ਇਤਿਹਾਸ ਨੂੰ ਸਿਆਸੀ ਔਜ਼ਾਰ ਬਣਾਉਣ ਦੀ ਕੋਸ਼ਿਸ਼

0
28

ਰਾਮ ਮੰਦਰ ਅੰਦੋਲਨ ਜਾਂ ਦੂਜੇ ਸ਼ਬਦਾਂ ਵਿੱਚ ਬਾਬਰੀ ਮਸਜਿਦ ਨੂੰ ਢਾਹੁਣ ਨਾਲ ਭਾਜਪਾ ਤੇ ਉਸ ਦੀ ਪਿਤਰ ਸੰਸਥਾ ਆਰ ਐੱਸ ਐੱਸ ਨੂੰ ਚੋਣਾਂ ਵਿੱਚ ਜ਼ਬਰਦਸਤ ਫਾਇਦਾ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦੀ ਕਾਸ਼ੀ ਤੇ ਮਥੁਰਾ ‘ਤੇ ਅੱਖ ਹੈ। ਇਸੇ ਦਰਮਿਆਨ ਪਿਛਲੇ ਦਿਨੀਂ ‘ਸੋਮਨਾਥ ਸਵਾਭੀਮਾਨ ਪਰਵ’ ਦੇ ਰੂਪ ਵਿੱਚ ਇੱਕ ਨਵਾਂ ਮੋਰਚਾ ਵੀ ਖੋਲ੍ਹ ਦਿੱਤਾ ਗਿਆ ਹੈ। ਇਸ ਮੌਕੇ ਧਾਰਮਿਕ ਲਿਬਾਸ ਵਿੱਚ ਸਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋ ਗੱਲਾਂ ਕਹੀਆਂ। ਇੱਕ ਸਾਫ ਸ਼ਬਦਾਂ ਵਿੱਚ ਤੇ ਦੂਜੀ ਘੁਮਾ-ਫਿਰਾ ਕੇ। ਪਹਿਲੀ ਵਿੱਚ ਉਨ੍ਹਾ ਕਿਹਾ ਕਿ ਸੋਮਨਾਥ ਮੰਦਰ ਭਾਰਤ ਦੇ ਗੌਰਵ ਦਾ ਪ੍ਰਤੀਕ ਹੈ। ਮੁਸਲਮ ਰਾਜਿਆਂ ਨੇ ਇਸ ‘ਤੇ ਵਾਰ-ਵਾਰ ਹਮਲੇ ਕੀਤੇ, ਪਰ ਉਹ ਹਰ ਵਾਰ ਤੇ ਵਧੇਰੇ ਸ਼ਾਨ ਨਾਲ ਉੱਠ ਖੜ੍ਹਾ ਹੋਇਆ। ਮਹਿਮੂਦ ਗਜ਼ਨੀ ਨੇ ਇਸ ਨੂੰ 1026 ਈਸਵੀ ਵਿੱਚ ਤਬਾਹ ਕੀਤਾ ਤੇ 17 ਵਾਰ ਲੁੱਟਿਆ। ਦੂਜੀ ਗੱਲ ਵਿੱਚ ਉਨ੍ਹਾ ਕਾਂਗਰਸ ਤੇ ਖਾਸ ਤੌਰ ‘ਤੇ ਜਵਾਹਰ ਲਾਲ ਨਹਿਰੂ ‘ਤੇ ਅਸਿੱਧਾ ਹਮਲਾ ਕੀਤਾ। ਮੋਦੀ ਨੇ ਨਹਿਰੂ, ਜਿਸ ਨੂੰ ਉਹ ਸ਼ਾਇਦ ਸਭ ਤੋਂ ਵੱਧ ਨਫਰਤ ਕਰਦੇ ਹਨ, ਉੱਤੇ ਮੰਦਰ ਦੇ ਪੁਨਰਨਿਰਮਾਣ ਦਾ ਵਿਰੋਧ ਕਰਨ ਦਾ ਦੋਸ਼ ਲਾਇਆ।
ਕੋਈ ਪੂਜਾ ਸਥਾਨ ਕਿਸੇ ਦੇਸ਼ ਜਾਂ ਉਸ ਦੇ ਗੌਰਵ ਦਾ ਪ੍ਰਤੀਕ ਹੋ ਸਕਦਾ ਹੈ, ਇਹ ਬੇਹੱਦ ਮਸ਼ਕੂਕ ਹੈ। ਧਰਮ ਦਾ ਸਭ ਤੋਂ ਅਹਿਮ ਪਹਿਲੂ ਉਸ ਦੀਆਂ ਇਖਲਾਕੀ ਕਦਰਾਂ-ਕੀਮਤਾਂ ਹੁੰਦੀਆਂ ਹਨ, ਜਿਵੇਂ ਕਿ ਮਹਾਤਮਾ ਗਾਂਧੀ ਨੇ ਦੱਸਿਆ ਸੀ। ਜਿੱਥੋਂ ਤੱਕ ਮਹਿਮੂਦ ਗਜ਼ਨੀ ਦਾ ਸਵਾਲ ਹੈ, ਉਸ ਨੇ ਨਿਰਸੰਦੇਹ ਇਸ ਮੰਦਰ ਨੂੰ ਲੁੱਟਿਆ ਸੀ। ਉਸ ਦੇ ਦਰਬਾਰੀ ਇਤਿਹਾਸਕਾਰਾਂ ਮੁਤਾਬਕ ਉਸ ਨੇ ਅਜਿਹਾ ਇਸ ਲਈ ਕੀਤਾ ਸੀ, ਕਿਉਂਕਿ ਇਸਲਾਮ ਵਿੱਚ ਮੂਰਤੀ ਪੂਜਾ ਦੀ ਇਜਾਜ਼ਤ ਨਹੀਂ ਹੈ। ਗਜ਼ਨੀ ਦੇ ਸੋਮਨਾਥ ਉੱਤੇ ਹਮਲੇ ਦੇ ਕਈ ਕਾਰਨ ਹੋ ਸਕਦੇ ਹਨ, ਪਰ ਸਭ ਤੋਂ ਵੱਡਾ ਕਾਰਨ ਧਨ-ਦੌਲਤ ਲੁੱਟਣਾ ਸੀ, ਕਿਉਂਕਿ ਸੋਮਨਾਥ ਮੰਦਰ ਭਾਰਤ ਦੇ ਸਭ ਤੋਂ ਅਮੀਰ ਮੰਦਰਾਂ ਵਿੱਚੋਂ ਇੱਕ ਸੀ। ਨਾਮਵਰ ਇਤਿਹਾਸਕਾਰ ਰੋਮਿਲਾ ਥਾਪਰ ਮੁਤਾਬਕ ਉੱਥੇ ਸੋਨੇ ਦੀਆਂ 20 ਹਜ਼ਾਰ ਦੀਨਾਰਾਂ ਦੇ ਬਰਾਬਰ ਸੰਪਤੀ ਸੀ। ਕਿਸੇ ਵੀ ਭਰੋਸੇਯੋਗ ਸਰੋਤ ਤੋਂ ਇਹ ਜਾਣਕਾਰੀ ਨਹੀਂ ਮਿਲਦੀ ਕਿ ਗਜ਼ਨੀ ਨੇ 17 ਵਾਰ ਇਸ ਮੰਦਰ ਨੂੰ ਲੁੱਟਿਆ ਸੀ। ਇਹ ਇੱਕ ਪ੍ਰਚਲਤ ਮਿੱਥ ਹੈ। ਤਾਰੀਖ-ਏ-ਬਾਇਕੀ ਮੁਤਾਬਕ ਗਜ਼ਨੀ ਦੀ ਫੌਜ ਵਿੱਚ ਤਿਲਕ, ਸੋਂਧੀ, ਹਰਜਾਨ ਤੇ ਹਿੰਦ ਵਰਗੇ ਕਈ ਹਿੰਦੂ ਸੈਨਾਪਤੀ ਸਨ। ਗਜ਼ਨੀ ਦੇ ਜਾਨਸ਼ੀਨ ਮਸੂਦ ਨੇ ਮੱਧ ਏਸ਼ੀਆ ਦੀ ਇੱਕ ਮਸਜਿਦ ਨੂੰ ਲੁੱਟਣ ਲਈ ਸੈਨਾਪਤੀ ਤਿਲਕ ਦੀ ਅਗਵਾਈ ਵਿੱਚ ਫੌਜ ਭੇਜੀ ਸੀ। ਗਜ਼ਨੀ ਨੇ ਸੋਮਨਾਥ ਤੋਂ ਜਾਂਦੇ ਸਮੇਂ ਇੱਕ ਸਥਾਨਕ ਹਿੰਦੂ ਰਾਜਾ ਨੂੰ ਉੱਥੋਂ ਦਾ ਰਾਜਕਾਜ ਸੌਂਪਿਆ। ਉਸ ਨੇ ਸਿੱਕੇ ਵੀ ਜਾਰੀ ਕੀਤੇ, ਜਿਨ੍ਹਾਂ ‘ਤੇ ਸੰਸਕ੍ਰਿਤ ਵਿੱਚ ਕੁਝ ਸ਼ਬਦ ਉੱਕਰੇ ਸਨ। ਏਨਾ ਹੀ ਨਹੀਂ, ਥਾਨੇਸ਼ਵਰ ਦੇ ਰਾਜਾ ਆਨੰਦਪਾਲ ਨੇ ਗਜ਼ਨੀ ਦੀ ਮਦਦ ਲਈ ਹਾਥੀ ਤੇ ਫੌਜੀ ਆਦਿ ਭੇਜੇ। ਪ੍ਰਾਚੀਨ ਤੇ ਮੱਧਕਾਲੀਨ ਭਾਰਤ ਵਿੱਚ ਮੰਦਰਾਂ ਨੂੰ ਤਬਾਹ ਕਰਨ ਦੇ ਪਿੱਛੇ ਆਮ ਤੌਰ ‘ਤੇ ਧਾਰਮਿਕ ਕਾਰਨ ਨਹੀਂ ਹੁੰਦੇ ਸਨ। ਮੁਗਲ-ਪੂਰਵ ਭਾਰਤ ਵਿੱਚ ਮੰਦਰਾਂ ਨੂੰ ਤਬਾਹ ਕੀਤੇ ਜਾਣ ‘ਤੇ ਆਪਣੀ ਖੋਜ ਵਿੱਚ ਰਿਚਰਡ ਈਟਨ ਨੇ ਲਿਖਿਆ ਕਿ ਹਿੰਦੂ ਰਾਜਿਆਂ ਵਿਚਾਲੇ ਜੰਗ ਜਿੱਤਣ ਵਾਲਾ ਰਾਜਾ ਹਾਰਨ ਵਾਲੇ ਰਾਜਾ ਦੇ ਕੁਲਦੇਵਤਾ ਦੀ ਮੂਰਤੀ ਤੋੜ ਕੇ ਉਸ ਦੀ ਥਾਂ ਆਪਣੇ ਕੁਲਦੇਵਤਾ ਦੀ ਮੂਰਤੀ ਸਥਾਪਤ ਕਰਦਾ ਸੀ। ਮੁਲਤਾਨ ਦੇ ਅਬਦੁਲ ਫਤਹਿ ਦਾਊਦ ਤੇ ਖਿਲਜੀ ਵਿਚਾਲੇ ਜੰਗ ਵਿੱਚ ਇੱਕ ਮਸਜਿਦ ਤਬਾਹ ਕਰ ਦਿੱਤੀ ਗਈ ਸੀ। ਰਾਜਿਆਂ ਨੂੰ ਉਨ੍ਹਾਂ ਦੇ ਧਰਮ ਦੇ ਚਸ਼ਮੇ ਨਾਲ ਦੇਖਣਾ ਅੰਗਰੇਜ਼ਾਂ ਦੇ ਭਾਰਤ ਆਉਣ ਦੇ ਬਾਅਦ ਸ਼ੁਰੂ ਹੋਇਆ, ਜਦੋਂ ਉਨ੍ਹਾਂ ਆਪਣੀ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ਤਹਿਤ ਭਾਰਤ ਦੇ ਇਤਿਹਾਸ ਦਾ ਫਿਰਕੂ ਲੇਖਨ ਸ਼ੁਰੂ ਕਰਵਾਇਆ। ਮੋਦੀ ਦੀ ਸਿਆਸਤ ਸੋਮਨਾਥ ਦੇ ਬਹਾਨੇ ਇੱਕ ਨਵਾਂ ਵੰਡਪਾਊ ਮੋਰਚਾ ਖੋਲ੍ਹ ਰਹੀ ਹੈ, ਜਿਸ ਵਿੱਚ ਨਹਿਰੂ ਨੂੰ ਵੀ ਜੋੜਨ ਦਾ ਯਤਨ ਕੀਤਾ ਜਾ ਰਿਹਾ ਹੈ। ਮੋਦੀ ਦੱਸ ਰਹੇ ਹਨ ਕਿ ਨਹਿਰੂ ਸੋਮਨਾਥ ਮੰਦਰ ਦੇ ਪੁਨਰਨਿਰਮਾਣ ਦੇ ਖਿਲਾਫ ਸਨ। ਇਹ ਝੂਠ ਹੈ। ਇਹ ਮਸਲਾ ਜਦ ਪਹਿਲੀ ਵਾਰ ਉੱਠਿਆ ਸੀ, ਉਦੋਂ ਗਾਂਧੀ ਜਿਊਂਦੇ ਸਨ। ਉਨ੍ਹਾ ਸਾਫ-ਸਾਫ ਰਾਇ ਦਿੱਤੀ ਸੀ ਕਿ ਮੰਦਰ ਨਿਰਮਾਣ ਲਈ ਸਰਕਾਰੀ ਧਨ ਦੀ ਵਰਤੋਂ ਕਤਈ ਨਹੀਂ ਹੋਣੀ ਚਾਹੀਦੀ। ਰਾਮ ਮੰਦਰ ਦੇ ਨਿਰਮਾਣ ਦੇ ਮਸਲੇ ‘ਤੇ ਵਿਚਾਰ ਕਰਦਿਆਂ ਕੁਝ ਸਾਲ ਪਹਿਲਾਂ ਠੀਕ ਇਹੀ ਸੁਪਰੀਮ ਕੋਰਟ ਨੇ ਕਿਹਾ ਸੀ। ਗਾਂਧੀ, ਨਹਿਰੂ ਤੇ ਪਟੇਲ ਇਸ ਸੰਬੰਧ ਵਿੱਚ ਇੱਕ ਰਾਇ ਸਨ। ਗਾਂਧੀ ਨੇ ਸਰਦਾਰ ਪਟੇਲ ਤੋਂ ਪੁੱਛਿਆ ਸੀ ਕਿ ਕੀ ਸੋਮਨਾਥ ਮੰਦਰ ਦੇ ਪੁਨਰਨਿਰਮਾਣ ਲਈ ਸਰਕਾਰ ਵੱਲੋਂ ਕੋਈ ਰਕਮ ਦਿੱਤੀ ਜਾ ਰਹੀ ਹੈ ਤਾਂ ਪਟੇਲ ਨੇ ਕਿਹਾ ਸੀ ਕਿ ਜਦੋਂ ਤੱਕ ਉਹ ਜ਼ਿੰਦਾ ਹਨ, ਉਦੋਂ ਤੱਕ ਅਜਿਹਾ ਕੁਝ ਨਹੀਂ ਹੋਵੇਗਾ ਤੇ ਲੋਕਾਂ ਤੋਂ ਚੰਦਾ ਇਕੱਠਾ ਕੀਤਾ ਜਾਵੇਗਾ। ਫਿਰ ਇੱਕ ਟਰੱਸਟ ਕਾਇਮ ਕੀਤਾ ਗਿਆ, ਜਿਸ ਦੇ ਪ੍ਰਧਾਨ ਪਟੇਲ ਬਣੇ। ਕੇ ਐੱਮ ਮੁਨਸ਼ੀ ਤੇ ਗਾਡਗਿਲ ਉਸ ਦੇ ਟਰੱਸਟੀ ਬਣਾਏ ਗਏ। ਇਸੇ ਟਰੱਸਟ ਨੇ ਮੰਦਰ ਦਾ ਪੁਨਰਨਿਰਮਾਣ ਕਰਵਾਇਆ।
ਇਤਿਹਾਸ ਸਮਾਜ ਨੂੰ ਵੰਡਣ ਤੇ ਅਤੀਤ ਦੀਆਂ ਬੇਇਨਸਾਫੀਆਂ ਨੂੰ ਚਿਰਸਥਾਈ ਬਣਾਉਣ ਦਾ ਔਜ਼ਾਰ ਨਹੀਂ ਹੈ। ਇਤਿਹਾਸ ਦੱਸਦਾ ਹੈ ਕਿ ਅਤੀਤ ਵਿੱਚ ਕੀ ਗਲਤ ਹੋਇਆ, ਜਿਹੜਾ ਦੁਬਾਰਾ ਨਹੀਂ ਹੋਣਾ ਚਾਹੀਦਾ। ਅਸੀਂ ਇੱਕ ਨਿਆਂਪੂਰਨ ਸਮਾਜ ਦੀ ਸਥਾਪਨਾ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੈ, ਜਿੱਥੇ ਸਾਰੇ ਆਨ-ਬਾਨ ਨਾਲ ਰਹਿ ਸਕਣ, ਇੱਕ ਅਜਿਹਾ ਸਮਾਜ, ਜਿਸ ਵਿੱਚ ਸਾਰਿਆਂ ਨੂੰ ਨਾਗਰਿਕ ਦੇ ਰੂਪ ਵਿੱਚ ਬਰਾਬਰ ਹੱਕ ਹਾਸਲ ਹੋਣ। ਮੋਦੀ ਜਿਹੜਾ ਇਤਿਹਾਸ ਪੜ੍ਹਾ ਰਹੇ ਹਨ, ਉਹ ਲੋਕਾਂ ਨੂੰ ਵੰਡਣ ਵਾਲਾ ਹੈ।