ਕਸ਼ਮੀਰ ‘ਚ ਵਧਦੀ ਠੰਢ ਦਰਮਿਆਨ ਮੀਂਹ ਦੀ ਪੇਸ਼ੀਨਗੋਈ

0
31

ਸ੍ਰੀਨਗਰ : ਕਸ਼ਮੀਰ ਵਿੱਚ ਵਧ ਰਹੀ ਠੰਢ ਦਰਮਿਆਨ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਵਿੱਚ ਖਾਸ ਕਰਕੇ ਵਾਦੀ ਦੇ ਉੱਚੇ ਇਲਾਕਿਆਂ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ, ਜਦੋਂ ਕਿ ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਸੋਨਮਰਗ ਵਿੱਚ, ਜਿੱਥੇ ਸ਼ੁੱਕਰਵਾਰ ਨੂੰ ਦਰਮਿਆਨੀ ਬਰਫ਼ਬਾਰੀ ਹੋਈ, ਦਾ ਘੱਟੋ-ਘੱਟ ਤਾਪਮਾਨ ਮਨਫ਼ੀ 8.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿੱਚ ਮਨਫ਼ੀ 6.7 ਡਿਗਰੀ ਦਰਜ ਕੀਤਾ ਗਿਆ, ਜਦੋਂ ਕਿ ਪਹਿਲਗਾਮ ਵਿੱਚ ਮਨਫ਼ੀ 6 ਡਿਗਰੀ ਸੈਲਸੀਅਸ ਰਿਹਾ। ਉੱਤਰੀ ਕਸ਼ਮੀਰ ਦੇ ਗੁਲਮਰਗ ਟੂਰਿਸਟ ਰਿਜ਼ਾਰਟ ਵਿੱਚ ਮਨਫ਼ੀ 5.6 ਡਿਗਰੀ ਦਰਜ ਕੀਤਾ ਗਿਆ। ਵਾਦੀ ਦੇ ਦਾਖਲਾ ਦੁਆਰ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 4.8 ਡਿਗਰੀ ਦਰਜ ਕੀਤਾ ਗਿਆ।
ਕਸ਼ਮੀਰ ਵਾਦੀ ਇਸ ਵੇਲੇ ‘ਚਿੱਲਾ-ਏ-ਕਲਾਂ’ ਦੇ ਵਿਚਕਾਰ ਹੈ, ਜੋ ਕਿ 40 ਦਿਨਾਂ ਦਾ ਸਭ ਤੋਂ ਸਖ਼ਤ ਸਰਦੀਆਂ ਦਾ ਸਮਾਂ ਹੈ, ਜਿਸ ਦੌਰਾਨ ਰਾਤ ਦਾ ਤਾਪਮਾਨ ਅਕਸਰ ਜਮਾਊ ਦਰਜੇ ਤੋਂ ਕਈ ਡਿਗਰੀ ਹੇਠਾਂ ਚਲਾ ਜਾਂਦਾ ਹੈ ਅਤੇ ਬਰਫ਼ਬਾਰੀ ਦੀ ਸੰਭਾਵਨਾ ਸਭ ਤੋਂ ਵੱਧ ਹੁੰਦੀ ਹੈ। ‘ਚਿੱਲਾ-ਏ-ਕਲਾਂ’, ਜੋ ਕਿ 21 ਦਸੰਬਰ ਨੂੰ ਸ਼ੁਰੂ ਹੋਇਆ ਸੀ, 30 ਜਨਵਰੀ ਨੂੰ ਖਤਮ ਹੋਵੇਗਾ, ਉਸ ਤੋਂ ਬਾਅਦ ‘ਚਿੱਲਾ-ਏ-ਖੁਰਦ’ ਅਤੇ ‘ਚਿੱਲਾ-ਏ-ਬੱਚਾ’ ਹੋਵੇਗਾ।
ਮੌਸਮ ਵਿਭਾਗ ਨੇ ਕਿਹਾ ਕਿ 25 ਜਨਵਰੀ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਚੇਨਾਬ ਵਾਦੀ ਦੇ ਕੁਝ ਜ਼ਿਲ੍ਹਿਆਂ, ਪੀਰ-ਪੰਜਾਲ ਰੇਂਜ ਅਤੇ ਦੱਖਣੀ ਕਸ਼ਮੀਰ ਦੇ ਜ਼ਿਲ੍ਹਿਆਂ ਵਿੱਚ 23 ਤੋਂ 24 ਜਨਵਰੀ ਤੱਕ ਭਾਰੀ ਬਾਰਿਸ਼ ਜਾਂ ਬਰਫ਼ਬਾਰੀ ਹੋ ਸਕਦੀ ਹੈ।