾਂ ਦੇ ਮਾੜੇ ਕੰਮਾਂ ਲਈ ਕਿਸੇ ਵੀ ਤਰ੍ਹਾਂ ਦੀ ਨਰਮੀ ਨਹੀਂ ਵਰਤਣੀ ਚਾਹੀਦੀ।’
ਉਨ੍ਹਾ ਕਿਹਾ ਕਿ ਉਹ ਜਥੇਦਾਰ ਸਾਹਿਬ ਦੇ ਧੰਨਵਾਦੀ ਹਨ ਕਿ ਉਨ੍ਹਾ ਨੂੰ ਸਿੱਖ ਰਹਿਤ ਮਰਿਆਦਾ ਅਤੇ ਗੁਰਦੁਆਰਾ ਐਕਟ ਨਾਲ ਸੰਬੰਧਤ ਦੋ ਕੀਮਤੀ ਕਿਤਾਬਾਂ ਦਿੱਤੀਆਂ।ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਸਰੂਪਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਬਾਰੇ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਫੈਸਲੇ ਦੇ ਪਿੱਛੇ ਕੋਈ ਸਿਆਸੀ ਮਨਸ਼ਾ ਨਹੀਂ। ਉਨ੍ਹਾ ਕਿਹਾ, ‘ਐੱਸ ਆਈ ਟੀ ਦੀ ਜਾਂਚ ਲਾਪਤਾ ਸਰੂਪਾਂ ਦਾ ਪਤਾ ਲਾਉਣ ਲਈ ਹੈ। ਐੱਸ ਆਈ ਟੀ ਦੀ ਜ਼ਿੰਮੇਵਾਰੀ ਸਿਰਫ ਲਾਪਤਾ ਸਰੂਪਾਂ ਦਾ ਪਤਾ ਲਾਉਣ ਤੱਕ ਸੀਮਿਤ ਕੀਤੀ ਗਈ ਹੈ, ਤਾਂ ਕਿ ਉਨ੍ਹਾਂ ਦੀ ਦੁਰਵਰਤੋਂ ਨਾ ਹੋਵੇ।’” ਮਾਨ ਨੇ ਕਿਹਾ ਕਿ ਉਨ੍ਹਾ ਜਥੇਦਾਰ ਸਾਹਿਬ ਨੂੰ ਦਖ਼ਲ ਦੇਣ ਦੀ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਨੂੰ ਗੁੰਮ ਹੋਏ ਸਰੂਪਾਂ ਦਾ ਪਤਾ ਲਾਉਣ ਲਈ ਉਨ੍ਹਾਂ ਦੁਆਰਾ ਪ੍ਰਕਾਸ਼ਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਰੇਕ ਸਰੂਪ ਨੂੰ ਦਿੱਤਾ ਗਿਆ ਵਿਲੱਖਣ ਕੋਡ (ਯੂਨੀਕ ਕੋਡ) ਪ੍ਰਦਾਨ ਕਰਨ ਲਈ ਆਦੇਸ਼ ਜਾਰੀ ਕਰਨ।ਮੁੱਖ ਮੰਤਰੀ ਨੇ ਕਿਹਾ ਕਿ ਪੁਲਸ ਅਤੇ ਸੂਬਾ ਸਰਕਾਰ ਪਾਵਨ ਸਰੂਪਾਂ ਦਾ ਪਤਾ ਲਾਏਗੀ ਅਤੇ ਇਸ ਦੀਆਂ ਥਾਵਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਕਮੇਟੀ ਨੂੰ ਜਾਣੂੰ ਕਰਵਾਏਗੀ, ਤਾਂ ਕਿ ਰਹਿਤ ਮਰਿਆਦਾ ਅਨੁਸਾਰ ਕਾਰਵਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਪੁਲਸ ਨੂੰ ਪਹਿਲਾਂ ਹੀ ਆਦੇਸ਼ ਦਿੱਤੇ ਜਾ ਚੁੱਕੇ ਹਨ ਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਪਤਾ ਲੱਗਾ ਹੈ, ਉਨ੍ਹਾਂ ਧਾਰਮਕ ਥਾਵਾਂ ਦੀ ਇਮਾਰਤ ਅੰਦਰ ਪ੍ਰਵੇਸ਼ ਨਾ ਕੀਤਾ ਜਾਵੇ।
ਮੁੱਖ ਮੰਤਰੀ 11.40 ਵਜੇ ਸਕੱਤਰੇਤ ਦੇ ਅੰਦਰ ਦਾਖਲ ਹੋਏ ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ 11.50 ਵਜੇ ਆਏ। ਇਸੇ ਮੌਕੇ ਮੁੱਖ ਮੰਤਰੀ ਨਾਲ ਪਾਰਟੀ ਦੇ ਦੋ ਬੁਲਾਰੇ ਬਲਤੇਜ ਪਨੂੰ ਤੇ ਕੁਲਦੀਪ ਸਿੰਘ ਧਾਲੀਵਾਲ ਵੀ ਸਨ, ਜਿਹਨਾਂ ਨੂੰ ਸਕੱਤਰੇਤ ਵਿੱਚ ਨਹੀਂ ਜਾਣ ਦਿੱਤਾ ਗਿਆ। ਵਰਨਣਯੋਗ ਹੈ ਕਿ 1955 ਵਿੱਚ ਇੱਕ ਗੈਰ-ਸਿੱਖ ਤੱਤਕਾਲੀ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਸ ਭੇਜ ਕੇ ਅਵੱਗਿਆ ਕੀਤੀ ਸੀ ਤੇ ਜਦੋਂ ਉਹਨਾ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤਾਂ ਉਹ ਖੁਦ ਹੀ ਅਕਾਲ ਤਖਤ ‘ਤੇ ਮੁਆਫੀ ਮੰਗਣ ਲਈ ਪੇਸ਼ ਹੋ ਗਏ ਸਨ ਤੇ ਮੁਆਫੀ ਮੰਗ ਲਈ ਸੀ। ਭਗਵੰਤ ਸਿੰਘ ਮਾਨ ਦੂਜੇ ਮੁੱਖ ਮੰਤਰੀ ਹਨ, ਜਿਹਨਾ ਨੂੰ ਅਕਾਲ ਤਖਤ ਦੇ ਸਕੱਤਰੇਤ ਵਿਖੇ ਬੁਲਾਇਆ ਗਿਆ ਹੈ ਤੇ ਉਹ ਨਿਮਾਣਾ ਬਣ ਕੇ ਪੇਸ਼ ਹੋਏ ਹਨ। ਇਸ ਦੇ ਇਲਾਵਾ ਦੋ ਸਾਬਕਾ ਮੁੱਖ ਮੰਤਰੀ ਵੀ ਅਕਾਲ ਤਖਤ ‘ਤੇ ਬੁਲਾਏ ਜਾ ਚੁੱਕੇ ਹਨ।





